ਆਨੰਦ— ਗੁਜਰਾਤ ਦੇ ਆਨੰਦ ਜ਼ਿਲੇ ਦੇ ਮਲਾਤਜ ਪਿੰਡ 'ਚ ਉਸ ਸਮੇਂ ਇਕ ਕਿਸਾਨ ਦੇ ਪਸੀਨੇ ਛੁੱਟ ਗਏ, ਜਦੋਂ ਰਾਤ ਨੂੰ ਉਸ ਦੇ ਬਿਸਤਰ ਦੇ ਹੇਠਾਂ 2 ਚਮਕੀਲੀਆਂ ਅੱਖਾਂ ਦੇਖੀਆਂ। ਜਦੋਂ ਕਿਸਾਨ ਨੇ ਲਾਈਟ ਜਗਾਈ ਤਾਂ ਉਸ ਦੇ ਹੋਸ਼ ਉੱਡ ਗਏ। ਉਸ ਦੇ ਮੰਜੇ ਹੇਠਾਂ ਇਕ 8 ਫੁੱਟ ਲੰਬੀ ਮਾਦਾ ਮਗਰਮੱਛ ਬੈਠੀ ਸੀ। ਇਹ ਮਾਦਾ ਮਗਰਮੱਛ ਕਿਸਾਨ ਬਾਬੂਭਾਈ ਪਰਮਾਰ ਦੇ ਘਰ ਦੇਰ ਰਾਤ ਉਸ ਸਮੇਂ ਆਈ, ਜਦੋਂ ਉਹ ਡੂੰਘੀ ਨੀਂਦ 'ਚ ਸੌਂ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਮਾਦਾ ਮਗਰਮੱਛ ਮਲਾਤਜ ਪਿੰਡ ਤੋਂ 500 ਮੀਟਰ ਦੂਰ ਸਥਿਤ ਇਕ ਤਾਲਾਬ 'ਚੋਂ ਆਈ ਸੀ। ਜਿਸ ਨੂੰ ਫੜ ਕੇ ਵਾਪਸ ਤਾਲਾਬ 'ਚ ਛੱਡ ਦਿੱਤਾ ਗਿਆ ਹੈ।
8 ਫੁੱਟ ਲੰਬੀ ਸੀ ਮਾਦਾ ਮਗਰਮੱਛ
ਇਸ ਬਾਰੇ ਕਿਸਾਨ ਬਾਬੂਭਾਈ ਨੇ ਦੱਸਿਆ ਕਿ ਉਹ ਹਰ ਦਿਨ ਦੀ ਤਰ੍ਹਾਂ ਪਸ਼ੂਆਂ ਨੂੰ ਬੰਨ੍ਹ ਕੇ ਘਰ ਆਇਆ ਅਤੇ ਮੰਜੇ 'ਤੇ ਆ ਕੇ ਸੌਂ ਗਿਆ। ਉਦੋਂ ਰਾਤ ਨੂੰ ਅਚਾਨਕ ਕੁੱਤੇ ਭੌਂਕਣ ਲੱਗੇ। ਬਾਬੂਭਾਈ ਨੂੰ ਅਣਹੋਣੀ ਦਾ ਸ਼ੱਕ ਹੋਇਆ। ਉਨ੍ਹਾਂ ਦੀ ਅੱਖ ਜਿਵੇਂ ਹੀ ਖੁੱਲ੍ਹੀ ਉਨ੍ਹਾਂ ਮੰਜੇ ਹੇਠਾਂ 2 ਚਮਕੀਲੀਆਂ ਅੱਖਾਂ ਦੇਖੀਆਂ। ਇਹ ਦੇਖ ਉਹ ਡਰ ਗਏ। ਕਿਸੇ ਤਰ੍ਹਾਂ ਉਹ ਮੰਜੇ ਤੋਂ ਉਤਰੇ ਅਤੇ ਲਾਈਟ ਜਗਾਈ। ਉਨ੍ਹਾਂ ਨੇ ਦੇਖਿਆ ਕਿ 8 ਫੁੱਟ ਲੰਬੀ ਮਾਦਾ ਮਗਰਮੱਛ ਉਨ੍ਹਾਂ ਦੇ ਮੰਜੇ ਹੇਠਾਂ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਪਿੰਡ ਵਾਲਿਆਂ ਨੂੰ ਇਕੱਠਾ ਕੀਤਾ ਅਤੇ ਜੰਗਲਾਤ ਵਿਭਾਗ ਨੂੰ ਇਸ ਦੀ ਜਾਣਕਾਰੀ ਦਿੱਤੀ।
ਗਰਭਵਤੀ ਸੀ ਮਗਰਮੱਛ
ਜੰਗਲਾਤ ਵਿਭਾਗ ਦੇ ਅਧਿਕਾਰੀ ਅਤੇ ਦਯਾ ਫਾਊਂਡੇਸ਼ਨ ਦੇ ਮੈਂਬਰ ਮੌਕੇ 'ਤੇ ਪੁੱਜੇ ਤਾਂ ਉਨ੍ਹਾਂ ਨੇ ਮਗਰਮੱਛ ਨੂੰ ਫੜਨ ਲਈ ਜਾਲ ਪਾਇਆ ਪਰ ਮਾਦਾ ਮਗਰਮੱਛ ਜਗ੍ਹਾ ਤੋਂ ਹਿੱਲੀ ਤੱਕ ਨਹੀਂ। ਇਸ ਬਾਰੇ ਦਯਾ ਫਾਊਂਡੇਸ਼ਨ ਦੇ ਨਿਤੇਸ਼ ਚੌਹਾਨ ਨੇ ਦੱਸਿਆ ਕਿ ਜਦੋਂ ਅਸੀਂ ਮੌਕੇ 'ਤੇ ਪਹੁੰਚੇ ਤਾਂ ਪਾਇਆ ਕਿ ਮਾਦਾ ਮਗਰਮੱਛ ਇਕ ਜਗ੍ਹਾ ਤੋਂ ਹਿਲ ਨਹੀਂ ਰਹੀ ਹੈ। ਜਦੋਂ ਅਸੀਂ ਧਿਆਨ ਨਾਲ ਦੇਖਿਆ ਤਾਂ ਮਾਦਾ ਮਗਰਮੱਛ ਗਰਭਵਤੀ ਸੀ ਅਤੇ ਅੰਡੇ ਦੇਣ ਵਾਲੀ ਸੀ। ਇਸ ਤੋਂ ਬਾਅਦ ਅਸੀਂ ਸਾਵਧਾਨੀ ਨਾਲ ਮਗਰਮੱਛ ਨੂੰ ਜਾਲ 'ਚ ਪਾਇਆ ਅਤੇ ਵਾਪਸ ਤਾਲਾਬ 'ਚ ਛੱਡਿਆ। ਦੱਸਣਯੋਗ ਹੈ ਕਿ ਮਲਾਤਜ ਪਿੰਡ ਦੇਸ਼ ਭਰ 'ਚ ਮਗਰਮੱਛਾਂ ਲਈ ਮਸ਼ਹੂਰ ਹੈ। ਇੱਥੋਂ ਦੇ ਤਾਲਾਬ 'ਚ 200 ਤੋਂ ਵਧ ਮਗਰਮੱਛ ਰਹਿੰਦੇ ਹਨ। ਇੱਥੇ ਪਿੰਡ ਦੇ ਲੋਕ ਇਨ੍ਹਾਂ ਦੀ ਪੂਜਾ ਵੀ ਕਰਦੇ ਹਨ।
ਭਾਜਪਾ 'ਚ ਜਯਾਪ੍ਰਦਾ ਦੇ ਸ਼ਾਮਲ ਹੋਣ ਨੂੰ ਲੈ ਕੇ ਸਪਾ ਨੇਤਾ ਦੇ ਵਿਗੜੇ ਬੋਲ, ਦਿੱਤਾ ਬੇਤੁਕਾ ਬਿਆਨ
NEXT STORY