ਨਵੀਂ ਦਿੱਲੀ (ਭਾਸ਼ਾ)- ਦਿੱਲੀ ਪੁਲਸ ਨੇ ਵਾਰਾਣਸੀ ਦੀ ਗਿਆਨਵਾਪੀ ਮਸਜਿਦ ਦੇ ਕੰਪਲੈਕਸ ਅੰਦਰ ਮਿਲੇ ਸ਼ਿਵਲਿੰਗ ਬਾਰੇ ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਪੋਸਟ ਕਰਨ ਨੂੰ ਲੈ ਕੇ ਦਿੱਲੀ ਯੂਨੀਵਰਸਿਟੀ (ਡੀਯੂ) ਦੇ ਹਿੰਦੂ ਕਾਲਜ ਦੇ ਇਕ ਐਸੋਸੀਏਟ ਪ੍ਰੋਫੈਸਰ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਦੇ ਇਕ ਵਕੀਲ ਦੀ ਸ਼ਿਕਾਇਤ ਦੇ ਆਧਾਰ 'ਤੇ ਰਤਨ ਲਾਲ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ। ਸੰਪਰਕ ਕੀਤੇ ਜਾਣ 'ਤੇ ਇਤਿਹਾਸ ਵਿਸ਼ੇ ਦੇ ਐਸੋਸੀਏਟ ਪ੍ਰੋਫੈਸਰ ਨੇ ਦਾਅਵਾ ਕੀਤਾ ਕਿ ਉਸ ਦੀ ਪੋਸਟ ਤੋਂ ਬਾਅਦ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਅਤੇ ਸੋਸ਼ਲ ਮੀਡੀਆ 'ਤੇ ਉਸ 'ਤੇ ਲਗਾਤਾਰ ਹਮਲਾ ਕੀਤਾ ਜਾ ਰਿਹਾ ਹੈ। ਨਾਲ ਹੀ ਉਸ ਨੇ ਸਰਕਾਰ ਤੋਂ ਸੁਰੱਖਿਆ ਦੀ ਮੰਗ ਵੀ ਕੀਤੀ ਹੈ। ਆਪਣੀ ਸ਼ਿਕਾਇਤ ਵਿਚ ਐਡਵੋਕੇਟ ਵਿਨੀਤ ਜਿੰਦਲ ਨੇ ਕਿਹਾ ਕਿ ਰਤਨ ਲਾਲ ਨੇ ਹਾਲ ਹੀ ਵਿਚ ਸ਼ਿਵਲਿੰਗ ਬਾਰੇ ਅਪਮਾਨਜਨਕ, ਉਕਸਾਉਣ ਵਾਲਾ ਅਤੇ ਭੜਕਾਊ ਟਵੀਟ ਸਾਂਝਾ ਕੀਤਾ ਸੀ।
ਇਹ ਵੀ ਪੜ੍ਹੋ : ਸਾਈਂ ਬਾਬਾ ਮੰਦਰ : ਭਗਤ ਨੇ 2 ਕਰੋੜ ਰੁਪਏ ਮੁੱਲ ਦਾ ਸੋਨੇ ਦਾ ਛੱਲਾ ਕੀਤਾ ਦਾਨ
ਉਨ੍ਹਾਂ ਨੇ ਆਪਣੀ ਸ਼ਿਕਾਇਤ 'ਚ ਕਿਹਾ ਹੈ ਕਿ ਗਿਆਨਵਾਪੀ ਮਸਜਿਦ 'ਚ ਸ਼ਿਵਲਿੰਗ ਮਿਲਣ ਦੇ ਮੁੱਦੇ 'ਤੇ ਬਿਆਨ (ਰਤਨ ਲਾਲ ਦਾ) ਪੋਸਟ ਕੀਤਾ ਗਿਆ ਸੀ, ਜਦੋਂ ਕਿ ਇਹ ਇਕ ਬਹੁਤ ਸੰਵੇਦਨਸ਼ੀਲ ਵਿਸ਼ਾ ਹੈ ਅਤੇ ਮਾਮਲਾ ਅਦਾਲਤ 'ਚ ਪੈਂਡਿੰਗ ਹੈ। ਪੁਲਸ ਡਿਪਟੀ ਕਮਿਸ਼ਨਰ (ਉੱਤਰੀ) ਸਾਗਰ ਸਿੰਘ ਕਲਸੀ ਨੇ ਕਿਹਾ,"ਧਰਮ ਅਤੇ ਧਾਰਮਿਕ ਮਾਨਤਾਵਾਂ ਦਾ ਅਪਮਾਨ ਕਰਨ ਦੇ ਇਰਾਦੇ ਨਾਲ ਫੇਸਬੁੱਕ 'ਤੇ ਇਕ ਮੰਦਭਾਗੀ ਪੋਸਟ ਦੇ ਸਬੰਧ ਵਿਚ ਮੰਗਲਵਾਰ ਰਾਤ ਨੂੰ ਲਾਲ ਦੇ ਖ਼ਿਲਾਫ਼ ਇਕ ਸ਼ਿਕਾਇਤ ਮਿਲੀ ਸੀ।" ਉਨ੍ਹਾਂ ਕਿਹਾ ਕਿ ਇਸ ਸਿਲਸਿਲੇ 'ਚ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਡੀ.ਸੀ.ਪੀ. ਨੇ ਕਿਹਾ,“ਧਾਰਾ 153ਏ (ਧਰਮ, ਨਸਲ, ਜਨਮ ਸਥਾਨ, ਰਿਹਾਇਸ਼, ਭਾਸ਼ਾ ਆਦਿ ਦੇ ਆਧਾਰ 'ਤੇ ਵੱਖ-ਵੱਖ ਸਮੂਹਾਂ ਵਿਚਕਾਰ ਦੁਸ਼ਮਣੀ ਨੂੰ ਵਧਾਵਾ ਦੇਣਾ) ਅਤੇ ਧਾਰਾ 295ਏ (ਕਿਸੇ ਵਰਗ ਦੇ ਧਰਮ ਜਾਂ ਧਾਰਮਿਕ ਵਿਸ਼ਵਾਸਾਂ ਨੂੰ ਭੜਕਾਉਣ) 'ਤੇ ਕੇਸ ਦਰਜ ਕੀਤਾ ਗਿਆ ਹੈ। ਇਸ ਦੌਰਾਨ ਲਾਲ ਨੇ ਕਿਹਾ,''ਭਾਰਤ 'ਚ ਜੇਕਰ ਤੁਸੀਂ ਕੁਝ ਕਹਿੰਦੇ ਹੋ ਤਾਂ ਕਿਸੇ ਵਿਅਕਤੀ ਜਾਂ ਹੋਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇਗੀ। ਇਸ ਲਈ ਇਸ ਵਿਚ ਕੋਈ ਨਵੀਂ ਗੱਲ ਨਹੀਂ ਹੈ। ਮੈਂ ਇਕ ਇਤਿਹਾਸਕਾਰ ਹਾਂ ਅਤੇ ਬਹੁਤ ਸਾਰੇ ਨਿਰੀਖਣ ਕੀਤੇ ਹਨ। ਮੈਂ ਉਹਨਾਂ ਨੂੰ ਲਿਖਣ ਵੇਲੇ ਆਪਣੀ ਪੋਸਟ ਵਿਚ ਬਹੁਤ ਸੰਜਮੀ ਭਾਸ਼ਾ ਦੀ ਵਰਤੋਂ ਕੀਤੀ ਹੈ। ਪਰ ਫਿਰ ਵੀ ਅਜਿਹਾ ਹੋਇਆ। ਮੈਂ ਆਪਣਾ ਬਚਾਅ ਕਰਾਂਗਾ।'' ਲਾਲ ਨੇ ਕਿਹਾ ਕਿ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਇਕ ਚਿੱਠੀ ਲਿਖ ਕੇ ਏ.ਕੇ.-56 ਰਾਈਫਲਾਂ ਨਾਲ ਲੈਸ ਦੋ ਅੰਗ ਰੱਖਿਅਕ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ ਹੈ ਕਿਉਂਕਿ ਉਸ (ਲਾਲ) ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਆਪਣੇ ਚਿੱਠੀ 'ਚ ਉਸਨੇ ਕਿਹਾ,"ਜੇਕਰ ਇਹ ਸੰਭਵ ਨਹੀਂ ਹੈ, ਤਾਂ ਉਚਿਤ ਅਥਾਰਟੀ ਨੂੰ ਉਸ ਨੂੰ ਏ.ਕੇ.-56 ਰਾਈਫਲ ਦਾ ਲਾਇਸੈਂਸ ਦੇਣ ਦਾ ਨਿਰਦੇਸ਼ ਦਿੱਤਾ ਜਾਵੇ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਵਿਗਿਆਨੀਆਂ ਨੇ ਭਵਿੱਖ ਲਈ ਈਂਧਨ ਦੀ ਕੀਤੀ ਖੋਜ
NEXT STORY