ਲਖਨਊ- ਨਵੇਂ ਸਾਲ ਦੇ ਪਹਿਲੇ ਦਿਨ ਇਕ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਨਵੇਂ ਸਾਲ ਦੇ ਮੌਕੇ ਇਕ ਹੀ ਪਰਿਵਾਰ ਦੇ 5 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਹ ਘਟਨਾ ਉੱਤਰ ਪ੍ਰਦੇਸ਼ ਦੇ ਲਖਨਊ ਤੋਂ ਸਾਹਮਣੇ ਆਈ ਹੈ। ਲਖਨਊ ਦੇ ਨਾਕਾ ਸਥਿਤ ਹੋਟਲ ਸ਼ਰਨਜੀਤ ਵਿਚ ਇਕ ਹੀ ਪਰਿਵਾਰ ਦੀਆਂ 5 ਔਰਤਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਆਗਰਾ ਦਾ ਰਹਿਣ ਵਾਲਾ ਪਰਿਵਾਰ ਹੋਟਲ ਵਿਚ ਰੁੱਕਿਆ ਸੀ। ਪੁਲਸ ਨੇ ਦੱਸਿਆ ਕਿ ਅਰਸ਼ਦ ਨਾਂ ਦੇ ਨੌਜਵਾਨ ਨੇ ਆਪਣੀ ਮਾਂ ਅਤੇ 4 ਭੈਣਾਂ ਦਾ ਬਲੇਡ ਨਾਲ ਕੱਟ ਕੇ ਕਤਲ ਕਰ ਦਿੱਤਾ।
ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਡਿਪਟੀ ਕਮਿਸ਼ਨਰ ਆਫ਼ ਪੁਲਸ (ਡੀ. ਸੀ. ਪੀ) (ਸੈਂਟਰਲ ਲਖਨਊ) ਰਵੀਨਾ ਤਿਆਗੀ ਨੇ ਦੱਸਿਆ ਕਿ ਇਹ ਘਟਨਾ ਨਾਕਾ ਇਲਾਕੇ ਵਿਚ ਸਥਿਤ ਹੋਟਲ ਸ਼ਰਨਜੀਤ ਵਿਚ ਵਾਪਰੀ। ਤਿਆਗੀ ਨੇ ਕਿਹਾ ਕਿ ਦੋਸ਼ੀ ਦੀ ਪਛਾਣ ਅਰਸ਼ਦ (24) ਵਜੋਂ ਹੋਈ ਹੈ, ਜਿਸ ਨੇ ਕਥਿਤ ਤੌਰ 'ਤੇ ਆਪਣੇ ਹੀ ਪਰਿਵਾਰ ਦੇ 5 ਮੈਂਬਰਾਂ ਦਾ ਕਤਲ ਕੀਤਾ ਹੈ।
ਪੁਲਸ ਮੁਤਾਬਕ ਮ੍ਰਿਤਕਾਂ ਦੀ ਪਛਾਣ ਆਲੀਆ (9), ਅਲਸ਼ੀਆ (19), ਅਕਸਾ (16), ਰਹਿਮੀਨ (18) ਵਜੋਂ ਹੋਈ ਹੈ। ਸਾਰਿਆਂ ਦੀ ਪਛਾਣ ਅਰਸ਼ਦ ਦੀਆਂ ਭੈਣਾਂ ਅਤੇ ਅਸਮਾ (ਦੋਸ਼ੀ ਨੌਜਵਾਨ ਦੀ ਮਾਂ) ਵਜੋਂ ਹੋਈ ਹੈ। ਤਿਆਗੀ ਨੇ ਦੱਸਿਆ ਕਿ 24 ਸਾਲਾ ਅਰਸ਼ਦ ਆਗਰਾ ਦਾ ਰਹਿਣ ਵਾਲਾ ਹੈ ਅਤੇ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਉਸ ਨੇ ਘਰੇਲੂ ਝਗੜੇ ਕਾਰਨ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਬੂਤ ਇਕੱਠੇ ਕਰਨ ਲਈ ਫੋਰੈਂਸਿਕ ਟੀਮ ਨੂੰ ਮੌਕੇ 'ਤੇ ਭੇਜਿਆ ਗਿਆ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਮਾਤਾ ਵੈਸ਼ਣੋ ਦੇਵੀ ਦੇ ਸ਼ਰਧਾਲੂਆਂ ਲਈ ਨਵੇਂ ਸਾਲ 'ਤੇ ਖ਼ੁਸ਼ਖ਼ਬਰੀ, ਕੱਟੜਾ ਬੰਦ ਤੇ ਰੋਪਵੇਅ ਪ੍ਰਾਜੈਕਟ ਬਾਰੇ ਵੱਡੀ ਅਪਡੇਟ
NEXT STORY