Fact Check By Boom
ਨਵੀਂ ਦਿੱਲੀ- 28 ਜਨਵਰੀ ਦੇਰ ਰਾਤ ਪ੍ਰਯਾਗਰਾਜ ਮਹਾਕੁੰਭ 2025 ਵਿੱਚ ਹੋਈ ਭਗਦੜ ਹਾਦਸੇ ਤੋਂ ਬਾਅਦ ਕੁਝ ਨੌਜਵਾਨਾਂ ਦੀ ਨਾਅਰੇਬਾਜ਼ੀ ਕਰਦੇ ਹੋਏ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵਿੱਚ ਕੁਝ ਨੌਜਵਾਨ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਹਨ। ਇਸ ਵੀਡੀਓ ਨਾਲ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਇਸ ਨਾਅਰੇਬਾਜ਼ੀ ਕਾਰਨ ਮਹਾਕੁੰਭ ਮੇਲੇ ਵਿੱਚ ਭਗਦੜ ਮਚ ਗਈ।
ਬੂਮ ਨੂੰ ਪਤਾ ਲੱਗਾ ਕਿ ਇਹ ਦਾਅਵਾ ਝੂਠਾ ਹੈ। ਨੌਜਵਾਨਾਂ ਦੇ ਨਾਅਰੇਬਾਜ਼ੀ ਦਾ ਇਹ ਵਾਇਰਲ ਵੀਡੀਓ 27 ਜਨਵਰੀ, 2025 ਨੂੰ ਸਵੇਰੇ 5:30 ਵਜੇ ਦਾ ਹੈ। ਜਦੋਂ ਕਿ ਮੀਡੀਆ ਰਿਪੋਰਟਾਂ ਅਨੁਸਾਰ, ਮਹਾਕੁੰਭ ਵਿੱਚ ਭਗਦੜ ਦੀ ਘਟਨਾ 28 ਜਨਵਰੀ ਦੀ ਰਾਤ ਨੂੰ ਲਗਭਗ 1.30 ਵਜੇ ਵਾਪਰੀ।
ਇੱਕ ਯੂਜ਼ਰ ਨੇ ਇਸ ਵੀਡੀਓ ਨੂੰ ਐਕਸ 'ਤੇ ਸ਼ੇਅਰ ਕੀਤਾ ਅਤੇ ਲਿਖਿਆ, 'ਇਹ ਅਜਿਹੇ ਸਮਾਜ ਵਿਰੋਧੀ ਤੱਤਾਂ ਕਾਰਨ ਹੀ ਹੈ ਕਿ ਕੁੰਭ ਵਿੱਚ ਭਗਦੜ ਮਚੀ, ਤੁਸੀਂ ਇਸ ਵੀਡੀਓ ਵਿੱਚ ਖੁਦ ਦੇਖ ਸਕਦੇ ਹੋ।'
ऐसे असामाजिक तत्वों के कारण ही कुंभ में भगदड़ का माहौल बना विडियो में स्वयं देख सकते है।। pic.twitter.com/PNJFzMaPBF
— Rajat Tiwari (@rktt0R) January 30, 2025
(ਆਰਕਾਈਵ ਲਿੰਕ)
ਇਹ ਵੀਡੀਓ ਫੇਸਬੁੱਕ 'ਤੇ ਇਸੇ ਦਾਅਵੇ ਨਾਲ ਵਾਇਰਲ ਹੋ ਰਹੀ ਹੈ।
ਫੈਕਟ ਚੈੱਕ
ਬੂਮ ਨੇ ਦਾਅਵੇ ਦੀ ਜਾਂਚ ਕੀਤੀ ਅਤੇ ਪਾਇਆ ਕਿ ਸੋਸ਼ਲ ਮੀਡੀਆ 'ਤੇ ਕਈ ਯੂਜ਼ਰਜ਼ ਨੇ ਵਾਇਰਲ ਵੀਡੀਓ ਦੇ ਕੁਮੈਂਟ ਸੈਕਸ਼ਨ ਵਿੱਚ ਵੀਡੀਓ ਬਣਾਉਣ ਵਾਲੇ ਦੋ ਯੂਜ਼ਰਜ਼, ਵੀਰੇਂਦਰ ਯਾਦਵ ਅਤੇ ਪ੍ਰਦੀਪ ਯਾਦਵ ਦੇ ਸੋਸ਼ਲ ਮੀਡੀਆ ਅਕਾਊਂਟਸ ਦੇ ਸਕ੍ਰੀਨਸ਼ਾਟ ਸਾਂਝੇ ਕੀਤੇ ਸਨ।
ਹੇਠਾਂ ਦੋਵੇਂ ਸਕ੍ਰੀਨਸ਼ਾਟ (ਪਹਿਲਾ ਅਤੇ ਦੂਜਾ) ਵੇਖੋ।
ਅਸੀਂ ਵੀਰੇਂਦਰ ਯਾਦਵ (ਫੇਸਬੁੱਕ ਅਤੇ ਇੰਸਟਾਗ੍ਰਾਮ) ਅਤੇ ਪ੍ਰਦੀਪ ਯਾਦਵ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟਸ ਦੀ ਜਾਂਚ ਕੀਤੀ ਅਤੇ ਪਾਇਆ ਕਿ ਵੀਡੀਓ ਨੂੰ ਡਿਲੀਟ ਕਰ ਦਿੱਤਾ ਗਿਆ ਸੀ। ਹਾਲਾਂਕਿ ਜਦੋਂ ਅਸੀਂ ਗੂਗਲ ਲੈਂਸ ਦੀ ਵਰਤੋਂ ਕਰਕੇ ਸਰਚ ਕੀਤਾ ਤਾਂ ਸਾਨੂੰ ਵੀਰੇਂਦਰ ਯਾਦਵ ਦੇ ਇੰਸਟਾਗ੍ਰਾਮ ਅਕਾਊਂਟ (virendrayadav7855) 'ਤੇ ਵੀਡੀਓ ਮਿਲ ਗਈ, ਪਰ ਵੀਡੀਓ ਡਿਲੀਟ ਹੋਣ ਕਾਰਨ ਇਸ ਨੂੰ ਵੱਖਰੇ ਤੌਰ 'ਤੇ ਨਹੀਂ ਖੋਲ੍ਹਿਆ ਜਾ ਸਕਿਆ।
ਇਸ ਤੋਂ ਬਾਅਦ ਬੂਮ ਨੇ ਪ੍ਰਦੀਪ ਯਾਦਵ ਨਾਲ ਸੰਪਰਕ ਕੀਤਾ। ਪ੍ਰਦੀਪ ਨੇ ਸਾਨੂੰ ਦੱਸਿਆ ਕਿ ਉਹ ਰਾਏਬਰੇਲੀ ਦਾ ਰਹਿਣ ਵਾਲਾ ਹੈ ਅਤੇ ਉਹ 26 ਜਨਵਰੀ 2025 ਨੂੰ ਆਪਣੇ ਕੁਝ ਦੋਸਤਾਂ ਨਾਲ ਪ੍ਰਯਾਗਰਾਜ ਮਹਾਕੁੰਭ ਮੇਲੇ ਵਿੱਚ ਗਿਆ ਸੀ, ਜਦੋਂ ਉਸ ਨੇ ਇਹ ਵੀਡੀਓ ਬਣਾਈ ਸੀ।
ਪ੍ਰਦੀਪ ਨੇ ਬੂਮ ਨੂੰ ਦੱਸਿਆ, “ਇਹ ਵੀਡੀਓ 27 ਜਨਵਰੀ ਨੂੰ ਸਵੇਰੇ 5:30 ਵਜੇ ਦੇ ਕਰੀਬ ਵੀਰੇਂਦਰ ਯਾਦਵ ਦੇ ਮੋਬਾਈਲ ਤੋਂ ਰਿਕਾਰਡ ਕੀਤਾ ਗਿਆ ਸੀ। ਮੇਰੇ ਦੋਸਤ ਵੀਰੇਂਦਰ ਨੇ ਉਸੇ ਦਿਨ ਆਪਣੇ ਅਕਾਊਂਟ 'ਤੇ ਇਹ ਵੀਡੀਓ ਸਾਂਝਾ ਕੀਤਾ ਸੀ। ਮੈਂ ਇਹ ਵੀਡੀਓ ਅਗਲੇ ਦਿਨ 28 ਜਨਵਰੀ ਨੂੰ ਆਪਣੇ ਅਕਾਊਂਟ 'ਤੇ ਸਾਂਝਾ ਕੀਤਾ।
ਹਾਲਾਂਕਿ, ਪ੍ਰਦੀਪ ਨੇ ਸਾਨੂੰ ਅੱਗੇ ਦੱਸਿਆ ਕਿ ਉਸ ਨੇ ਅਤੇ ਉਸ ਦੇ ਦੋਸਤ ਨੇ ਹੁਣ ਲੋਕਾਂ ਦੀ ਬੇਨਤੀ 'ਤੇ ਇਸ ਵੀਡੀਓ ਨੂੰ ਡਿਲੀਟ ਕਰ ਦਿੱਤਾ ਹੈ। ਪ੍ਰਦੀਪ ਨੇ ਵੀਡੀਓ ਦੀ ਮੈਟਾ ਜਾਣਕਾਰੀ ਵੀ ਸਾਡੇ ਨਾਲ ਸਾਂਝੀ ਕੀਤੀ। ਵੀਡੀਓ ਦੇ ਮੈਟਾਡੇਟਾ ਦੇ ਅਨੁਸਾਰ, ਵੀਡੀਓ 27 ਜਨਵਰੀ ਨੂੰ ਸਵੇਰੇ 5:25 ਵਜੇ ਰਿਕਾਰਡ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ 28 ਜਨਵਰੀ ਦੇਰ ਰਾਤ ਮੇਲਾ ਖੇਤਰ ਦੇ ਸੰਗਮ ਨੋਜ਼ ਨੇੜੇ ਭਗਦੜ ਵਿੱਚ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ ਸੀ ਅਤੇ 60 ਜ਼ਖਮੀ ਹੋ ਗਏ ਸਨ। ਮੀਡੀਆ ਰਿਪੋਰਟਾਂ ਅਨੁਸਾਰ, ਇਹ ਹਾਦਸਾ 28 ਜਨਵਰੀ ਦੀ ਰਾਤ ਨੂੰ ਲਗਭਗ 1.30 ਵਜੇ ਵਾਪਰਿਆ। ਇਸ ਦੇ ਨਾਲ ਹੀ, ਇਸ ਹਾਦਸੇ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਮੀਡੀਆ ਰਿਪੋਰਟਾਂ ਅਨੁਸਾਰ, ਉੱਤਰ ਪ੍ਰਦੇਸ਼ ਸਰਕਾਰ ਨੇ ਮਹਾਕੁੰਭ ਵਿੱਚ ਭਗਦੜ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਇੱਕ ਨਿਆਂਇਕ ਕਮਿਸ਼ਨ ਦਾ ਗਠਨ ਕੀਤਾ ਹੈ। ਤਿੰਨ ਮੈਂਬਰੀ ਨਿਆਂਇਕ ਕਮਿਸ਼ਨ ਨੂੰ ਇੱਕ ਮਹੀਨੇ ਦੇ ਅੰਦਰ ਆਪਣੀ ਰਿਪੋਰਟ ਸੌਂਪਣੀ ਹੋਵੇਗੀ। ਸੰਗਮ ਨੋਜ਼ ਨੇੜੇ ਹੋਈ ਇਸ ਭਗਦੜ ਤੋਂ ਇਲਾਵਾ, ਝੁੰਸੀ ਦੇ ਸੈਕਟਰ 21 ਵਿੱਚ ਤੇ ਫਾਫਾਮੌ ਵਿੱਚ ਬਣਿਆ ਪੋਂਟੂਨ ਪੁਲ ਟੁੱਟ ਜਾਣ ਕਾਰਨ ਵੀ ਅਜਿਹੀ ਭਗਦੜ ਮਚ ਜਾਣ ਦੀ ਖ਼ਬਰ ਮਿਲੀ ਸੀ।
(Disclaimer: ਇਹ ਫੈਕਟ ਚੈੱਕ ਮੂਲ ਤੌਰ 'ਤੇ Boom ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ।
ਜੰਮੂ-ਕਸ਼ਮੀਰ 'ਚ ਫਿਰ ਚੱਲੀਆਂ ਗੋਲੀਆਂ, ਮੁਕਾਬਲੇ 'ਚ ਇੱਕ ਬਦਮਾਸ਼ ਜ਼ਖਮੀ; ਇਕ ਗ੍ਰਿਫਤਾਰ
NEXT STORY