ਪਟਨਾ- ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ 'ਚ ਸੋਮਵਾਰ ਸਵੇਰੇ ਇਕ ਦੁਖ਼ਦ ਘਟਨਾ 'ਚ ਇਕ ਹੀ ਪਰਿਵਾਰ ਦੇ 4 ਮੁੰਡੇ ਨਦੀ 'ਚ ਡੁੱਬ ਗਏ। ਇਹ ਹਾਦਸਾ ਸਵੇਰੇ 7.30 ਵਜੇ ਦੇ ਕਰੀਬ ਜਾਦਵਪੁਰ ਪਿੰਡ 'ਚ ਵਾਪਰਿਆ, ਜੋ ਕਿ ਬੈਕੁੰਠਪੁਰ ਥਾਣੇ ਅਧੀਨ ਆਉਂਦਾ ਹੈ। ਬੈਕੁੰਠਪੁਰ ਦੇ ਸਰਕਲ ਅਧਿਕਾਰੀ ਗੌਤਮ ਕੁਮਾਰ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਫਿਲਹਾਲ ਬਚਾਅ ਕਾਰਜ ਜਾਰੀ ਹੈ। ਅਧਿਕਾਰੀ ਮੁਤਾਬਕ ਜਿਵੇਂ ਹੀ ਸਾਨੂੰ ਹਾਦਸੇ ਦੀ ਸੂਚਨਾ ਮਿਲੀ, ਅਸੀਂ ਬਚਾਅ ਮੁਹਿੰਮ ਚਲਾਉਣ ਲਈ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (NDRF) ਨਾਲ ਪਹੁੰਚੇ। ਮੁੰਡੇ ਫ਼ਿਲਹਾਲ ਲਾਪਤਾ ਹਨ। ਬਚਾਅ ਟੀਮਾਂ ਲਾਪਤਾ ਮੁੰਡਿਆਂ ਦਾ ਪਤਾ ਲਾਉਣ ਲਈ ਇਲਾਕੇ ਵਿਚ ਸਰਗਰਮੀ ਨਾਲ ਖੋਜ ਕਰ ਰਹੀਆਂ ਹਨ ਅਤੇ ਸਥਿਤੀ ਨੂੰ ਕਾਬੂ 'ਚ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੀੜਤਾਂ ਦੀ ਪਛਾਣ ਨਿਖਿਲ ਕੁਮਾਰ (16), ਸੁਜੀਤ ਕੁਮਾਰ (16), ਸੰਜੀਵ ਕੁਮਾਰ (14) ਅਤੇ ਸੁਮਿਤ ਕੁਮਾਰ (14) ਵਜੋਂ ਹੋਈ ਹੈ।
ਚਸ਼ਮਦੀਦਾਂ ਨੇ ਦੱਸਿਆ ਕਿ ਨੌਜਵਾਨ ਗੰਡਕ ਨਦੀ 'ਚ ਨਹਾਉਣ ਗਏ ਸਨ ਤਾਂ ਉਨ੍ਹਾਂ 'ਚੋਂ ਇਕ ਡੁੱਬਣ ਲੱਗਾ। ਜਦੋਂ ਉਸ ਨੇ ਮਦਦ ਲਈ ਰੌਲਾ ਪਾਇਆ ਤਾਂ ਤਿੰਨ ਹੋਰ ਨੌਜਵਾਨਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਬਦਕਿਸਮਤੀ ਨਾਲ ਉਹ ਵੀ ਨਦੀ ਦੇ ਤੇਜ਼ ਵਹਾਅ ਵਿਚ ਡੁੱਬ ਗਏ ਅਤੇ ਲਾਪਤਾ ਹੋ ਗਏ। ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਨਾਲ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਵੱਡੀ ਗਿਣਤੀ 'ਚ ਪਿੰਡ ਵਾਸੀ ਮੌਕੇ 'ਤੇ ਇਕੱਠੇ ਹੋ ਗਏ ਹਨ। NDRF ਦੀ ਟੀਮ ਫਿਲਹਾਲ ਉਨ੍ਹਾਂ ਨੂੰ ਲੱਭਣ ਲਈ ਬਚਾਅ ਮੁਹਿੰਮ ਚਲਾ ਰਹੀ ਹੈ।
ਦੱਸਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਗੋਪਾਲਗੰਜ ਜ਼ਿਲ੍ਹੇ ਦੇ ਡੁਮਰੀਆ ਘਾਟ 'ਤੇ ਗੰਡਕ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ, ਜੋ ਜਾਦਵਪੁਰ ਪਿੰਡ ਦੇ ਨੇੜੇ ਹੈ। ਫਿਲਹਾਲ ਡੁਮਰੀਆ ਘਾਟ 'ਤੇ ਨਦੀ ਖਤਰੇ ਦੇ ਨਿਸ਼ਾਨ ਤੋਂ 64 ਸੈਂਟੀਮੀਟਰ ਉੱਪਰ ਵਹਿ ਰਹੀ ਹੈ, ਜਿਸ ਦੇ ਪਾਣੀ ਦਾ ਪੱਧਰ 62.86 ਮੀਟਰ ਹੈ। ਵੱਧਦੇ ਪਾਣੀ ਦੇ ਪੱਧਰ ਨੂੰ ਵੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਪਹਿਲਾਂ ਹੀ ਪਿੰਡ ਵਾਸੀਆਂ ਨੂੰ ਨਦੀ ਵਿਚ ਨਹਾਉਣ ਜਾਂ ਨਦੀ ਦੇ ਕੰਢੇ ਨਾ ਜਾਣ ਦੀ ਚਿਤਾਵਨੀ ਜਾਰੀ ਕੀਤੀ ਸੀ। ਇਨ੍ਹਾਂ ਚੇਤਾਵਨੀਆਂ ਦੇ ਬਾਵਜੂਦ ਇਹ ਦੁਖਦਾਈ ਘਟਨਾ ਵਾਪਰੀ।
ਇਨਾਮੀ ਮਹਿਲਾ ਨਕਸਲੀ ਸਮੇਤ ਤਿੰਨ ਗ੍ਰਿਫ਼ਤਾਰ
NEXT STORY