ਨਵੀਂ ਦਿੱਲੀ— ਰਾਸ਼ਟਰੀ ਸਵੈ ਸੇਵਕ ਸੰਘ (ਆਰ. ਐੱਸ. ਐੱਸ.) ਅਗਲੇ ਸਾਲ ਅਪ੍ਰੈਲ ਤੋਂ ਇਕ 'ਆਰਮੀ' ਸਕੂਲ ਖੋਲ੍ਹਣ ਜਾ ਰਿਹਾ ਹੈ, ਜਿੱਥੇ ਬੱਚਿਆਂ ਨੂੰ ਹਥਿਆਰਬੰਦ ਫੋਰਸ 'ਚ ਅਧਿਕਾਰੀ ਬਣਨ ਲਈ ਟ੍ਰੇਨਿੰਗ ਦਿੱਤੀ ਜਾਵੇਗੀ। ਇਹ ਆਰ. ਐੱਸ. ਐੱਸ. ਦਾ ਪਹਿਲਾ ਆਰਮੀ ਸਕੂਲ ਹੋਵੇਗਾ ਅਤੇ ਇਸ ਦਾ ਨਾਂ ਆਰ. ਐੱਸ. ਐੱਸ. ਦੇ ਸਰਸੰਘਚਾਲਕ ਰਾਜਿੰਦਰ ਸਿੰਘ ਉਰਫ ਰੱਜੂ ਭਈਆ ਦੇ ਨਾਂ 'ਤੇ 'ਰੱਜੂ ਭਈਆ ਸੈਨਿਕ ਵਿੱਦਿਆ ਸਕੂਲ' ਰੱਖਿਆ ਜਾਵੇਗਾ। ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲੇ ਦੇ ਸ਼ਿਕਾਰਪੁਰ 'ਚ ਖੁੱਲ੍ਹਣ ਵਾਲੇ ਇਸ ਸਕੂਲ ਦਾ ਸੰਚਾਲਨ ਆਰ. ਐੱਸ. ਐੱਸ. ਦੇ ਐਜੂਕੇਸ਼ਨ ਵਿੰਗ ਵਿੱਦਿਆ ਭਾਰਤੀ ਦੇ ਹੱਥਾਂ ਵਿਚ ਹੋਵੇਗਾ। ਸ਼ਿਕਾਰਪੁਰ ਵਿਚ ਹੀ 1922 'ਚ ਰੱਜੂ ਭਈਆ ਦਾ ਜਨਮ ਹੋਇਆ ਸੀ। ਇਸ ਵਿਚ ਸੀ. ਬੀ. ਆਈ ਬੋਰਡ ਦਾ ਸਿਲੇਬਸ ਪੜ੍ਹਾਇਆ ਜਾਵੇਗਾ। ਇੱਥੇ ਜਮਾਤ 6ਵੀਂ ਤੋਂ 12ਵੀਂ ਤਕ ਦੇ ਵਿਦਿਆਰਥੀ ਪੜ੍ਹਨਗੇ। ਇਸ ਸਕੂਲ ਦਾ ਨਿਰਮਾਣ ਕੰਮ ਚੱਲ ਰਿਹਾ ਹੈ। ਇੱਥੇ ਦੱਸ ਦੇਈਏ ਕਿ ਵਿੱਦਿਆ ਭਾਰਤੀ ਦੇਸ਼ 'ਚ 20 ਹਜ਼ਾਰ ਤੋਂ ਵੱਧ ਸਕੂਲਾਂ ਦਾ ਸੰਚਾਲਨ ਕਰਦਾ ਹੈ। ਵਿੱਦਿਆ ਭਾਰਤੀ ਉੱਚ ਸਿੱਖਿਆ ਸੰਸਥਾ ਦੇ ਪੱਛਮੀ ਯੂ. ਪੀ. ਅਤੇ ਉੱਤਰਾਖੰਡ ਦੇ ਕਨਵੀਨਰ ਅਜੈ ਗੋਇਲ ਦਾ ਕਹਿਣਾ ਹੈ ਕਿ ਇਹ ਦੇਸ਼ 'ਚ ਸਾਡਾ ਪਹਿਲਾ ਪ੍ਰਯੋਗ ਹੈ, ਜੇਕਰ ਇਹ ਸਫਲ ਰਿਹਾ ਤਾਂ ਦੇਸ਼ ਦੇ ਦੂਜੇ ਹਿੱਸਿਆਂ ਵਿਚ ਵੀ ਅਜਿਹਾ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਪਹਿਲੇ ਬੈਂਚ ਲਈ ਅਸੀਂ 6ਵੀਂ ਜਮਾਤ ਵਿਚ 160 ਬੱਚਿਆਂ ਨੂੰ ਦਾਖਲਾ ਦੇਵਾਂਗੇ। ਇਨ੍ਹਾਂ 'ਚ 56 ਸੀਟਾਂ ਸ਼ਹੀਦ ਫੌਜੀਆਂ ਦੇ ਬੱਚਿਆਂ ਲਈ ਰਿਜ਼ਰਵ ਹੋਣਗੀਆਂ। ਅਗਲੇ ਮਹੀਨੇ ਤੋਂ ਅਸੀਂ ਅਰਜ਼ੀਆਂ ਮੰਗਣੀਆਂ ਸ਼ੁਰੂ ਕਰ ਦੇਵਾਂਗੇ। ਇਹ ਸਕੂਲ 20 ਹਜ਼ਾਰ ਸਕੁਏਅਰ ਮੀਟਰ ਦੇ ਖੇਤਰ ਵਿਚ ਬਣਾਇਆ ਜਾ ਰਿਹਾ ਹੈ। ਇਹ ਜ਼ਮੀਨ ਇਕ ਸਾਬਕਾ ਫੌਜੀ ਅਤੇ ਕਿਸਾਨ ਰਾਜਪਲ ਸਿੰਘ ਨੇ ਦਾਨ ਕੀਤੀ ਸੀ। ਸਾਲ 2018 ਵਿਚ 24 ਅਗਸਤ ਤੋਂ ਇਸ ਦਾ ਨਿਰਮਾਣ ਕੰਮ ਸ਼ੁਰੂ ਹੋਇਆ ਸੀ। ਇਸ ਸਕੂਲ ਵਿਚ ਪੜ੍ਹਨ ਲਈ ਤਿੰਨ ਮੰਜ਼ਲਾ ਇਮਾਰਤ ਹੋਵੇਗੀ, ਇਕ ਤਿੰਨ ਮੰਜ਼ਲਾ ਹੋਸਟਲ ਹੋਵੇਗਾ, ਇਕ ਡਿਸਪੈਂਸਰੀ, ਸਟਾਫ ਲਈ ਆਵਾਸ ਅਤੇ ਇਕ ਵੱਡਾ ਸਟੇਡੀਅਮ ਹੋਵੇਗਾ। ਇਸ ਦੀ ਅਨੁਮਾਨਤ ਲਾਗਤ 40 ਕਰੋੜ ਰੁਪਏ ਦੱਸੀ ਜਾ ਰਹੀ ਹੈ। ਸਕੂਲ ਵਲੋਂ ਹਦਾਇਤਾਂ ਵਿਚ ਲਿਖਿਆ ਗਿਆ ਹੈ ਕਿ ਦੇਸ਼ ਵਿਚ ਫੌਜ, ਜਲ ਸੈਨਾ ਅਤੇ ਹਵਾਈ ਫੌਜ ਦੇ ਅਧਿਕਾਰੀਆਂ ਦੀ ਕਮੀ ਹੈ। ਇਸ ਦੀ ਵਜ੍ਹਾ ਇਹ ਹੈ ਕਿ ਜ਼ਿਆਦਾਤਰ ਨੌਜਵਾਨ ਫੌਜੀ ਅਧਿਕਾਰੀ ਬਣਨ ਦੇ ਮਾਪਦੰਡਾਂ 'ਤੇ ਖਰ੍ਹੇ ਨਹੀਂ ਉਤਰਦੇ ਹਨ। ਹਰ ਸੂਬੇ 'ਚ ਇਕ ਆਰਮੀ ਸਕੂਲ ਹੈ, ਜੋ ਭਾਰਤੀ ਸੁਰੱਖਿਆ ਫੋਰਸ ਵਿਚ ਅਧਿਕਾਰੀਆਂ ਦੀਆਂ ਮੰਗਾਂ ਨੂੰ ਪੂਰਾ ਕਰਨ 'ਚ ਸਮਰੱਥ ਨਹੀਂ ਹੈ।
ਦੂਸ਼ਿਤ ਭੋਜਨ ਅਤੇ ਪਾਣੀ ਦੀ ਭਾਰੀ ਕੀਮਤ ਚੁੱਕਾ ਰਿਹਾ ਹੈ ਹਿੰਦੁਸਤਾਨ
NEXT STORY