ਨਵੀਂ ਦਿੱਲੀ-ਜ਼ਿਆਦਾਤਰ ਲੋਕਾਂ ਦੀ ਇਹ ਧਾਰਨਾ ਹੈ ਕਿ ਦੇਸ਼ ਵਿਚ ਜ਼ਿਆਦਾਤਰ ਸੜਕ ਹਾਦਸੇ ਖਰਾਬ ਮੌਸਮ, ਭਾਰੀ ਵਰਖਾ ਅਤੇ ਕੋਹਰੇ ਕਾਰਨ ਹੁੰਦੇ ਹਨ ਪਰ ਅਸਲ ਵਿਚ ਅਜਿਹਾ ਨਹੀਂ ਹੈ। ਸਰਕਾਰੀ ਅੰਕੜਿਆਂ ਮੁਤਾਬਕ ਭਾਰਤ ਦੀਆਂ ਸੜਕਾਂ ’ਤੇ ਸਭ ਤੋਂ ਜ਼ਿਆਦਾ ਹਾਦਸੇ ਦਿਨ ਦੇ ਸਮੇਂ ਤੇਜ਼ ਧੁੱਪ ਵਾਲੇ ਦਿਨਾਂ ਵਿਚ ਹੁੰਦੇ ਹਨ। ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲਾ ਵਲੋਂ 2017 ਵਿਚ ਸੜਕ ਹਾਦਸਿਆਂ ’ਤੇ ਜਾਰੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ 2017 ਵਿਚ ਲਗਭਗ 4.7 ਲੱਖ ਸੜਕ ਹਾਦਸਿਆਂ ਵਿਚੋਂ 3.4 ਲੱਖ ਹਾਦਸੇ ਧੁੱਪ ਵਾਲੇ ਦਿਨਾਂ ਵਿਚ ਹੋਏ। ਭਾਰੀ ਵਰਖਾ, ਕੋਹਰਾ ਜਾਂ ਧੁੰਦ ਤੇ ਗੜੇਮਾਰੀ ਵਰਗੇ ਮੌਸਮੀ ਹਾਲਾਤ ਵਿਚ ਹੋਣ ਵਾਲੇ ਸੜਕ ਹਾਦਸਿਆਂ ਦੀ ਕੁਲ ਗਿਣਤੀ ਵਿਚ ਹਿੱਸੇਦਾਰੀ ਸਿਰਫ 16 ਫੀਸਦੀ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਰਖਾ, ਕੋਹਰਾ ਅਤੇ ਗੜੇਮਾਰੀ ਵਰਗੇ ਹਾਲਾਤ ਵਿਚ ਵਾਹਨ ਚਲਾਉਣ ਵਿਚ ਦਿੱਕਤ ਆਉਂਦੀ ਹੈ ਕਿਉਂਕਿ ਸੜਕ ’ਤੇ ਤਿਲਕਣ ਹੁੰਦੀ ਹੈ ਅਤੇ ਘੱਟ ਦਿਖਾਈ ਦਿੰਦਾ ਹੈ। ਹਾਲਾਂਕਿ 2017 ਦੇ ਸੜਕ ਹਾਦਸਿਆਂ ਦੇ ਅੰਕੜੇ ਦਰਸਾਉਂਦੇ ਹਨ ਕਿ ਤਿੰਨ-ਚੌਥਾਈ ਹਾਦਸੇ ਸਾਫ ਮੌਸਮ ਜਾਂ ਧੁੱਪ ਵਾਲੇ ਦਿਨਾਂ ਵਿਚ ਹੋਏ। ਪਿਛਲੇ ਸਾਲ 4.7 ਲੱਖ ਸੜਕ ਹਾਦਸਿਆਂ ਵਿਚ 1.47 ਲੱਖ ਲੋਕਾਂ ਨੇ ਆਪਣੀ ਜਾਨ ਗੁਆਈ । ਅੰਕੜਿਆਂ ਮੁਤਾਬਕ 2017 ਵਿਚ ਭਾਰਤ ’ਚ ਕੁਲ ਸੜਕ ਹਾਦਸਿਆਂ ’ਚ ਧੁੱਪ ਵਿਚ ਹੋਏ ਹਾਦਸਿਆਂ ਦੀ ਹਿੱਸੇਦਾਰੀ 73.3 ਫੀਸਦੀ ਯਾਨੀ 3.4 ਲੱਖ ਹੈ।
ਓਧਰ ਸੜਕ ਹਾਦਸਿਆਂ ਦੌਰਾਨ ਕੁਲ 1,47,913 ਲੋਕਾਂ ਦੀ ਮੌਤ ਹੋਈ ਜਿਨ੍ਹਾਂ ਵਿਚੋਂ 1.02 ਲੱਖ ਲੋਕ ਧੁੱਪ ਵਾਲੇ ਦਿਨਾਂ ਵਿਚ ਮਾਰੇ ਗਏ। ਬਰਸਾਤ ਦੇ ਦਿਨਾਂ ਵਿਚ ਪਿਛਲੇ ਸਾਲ ਕੁਲ 44,010 ਸੜਕ ਹਾਦਸੇ ਹੋਏ। ਇਹ ਕੁਲ ਸੜਕ ਹਾਦਸਿਆਂ ਦਾ ਸਿਰਫ 9.5 ਫੀਸਦੀ ਹੈ। ਸੜਕ ਹਾਦਸਿਆਂ ਵਿਚ ਹੋਈਆਂ ਮੌਤਾਂ ਦੀ ਗਿਣਤੀ ਦਾ 8.9 ਫੀਸਦੀ (13,142) ਹੈ। ਧੁੰਦ ਦੌਰਾਨ ਕੁਲ 26,982 ਹਾਦਸੇ ਹੋਏ ਅਤੇ ਗੜੇਮਾਰੀ ਕਾਰਨ 3,078 ਹਾਦਸੇ ਹੋਏ।
ਰਾਜਧਾਨੀ 'ਚ ਹਵਾ ਦੀ ਗੁਣਵੱਤਾ ਨੂੰ ਲੈ ਕੇ ਅੱਜ ਲਾਗੂ ਹੋਵੇਗੀ ਐਮਰਜੈਂਸੀ (ਪੜ੍ਹੋ 15 ਅਕਤੂਬਰ ਦੀਆਂ ਖਾਸ ਖਬਰਾਂ)
NEXT STORY