ਨਵੀਂ ਦਿੱਲੀ- ਚੋਣ ਕਮਿਸ਼ਨਰ ਅਸ਼ੋਕ ਲਵਾਸਾ ਨੇ ਮੰਗਲਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਉਹ ਜਲਦ ਹੀ ਏਸ਼ੀਆਈ ਵਿਕਾਸ ਬੈਂਕ (ਏ.ਡੀ.ਬੀ.) ਦੇ ਉੱਪ ਪ੍ਰਧਾਨ ਦੇ ਰੂਪ 'ਚ ਜ਼ਿੰਮੇਵਾਰੀ ਸੰਭਾਲਣਗੇ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਲਵਾਸਾ ਨੇ ਰਾਸ਼ਟਰਪਤੀ ਭਵਨ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ ਅਤੇ 31 ਅਗਸਤ ਨੂੰ ਉਨ੍ਹਾਂ ਨੂੰ ਕਾਰਜ ਮੁਕਤ ਕਰਨ ਦੀ ਅਪੀਲ ਕੀਤੀ ਹੈ। ਉੱਥੇ ਹੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਚੋਣ ਕਮਿਸ਼ਨਰ ਦੇ ਅਹੁਦੇ ਤੋਂ ਅਸ਼ੋਕ ਲਵਾਸਾ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ। ਕਾਨੂੰਨ ਅਤੇ ਨਿਆਂ ਮੰਤਰਾਲੇ ਦੀ ਬੁੱਧਵਾਰ ਨੂੰ ਜਾਰੀ ਨੋਟੀਫਿਕੇਸ਼ਨ 'ਚ ਇਹ ਜਾਣਕਾਰੀ ਮਿਲੀ। ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ,''ਰਾਸ਼ਟਰਪਤੀ ਨੇ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ, ਜੋ 31 ਅਗਸਤ 2020 ਤੋਂ ਪ੍ਰਭਾਵੀ ਹੋਵੇਗਾ।'' ਉਨ੍ਹਾਂ ਨੇ ਦੱਸਿਆ ਕਿ ਉਹ ਸਤੰਬਰ 'ਚ ਫਿਲੀਪੀਨ ਸਥਿਤ ਏ.ਡੀ.ਬੀ. 'ਚ ਅਹੁਦਾ ਸੰਭਾਲਣਗੇ। ਬਹੁ-ਪੱਖੀ ਏਜੰਸੀ ਏ.ਡੀ.ਬੀ. ਨੇ ਪਿਛਲੇ ਮਹੀਨੇ ਇਕ ਬਿਆਨ 'ਚ ਕਿਹਾ ਸੀ,''ਏ.ਡੀ.ਬੀ. ਨੇ ਅਸ਼ੋਕ ਲਵਾਸਾ ਨੂੰ ਨਿੱਜੀ ਖੇਤਰ ਦੇ ਸੰਚਾਲਨ ਅਤੇ ਜਨਤਕ-ਨਿੱਜੀ ਹਿੱਸੇਦਾਰੀ ਲਈ ਉੱਪ ਪ੍ਰਧਾਨ ਨਿਯੁਕਤ ਕੀਤਾ ਹੈ।''
ਲਵਾਸਾ ਨੇ ਅਕਤੂਬਰ 2022 'ਚ ਰਿਟਾਇਰ ਹੋਣਾ ਸੀ ਅਤੇ ਉਹ ਅਜਿਹੇ ਦੂਜੇ ਚੋਣ ਕਮਿਸ਼ਨਰ ਹਨ, ਜਿਨ੍ਹਾਂ ਨੇ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਅਸਤੀਫ਼ਾ ਦੇ ਦਿੱਤਾ। ਇਨ੍ਹਾਂ ਤੋਂ ਪਹਿਲਾਂ 1973 'ਚ ਸੀ.ਆਈ.ਸੀ. ਨਾਗੇਂਦਰ ਸਿੰਘ ਨੇ ਹੇਗ 'ਚ ਕੌਮਾਂਤਰੀ ਕੋਰਟ 'ਚ ਜੱਜ ਨਿਯੁਕਤ ਹੋਣ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਦਾ ਅਸਤੀਫ਼ਾ ਅਜਿਹੇ ਸਮੇਂ ਸਾਹਮਣੇ ਆਇਆ ਹੈ, ਜਦੋਂ ਚੋਣ ਕਮਿਸ਼ਨ ਕੋਰੋਨਾ ਵਾਇਰਸ ਮਹਾਮਾਰੀ ਦਰਮਿਆਨ ਬਿਹਾਰ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਰਿਹਾ ਹੈ। ਇਕ ਨੌਕਰਸ਼ਾਹ ਲਵਾਸਾ 23 ਜਨਵਰੀ, 2018 ਨੂੰ ਚੋਣ ਕਮਿਸ਼ਨਰ ਬਣੇ ਸਨ ਅਤੇ ਉਹ ਮੁੱਖ ਚੋਣ ਕਮਿਸ਼ਨਰ ਬਣਨ ਦੀ ਲਾਈਨ 'ਚ ਵੀ ਸਨ।
ਰਾਹੁਲ ਦਾ ਮੋਦੀ ਸਰਕਾਰ ’ਤੇ ਤੰਜ- ‘4 ਮਹੀਨਿਆਂ ਦੌਰਾਨ 2 ਕਰੋੜ ਪਰਿਵਾਰਾਂ ਦਾ ਭਵਿੱਖ ਹਨ੍ਹੇਰੇ 'ਚ’
NEXT STORY