ਹਰਿਆਣਾ (ਚੰਦਰਸ਼ੇਖਰ ਧਰਨੀ)— ਇਨੈਲੋ ਵਿਧਾਇਕ ਅਭੈ ਚੌਟਾਲਾ ਨੇ ਕਿਹਾ ਕਿ ਕਿਸਾਨ ਅੰਦੋਲਨ ਵਿਚ ਮਿ੍ਰਤਕ ਕਿਸਾਨਾਂ ਨੂੰ ਮੁਆਵਜ਼ਾ ਮਿਲੇ ਅਤੇ ਸ਼ਹੀਦ ਕਿਸਾਨਾਂ ਦਾ ਸਮਾਰਕ ਬਣੇ। ਉਨ੍ਹਾਂ ਕਿਹਾ ਕਿ ਨਰਮੇ ਅਤੇ ਕਪਾਹ ਦੀ ਫ਼ਸਲ ਗੁਲਾਬੀ ਸੁੰਡੀ ਕਾਰਨ ਬਰਬਾਦ ਹੋ ਗਈ, ਜੇਕਰ ਉਸ ’ਤੇ ਚਰਚਾ ਨਹੀਂ ਹੋਵੇਗੀ ਤਾਂ ਕਿਸਾਨ ਕਿੱਥੇ ਜਾਵੇਗਾ। ਇਹ ਗੱਲ ਉਨ੍ਹਾਂ ਨੇ ਵਿਧਾਨ ਸਭਾ ’ਚ ਪ੍ਰਸ਼ਨਕਾਲ ਦੌਰਾਨ ਆਖੀ। ਅਭੈ ਨੇ ਕਿਹਾ ਕਿ ਕੇਂਦਰ ਅਤੇ ਪ੍ਰਦੇਸ਼ ਸਰਕਾਰ ਨੇ ਕਿਸਾਨਾਂ ਨੂੰ ਇਕ ਸਾਲ ਤੱਕ ਹਰਿਆਣਾ-ਦਿੱਲੀ ਦੇ ਬਾਰਡਰ ’ਤੇ ਬੈਠਾ ਕੇ ਰੱਖਿਆ ਅਤੇ ਕਿਹਾ ਸੀ ਕਿ ਕਿਸੇ ਵੀ ਕੀਮਤ ’ਤੇ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ। ਹਾਲਾਂਕਿ ਮੋਦੀ ਸਰਕਾਰ ਨੂੰ ਝੁੱਕਣਾ ਪਿਆ ਅਤੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣਾ ਪਿਆ।
ਅਭੈ ਚੌਟਾਲਾ ਨੇ ਕਿਹਾ ਕਿ ਮੁੱਖ ਮੰਤਰੀ ਵਿਧਾਨ ਸਭਾ ’ਚ ਦੋ ਲਾਈਨਾਂ ਦਾ ਇਕ ਮਤਾ ਲੈ ਕੇ ਆਏ ਸਨ ਅਤੇ ਕਿਹਾ ਸੀ ਕਿ ਇਸ ਦੇ ਪੱਖ ਵਿਚ ਹਾਂ ਕਹੋ ਅਤੇ ਜੋ ਖ਼ਿਲਾਫ਼ ਹੋਵੇਗਾ ਉਹ ਚਰਚਾ ਕਰ ਲਵੇਗਾ। ਸਦਨ ਵਿਚ ਸਿਰਫ਼ ਸੱਤਾ ਪੱਖ ਸੀ ਜੋ ਖੇਤੀ ਕਾਨੂੰਨਾਂ ਦੇ ਪੱਖ ਵਿਚ ਸੀ। ਉਸ ਸਮੇਂ ਮੁੱਖ ਮੰਤਰੀ ਨੇ ਸਦਨ ਵਿਚ ਠੋਕ ਕੇ ਕਿਹਾ ਸੀ ਕਿ ਇਹ ਕਾਨੂੰਨ ਰੱਦ ਨਹੀਂ ਹੋਣਗੇ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੇ ਇਕ ਸਾਲ ਬਾਰਡਰਾਂ ’ਤੇ ਅੰਦੋਲਨ ਕਰ ਕੇ ਕੇਂਦਰ ਦੀ ਸਰਕਾਰ ਨੂੰ ਕਾਨੂੰਨ ਰੱਦ ਕਰਨ ’ਤੇ ਮਜ਼ਬੂਰ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਤੋਂ ਮੁਆਫ਼ੀ ਮੰਗਣੀ ਪਈ ਅਤੇ ਇਹ ਮੰਨਿਆ ਕਿ ਗਲਤੀ ਹੋਈ। ਉਨ੍ਹਾਂ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਹੁਣ ਖੇਤੀ ਕਾਨੂੰਨ ਰੱਦ ਹੋ ਗਏ ਹਨ ਤਾਂ ਮੁੱਖ ਮੰਤਰੀ ਜੋ ਦੋ ਲਾਈਨ ਦਾ ਮਤਾ ਲਿਆਏ ਸਨ, ਜਿਸ ’ਚ ਕਿਹਾ ਸੀ ਕਿ ਕਾਨੂੰਨ ਇਵੇਂ ਹੀ ਰਹਿਣਗੇ, ਕੀ ਉਸ ਮਤੇ ਨੂੰ ਵਾਪਸ ਲੈਣਗੇ? ਅਭੈ ਨੇ ਕਿਹਾ ਕਿ ਸਰਕਾਰ ਵਲੋਂ ਕਿਸਾਨਾਂ ’ਤੇ ਹੋਏ ਮੁਕੱਦਮੇ ਵਾਪਸ ਲੈਣ ਦਾ ਸਵਾਗਤ ਕਰਦਾ ਹਾਂ। ਇਸ ਦੇ ਨਾਲ ਹੀ ਕਿਸਾਨਾਂ ਨੂੰ ਮੁਆਵਜ਼ਾ ਮਿਲੇ ਅਤੇ ਸ਼ਹੀਦ ਹੋਏ 715 ਕਿਸਾਨਾਂ ਲਈ ਸਮਾਰਕ ਬਣਾਇਆ ਜਾਵੇ। ਉਨ੍ਹਾਂ ਦੇ ਨਾਵਾਂ ਨੂੰ ਵੀ ਸ਼ਹੀਦਾਂ ਦੀ ਸ਼੍ਰੇਣੀ ਵਿਚ ਜੋੜਿਆ ਜਾਵੇ।
ਪੈਗਾਸਸ ਜਾਸੂਸੀ ਮਾਮਲਾ : ਬੰਗਾਲ ’ਚ ਵੱਖ ਕਮਿਸ਼ਨ ਬਣਾਉਣ ’ਤੇ ਸੁਪਰੀਮ ਕੋਰਟ ਨਾਖ਼ੁਸ਼
NEXT STORY