ਨਵੀਂ ਦਿੱਲੀ — ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਖਿਲਾਫ ਨੈਸ਼ਨਲ ਕਿਸਾਨ ਫੈਡਰੇਸ਼ਨ ਵਲੋਂ ਬੁਲਾਈ ਗਈ ਕੌਮੀ ਹੜਤਾਲ ਦਾ ਅੱਜ ਦੂਸਰਾ ਦਿਨ ਹੈ। ਇਸ ਬੰਦ ਦੇ ਪਹਿਲੇ ਦਿਨ ਹੀ ਦੁੱਧ ਅਤੇ ਸਬਜ਼ੀਆਂ ਦੀ ਸਪਲਾਈ 'ਤੇ ਅਸਰ ਦਿਖਾਈ ਦਿੱਤਾ ਜਿਸ ਦੇ ਨਤੀਜੇ ਵਜੋਂ ਕਈ ਥਾਵਾਂ 'ਤੇ ਇਨ੍ਹਾਂ ਦੀਆਂ ਕੀਮਤਾਂ ਵਿਚ ਵਾਧਾ ਦਰਜ ਕੀਤਾ ਗਿਆ। ਦੇਸ਼ ਦੇ ਅੰਨਦਾਤਾ ਸੜਕਾਂ 'ਤੇ ਉਤਰ ਆਏ ਹਨ। ਨੈਸ਼ਨਲ ਕਿਸਾਨ ਫੈਡਰੇਸ਼ਨ ਨੇ ਕੇਂਦਰ ਸਰਕਾਰ ਦੀਆਂ ਕਥਿਤ ਕਿਸਾਨ ਵਿਰੋਧੀ ਨੀਤੀਆਂ ਦੇ ਵਿਰੋਧ ਵਿਚ ਦੇਸ਼ ਦੇ 22 ਸੂਬਿਆਂ ਵਿਚ 1 ਜੂਨ ਤੋਂ 10 ਜੂਨ ਤੱਕ ਹੜਤਾਲ ਦਾ ਐਲਾਨ ਕੀਤਾ ਹੈ। ਇਸ ਦੌਰਾਨ ਕਈ ਸੂਬਿਆਂ ਦੇ ਕਿਸਾਨਾਂ ਨੇ ਪਰੇਸ਼ਾਨ ਹੋ ਕੇ ਸਬਜ਼ੀਆਂ ਅਤੇ ਦੁੱਧ ਨੂੰ ਸੜਕ 'ਤੇ ਹੀ ਸੁੱਟ ਦਿੱਤਾ। ਕਿਸਾਨ ਸਬਜ਼ੀਆਂ ਦੇ ਘੱਟੋ-ਘੱਟ ਮੁੱਲ, ਸਮਰਥਣ ਮੁੱਲ ਅਤੇ ਘੱਟੋ-ਘੱਟ ਆਮਦਨ ਸਮੇਤ ਕਈ ਮੁੱਦਿਆਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਦੇ ਅੰਦੋਲਣ ਨੂੰ ਦੇਖਦੇ ਹੋਏ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਕਿਸਾਨ 1 ਜੂਨ ਤੋਂ ਲੈ ਕੇ 10 ਜੂਨ ਤੱਕ ਵੱਖ-ਵੱਖ ਢੰਗ ਨਾਲ ਵਿਰੋਧ ਕਰਨਗੇ। ਅੱਜ ਵੀ ਕਈ ਥਾਵਾਂ 'ਤੇ ਪ੍ਰਦਰਸ਼ਨ ਦੇ ਆਸਾਰ ਹਨ।

ਇਹ ਹਨ ਕਿਸਾਨਾਂ ਦੀਆਂ ਮੰਗਾਂ
ਫਸਲ ਦੀ ਲਾਗਤ ਦਾ ਡੇਢ ਗੁਣਾ ਲਾਭਦਾਇਕ ਮੁੱਲ ਦਿੱਤਾ ਜਾਵੇ।
ਕਿਸਾਨਾਂ ਨੂੰ ਕਰਜ਼ਾ ਮੁਕਤ ਕੀਤਾ ਜਾਵੇ।
ਛੋਟੇ ਕਿਸਾਨਾਂ ਦੀ ਆਮਦਨ ਦਾ ਹੱਲ ਕੀਤਾ ਜਾਵੇ।
ਫਲ, ਦੁੱਧ, ਸਬਜ਼ੀਆਂ ਨੂੰ ਸਮਰਥਨ ਮੁੱਲ ਦੇ ਦਾਇਰੇ ਵਿਚ ਲਿਆ ਕੇ ਡੇਢ ਗੁਣਾ ਲਾਹੇਵੰਦ ਮੁੱਲ ਦਿੱਤਾ ਜਾਵੇ।

ਦੇਸ਼ ਦੇ ਵੱਖ-ਵੱਖ ਸਥਾਨਾਂ 'ਤੇ ਵੀ ਦਿਖਾਈ ਦਿੱਤਾ ਹੜਤਾਲ ਦਾ ਅਸਰ
ਪੰਜਾਬ
ਫਰੀਦਕੋਟ 'ਚ ਕਿਸਾਨਾਂ ਨੇ ਸੜਕਾਂ 'ਤੇ ਫਲ ਅਤੇ ਸਬਜ਼ੀਆਂ ਸੁੱਟ ਕੇ ਵਿਰੋਧ ਜਤਾਇਆ। ਇਸ ਦੇ ਨਾਲ ਹੀ ਹੁਸ਼ਿਆਰਪੁਰ 'ਚ ਕਿਸਾਨਾਂ ਨੇ ਸੜਕਾਂ 'ਤੇ ਦੁੱਧ ਵਹਾ ਕੇ ਦੁੱਧ ਅਤੇ ਸਬਜ਼ੀਆਂ ਸੁੱਟ ਕੇ ਵਿਰੋਧ ਜ਼ਾਹਰ ਕੀਤਾ।

ਹਰਿਆਣਾ
ਹਰਿਆਣੇ ਵਿਚ ਵੀ ਕਿਸਾਨਾਂ ਨੇ ਸਬਜ਼ੀਆਂ ਦੀ ਸਪਲਾਈ ਬੰਦ ਕਰ ਦਿੱਤੀ ਹੈ ਅਤੇ ਇਥੇ ਵੀ ਵੱਡੀ ਗਿਣਤੀ ਵਿਚ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ। ਕਿਸਾਨਾਂ ਵਲੋਂ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਅੰਦੋਲਨ ਦਾ ਕੁਰੂਕਸ਼ੇਤਰ ਵਿਚ ਮਿਲਿਆ-ਜੁਲਿਆ ਅਸਰ ਦੇਖਣ ਨੂੰ ਮਿਲਿਆ। ਭਾਰਤੀ ਕਿਸਾਨ ਯੂਨੀਅਨ ਦਾ ਕਹਿਣਾ ਹੈ ਕਿ ਦੇਸ਼ ਦੇ ਕਰੀਬ 172 ਕਿਸਾਨ ਸੰਗਠਨ ਇਸ ਅੰਦੋਲਨ ਵਿਚ ਸ਼ਾਮਲ ਹਨ। ਕਿਸਾਨ ਅੰਦੋਲਨ ਦੇ ਤਹਿਤ ਉਤਪਾਦਨ ਅਨਾਜ, ਸਬਜ਼ੀਆਂ, ਦੁੱਧ, ਚਾਰਾ ਆਦਿ ਸ਼ਹਿਰ ਵਿਚ ਵਿਕਣ ਲਈ ਨਹੀਂ ਜਾਵੇਗਾ।

ਮਹਾਰਾਸ਼ਟਰ
ਮਹਾਰਾਸ਼ਟਰ ਵਿਚ ਵੀ ਕਿਸਾਨਾਂ ਦੀ ਹੜਤਾਲ ਦਾ ਭਰਵਾਂ ਅਸਰ ਦੇਖਣ ਨੂੰ ਮਿਲਿਆ। ਹੜਤਾਲ ਦੇ ਕਾਰਨ ਦੁੱਧ ਅਤੇ ਸਬਜ਼ੀਆਂ ਦੀ ਸਪਲਾਈ ਰੋਕ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੂਣੇ ਦੇ ਖੇਡਸ਼ਿਵਾਪੁਰ ਟੋਲ ਪਲਾਜ਼ਾ 'ਤੇ ਕਿਸਾਨਾਂ ਨੇ 40 ਹਜ਼ਾਰ ਲੀਟਰ ਦੁੱਧ ਵਹਾ ਕੇ ਵਿਰੋਧ ਕੀਤਾ।

ਮੱਧ ਪ੍ਰਦੇਸ਼
ਨੈਸ਼ਨਲ ਕਿਸਾਨ ਮਜ਼ਦੂਰ ਮਹਾਸੰਗ ਦੇ ਪ੍ਰਧਾਨ ਸ਼ਿਕਮੁਮਾਰ ਸ਼ਰਮਾ ਨੇ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਲਈ 1 ਤੋਂ 10 ਜੂਨ ਤੱਕ 'ਪਿੰਡ ਬੰਦ' ਮੁਹਿੰਮ ਚਲਾਉਣਗੇ। ਹਾਲਾਂਕਿ ਸੂਬੇ ਦਾ ਮਾਹੌਲ ਸ਼ਾਂਤੀਪੂਰਨ ਹੈ। ਇਸ ਮੁਹਿੰਮ ਦੇ ਤਹਿਤ ਕਿਸਾਨ ਪਿੰਡ ਵਿਚੋਂ ਅਨਾਜ, ਸਬਜ਼ੀਆਂ, ਫਲ, ਦੁੱਧ ਸ਼ਹਿਰ ਵਿਚ ਵੇਚਣ ਲਈ ਲੈ ਕੇ ਨਹੀਂ ਜਾਣਗੇ। ਉਹ ਇਨ੍ਹਾਂ ਚੀਜ਼ਾਂ ਨੂੰ ਪਿੰਡ ਦੇ ਬਾਹਰ ਵੇਚਣਗੇ ਪਰ ਉਹ ਸ਼ਹਿਰ ਨਹੀਂ ਜਾ ਸਕਣਗੇ। ਇੱਥੇ ਭਾਰਤੀ ਕਿਸਾਨ ਯੂਨੀਅਨ, ਕਿਸਾਨ ਯੂਨੀਅਨ, ਕਿਸਾਨ ਜਾਗਰਤੀ ਸੰਘ ਦੇ ਅਧਿਕਾਰੀਆਂ ਨੇ ਘਰ-ਘਰ ਜਾ ਕੇ ਕਿਸਾਨਾਂ ਨਾਲ ਸੰਪਰਕ ਕੀਤਾ। ਜ਼ਿਲੇ ਦੇ ਬਰੇਲੀ, ਸਿਲਵਾਨੀ, ਬੇਗਮਗੰਜ, ਮੰਡੀਦੀਪ, ਓਬੇਦੁੱਲਾਗੰਜ, ਸਾਂਚੀ, ਗੌਰਤਗੰਜ, ਸੁਲਤਾਨਪੁਰ ਹਰ ਜਗ੍ਹਾ ਪ੍ਰਸ਼ਾਸਨ ਨੇ ਲਹਿਰ(ਅੰਦੋਲਨ) ਨਾਲ ਨਜਿੱਠਣ ਲਈ ਤਿਆਰੀ ਕਰ ਲਈ ਹੈ।
ਰਾਸ਼ਟਰਪਤੀ ਨੇ ਸੱਦਿਆ ਰਾਜਪਾਲਾਂ ਦਾ 3 ਦਿਨਾਂ ਸੰਮੇਲਨ
NEXT STORY