Fack Check By: BOOM
ਨਵੀਂ ਦਿੱਲੀ- ਪ੍ਰਯਾਗਰਾਜ ਮਹਾਕੁੰਭ 2025 'ਚ ਫਾਇਰ ਸਰਵਿਸ ਵਿਭਾਗ ਵਲੋਂ ਕੀਤੀ ਗਈ ਮੌਕ ਡਰਿੱਲ ਦਾ ਇਕ ਵੀਡੀਓ ਅੱਗ ਲੱਗਣ ਦੀ ਅਸਲ ਘਟਨਾ ਦੇ ਦਾਅਵੇ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੈ। ਯੂਜ਼ਰਸ ਇਸ ਵੀਡੀਓ ਨਾਲ ਦਾਅਵਾ ਕਰ ਰਹੇ ਹਨ ਕਿ ਮਹਾਕੁੰਭ ਮੇਲਾ ਖੇਤਰ ਵਿਚ ਹਸਪਤਾਲ 'ਚ ਅੱਗ ਲੱਗ ਗਈ ਹੈ, ਜਿਸ ਵਿਚ 8 ਲੋਕਾਂ ਦੀ ਮੌਤ ਹੋ ਗਈ।
'BOOM' ਨੇ ਵੇਖਿਆ ਕਿ ਮਹਾਕੁੰਭ ਮੇਲਾ ਖੇਤਰ 'ਚ ਹਸਪਤਾਲ 'ਚ ਅੱਗ ਲੱਗਣ ਅਤੇ 8 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਪੂਰੀ ਤਰ੍ਹਾਂ ਗਲਤ ਹੈ। ਉੱਤਰ ਪ੍ਰਦੇਸ਼ ਫਾਇਰ ਸਰਵਿਸ ਵਿਭਾਗ ਨੇ 27 ਦਸੰਬਰ 2024 ਨੂੰ ਪ੍ਰਯਾਗਰਾਜ ਮਹਾਕੁੰਭ ਮੇਲਾ ਖੇਤਰ ਵਿਚ ਬਣੇ ਇਕ ਅਸਥਾਈ ਹਸਪਤਾਲ 'ਚ ਇਕ ਮੌਕ ਡਰਿੱਲ ਕੀਤੀ ਸੀ। ਇਹ ਵੀਡੀਓ ਉਸੇ ਮੌਕ ਡਰਿੱਲ ਦੌਰਾਨ ਦਾ ਹੈ।
'ਐਕਸ' 'ਤੇ ਇਕ ਯੂਜ਼ਰ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, ''ਮਹਾਕੁੰਭ ਮੇਲਾ ਖੇਤਰ ਹਸਪਤਾਲ 'ਚ ਲੱਗੀ ਅੱਗ ਨਾਲ 8 ਲੋਕ ਜ਼ਖ਼ਮੀ।''
ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ 'ਤੇ ਵੀ ਇਸ ਤਰ੍ਹਾਂ ਦੇ ਦਾਅਵੇ ਨਾਲ ਇਹ ਵੀਡੀਓ ਵਾਇਰਲ ਹੈ।
ਫੈਕਟ ਚੈਕ
'BOOM' ਦੇ ਦਾਅਵੇ ਦੀ ਪੜਤਾਲ ਕੀਤੀ ਤਾਂ ਵੇਖਿਆ ਕਿ ਇਹ ਵੀਡੀਓ ਉੱਤਰ ਪ੍ਰਦੇਸ਼ ਫਾਇਰ ਸਰਵਿਸ ਵਲੋਂ ਮੇਲਾ ਗਰਾਊਂਡ ਵਿਚ ਕੀਤੀ ਗਈ ਇਕ ਮੌਕ ਡਰਿੱਲ ਦਾ ਸੀ। ਇਸ ਵੀਡੀਓ ਨੂੰ ਨਾਜ਼ਨੀਨ ਅਖ਼ਤਰ ਨਾਂ ਦੇ ਇਕ ਐਕਸ ਯੂਜ਼ਰ ਨੇ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਸੀ। ਹਾਲਾਂਕਿ ਬਾਅਦ ਵਿਚ ਇਸ ਯੂਜ਼ਰ ਨੇ ਵੀਡੀਓ ਡਿਲੀਟ ਕਰ ਦਿੱਤੀ ਸੀ।
ਉੱਤਰ ਪ੍ਰਦੇਸ਼ ਦੀ ਮਹਾਕੁੰਭ ਮੇਲਾ ਪੁਲਸ ਨੇ ਆਪਣੇ ਅਧਿਕਾਰਤ ਐਕਸ ਅਕਾਊਂਟ ਤੋਂ ਇਸ ਵੀਡੀਓ ਦੇ ਰਿਪਲਾਈ ਵਿਚ ਦੱਸਿਆ ਕਿ ਇਹ ਮੌਕ ਡਰਿੱਲ ਦਾ ਵੀਡੀਓ ਹੈ।
ਉੱਤਰ ਪ੍ਰਦੇਸ਼ ਪੁਲਸ ਦੀ ਫੈਕਟ ਚੈਕ ਵਿੰਗ ਨੇ ਵੀ ਮੌਕ ਡਰਿੱਲ ਦੇ ਵੀਡੀਓ ਨੂੰ ਅਸਲ ਦੱਸ ਕੇ ਅਫ਼ਵਾਹ ਫੈਲਾਉਣ 'ਤੇ FIR ਦਰਜ ਕਰ ਕੇ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਆਖੀ।
ਉੱਤਰ ਪ੍ਰਦੇਸ਼ ਦੇ ਫਾਇਰ ਐਂਡ ਐਮਰਜੈਂਸੀ ਸਰਵਿਸ ਦੇ ਅਧਿਕਾਰਤ ਐਕਸ ਹੈਂਡਲ ਤੋਂ ਦੱਸਿਆ ਗਿਆ ਕਿ ਇਹ 27 ਦਸੰਬਰ 2024 ਨੂੰ ਕੀਤੀ ਗਈ ਇਕ ਮੌਕ ਡਰਿੱਲ ਦਾ ਵੀਡੀਓ ਹੈ। ਹੈਂਡਲ 'ਤੇ 27 ਦਸੰਬਰ 2024 ਨੂੰ ਇਕ ਪੋਸਟ ਕਰ ਕੇ ਇਹ ਵੀ ਦੱਸਿਆ ਗਿਆ ਸੀ ਕਿ ਪੁਲਸ ਲਾਈਨ ਮਹਾਕੁੰਭ ਮੇਲਾ, ਪ੍ਰਯਾਗਰਾਜ ਦੇ ਵਿਹੜੇ, ਕੇਂਦਰੀ ਮੈਡੀਕਲ ਪਰੇਡ, ਸੰਗਮ ਨੋਜ਼, ਨਾਗਵਾਸੁਕੀ ਖੇਤਰ, ਰੇਲਵੇ ਸਟੇਸ਼ਨ ਪ੍ਰਯਾਗਰਾਜ/ਫਾਫਾਮਊ ਵਿਚ ਮੌਕ ਡਰਿੱਲ ਆਯੋਜਿਤ ਕਰਵਾਈ ਗਈ ਸੀ।
'ਦੈਨਿਕ ਭਾਸਕਰ' ਵਿਚ 27 ਦਸੰਬਰ 2024 ਨੂੰ ਇਸ ਮੌਕ ਡਰਿੱਲ ਦੀ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ। ਰਿਪੋਰਟ ਮੁਤਾਬਕ ਮਹਾਕੁੰਭ ਮੇਲਾ ਖੇਤਰ ਵਿਚ ਬਣੇ 100 ਬੈੱਡ ਦੇ ਅਸਥਾਈ ਕੇਂਦਰੀ ਹਸਪਤਾਲ ਵਿਚ ਇਹ ਮੌਕ ਡਰਿੱਲ ਆਯੋਜਿਤ ਕੀਤੀ ਗਈ ਸੀ। ਇਸ ਤੋਂ ਇਲਾਵਾ ਸਾਨੂੰ ਪ੍ਰਯਾਗਰਾਜ ਮਹਾਕੁੰਭ ਮੇਲਾ ਖੇਤਰ ਵਿਚ ਅੱਗ ਲੱਗਣ ਅਤੇ ਕਿਸੇ ਦੀ ਮੌਤ ਹੋਣ ਦੀ ਅਜਿਹੀ ਕੋਈ ਭਰੋਸੇਯੋਗ ਖ਼ਬਰ ਨਹੀਂ ਮਿਲੀ।
(Disclaimer: ਇਹ ਤੱਥਾਂ ਦੀ ਜਾਂਚ ਅਸਲ ਵਿਚ BOOM ਨਿਊਜ਼ ਵਲੋਂ ਕੀਤੀ ਗਈ ਸੀ ਅਤੇ Shakti collective ਦੀ ਮਦਦ ਨਾਲ ਜੱਗਬਾਈ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਹੈ।)
HDFC, ICICI, SBI ਨੇ ਦੁਨੀਆ ਦੇ ਸਭ ਤੋਂ ਵੱਡੇ ਬੈਂਕਾਂ ਦੀ ਸੂਚੀ 'ਚ ਬਣਾਈ ਥਾਂ, ਜਾਣੋ ਕਿਹੜਾ ਬੈਂਕ ਹੈ ਨੰਬਰ 1
NEXT STORY