ਨਵੀਂ ਦਿੱਲੀ : ਭਾਰਤੀ ਖੁਰਾਕ ਸੁਰੱਖਿਆ ਅਤੇ ਮਾਣਕ ਅਥਾਰਟੀ (FSSAI) ਨੇ ਦਿੱਲੀ ਦੇ ਐਰੋਸਿਟੀ ਸਥਿਤ ਪ੍ਰਸਿੱਧ ਪੰਜ-ਸਿਤਾਰਾ (5-star) ਹੋਟਲਾਂ ਜੇਡਬਲਯੂ ਮੈਰੀਅਟ (JW Marriott) ਅਤੇ ਅੰਦਾਜ਼ (Andaz - ਜੂਨੀਪਰ ਹੋਟਲਜ਼) ਨੂੰ ਸਫਾਈ ਅਤੇ ਖੁਰਾਕ ਸੁਰੱਖਿਆ ਨਿਯਮਾਂ ਦੀਆਂ ਗੰਭੀਰ ਉਲੰਘਣਾਵਾਂ ਲਈ ਨੋਟਿਸ ਜਾਰੀ ਕੀਤੇ ਹਨ। ਹੋਟਲਾਂ ਵਿੱਚ ਕੀਤੀ ਗਈ ਅਚਨਚੇਤ ਚੈਕਿੰਗ ਦੌਰਾਨ ਫ੍ਰੀਜ਼ਰਾਂ ਦੇ ਨੇੜੇ ਜਿਉਂਦੇ ਕਾਕਰੋਚ ਘੁੰਮਦੇ ਪਾਏ ਗਏ ਅਤੇ ਭਾਰੀ ਮਾਤਰਾ ਵਿੱਚ ਮਿਆਦ ਪੁੱਗ ਚੁੱਕਾ (expired) ਖਾਣਾ ਬਰਾਮਦ ਹੋਇਆ ਹੈ।
FSSAI ਦੀ ਜਾਂਚ ਟੀਮ ਨੇ ਜਦੋਂ 'ਅੰਦਾਜ਼' ਹੋਟਲ ਦੀ ਜਾਂਚ ਕੀਤੀ ਤਾਂ ਉੱਥੇ ਕਈ ਗੰਭੀਰ ਲਾਪਰਵਾਹੀਆਂ ਸਾਹਮਣੇ ਆਈਆਂ। ਅਧਿਕਾਰੀਆਂ ਨੂੰ ਰਸੋਈ ਵਿੱਚੋਂ ਲਗਭਗ 87 ਕਿੱਲੋ ਮਿਆਦ ਪੁੱਗ ਚੁੱਕੀ ਮਿਠਾਈ, ਇੱਕ ਪੁਰਾਣਾ ਕੇਕ ਬੇਸ ਅਤੇ ਬ੍ਰੈੱਡ ਦੇ ਪੈਕੇਟ ਮਿਲੇ। ਹੋਟਲ ਵਿੱਚ ਸ਼ਾਕਾਹਾਰੀ ਅਤੇ ਮਾਸਾਹਾਰੀ ਖਾਣੇ ਨੂੰ ਵੱਖੋ-ਵੱਖ ਰੱਖਣ ਦਾ ਕੋਈ ਢੁਕਵਾਂ ਪ੍ਰਬੰਧ ਨਹੀਂ ਸੀ, ਸੈਨੀਟੇਸ਼ਨ ਦੀ ਬੇਹੱਦ ਮਾੜੀ ਹਾਲਤ ਸੀ ਅਤੇ ਭੋਜਨ ਰੱਖਣ ਦੇ ਤਰੀਕੇ ਵੀ ਗ਼ਲਤ ਸਨ। ਇਸ ਤੋਂ ਇਲਾਵਾ, ਫ੍ਰੀਜ਼ਰ ਕੋਲ ਜਿਉਂਦੇ ਕਾਕਰੋਚ, ਪੀਸਣ ਵਾਲੇ ਕਮਰੇ (grinding room) ਵਿੱਚ ਮੱਖੀਆਂ-ਮੱਛਰ, ਮੱਕੜੀ ਦੇ ਜਾਲੇ ਅਤੇ ਬੋਤਲਿੰਗ ਪਲਾਂਟ ਦੇ ਅੰਦਰ ਗੁਟਖੇ ਦਾ ਪੈਕੇਟ ਵੀ ਬਰਾਮਦ ਹੋਇਆ।
ਜਾਂਚ ਦੌਰਾਨ ਹੋਟਲ ਵਿੱਚ ਇੱਕ ਹੋਰ ਵੱਡੀ ਲਾਪਰਵਾਹੀ ਸਾਹਮਣੇ ਆਈ, ਜਿੱਥੇ ਮਿਆਦ ਪੁੱਗ ਚੁੱਕੇ ਬ੍ਰੈੱਡ ਦੇ ਪੈਕਟਾਂ ਉੱਤੇ ਦੁਬਾਰਾ ਨਵੀਂ ਤਾਰੀਖ਼ ਲਗਾਈ ਗਈ ਸੀ। ਇਸ ਤੋਂ ਇਲਾਵਾ, ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਠੰਢਾ ਰੱਖਣ ਵਾਲੇ ਚਿਲਰ ਦੋ ਬਾਥਰੂਮਾਂ ਦੇ ਬਿਲਕੁਲ ਵਿਚਕਾਰ ਸਥਿਤ ਸਨ ਅਤੇ ਬਾਥਰੂਮਾਂ ਦੀ ਗੰਦੀ ਹਵਾ ਸਿੱਧੀ ਚਿਲਰ ਵਾਲੇ ਹਿੱਸੇ ਵਿੱਚ ਜਾ ਰਹੀ ਸੀ, ਜਿਸ ਕਾਰਨ ਉੱਥੇ ਭਿਆਨਕ ਬਦਬੂ ਆ ਰਹੀ ਸੀ।
FSSAI ਨੇ ਜੇਡਬਲਯੂ ਮੈਰੀਅਟ ਹੋਟਲ (ਜੋ ਕਿ ਆਰੀਆ ਹੋਟਲਜ਼ ਐਂਡ ਕੰਸਲਟੈਂਸੀ ਸਰਵਿਸਿਜ਼ ਦਾ ਹਿੱਸਾ ਹੈ) ਨੂੰ ਵੀ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਨੋਟਿਸ ਜਾਰੀ ਕੀਤਾ ਹੈ। ਅਧਿਕਾਰੀਆਂ ਨੇ ਹੋਟਲਾਂ ਵਿੱਚ ਵਰਤੇ ਜਾਣ ਵਾਲੇ ਗਾਂ ਦੇ ਘਿਓ, ਮੇਓਨੀਜ਼, ਨਾਰੀਅਲ ਦੁੱਧ ਪਾਊਡਰ, ਸ਼ਹਿਦ, ਮਸੂਰ ਦਾਲ, ਟਮਾਟਰ ਸਾਸ, ਸੰਤਰੇ ਦਾ ਮੁਰੱਬਾ ਅਤੇ ਕੋਕੋਨਟ ਕੁਕੀਜ਼ ਵਰਗੀਆਂ ਚੀਜ਼ਾਂ ਦੇ ਸੈਂਪਲ ਲੈ ਕੇ ਲੈਬਾਰਟਰੀ ਜਾਂਚ ਲਈ ਭੇਜ ਦਿੱਤੇ ਹਨ। ਰਿਪੋਰਟ ਆਉਣ ਤੋਂ ਬਾਅਦ ਹੋਟਲਾਂ ਵਿਰੁੱਧ ਅਗਲੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੋਵਾਂ ਹੋਟਲਾਂ ਨੂੰ ਤੁਰੰਤ ਸੁਧਾਰ ਕਰਨ ਅਤੇ ਜਲਦੀ ਤੋਂ ਜਲਦੀ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ ਗਏ ਹਨ।
ਵੱਡੀ ਖਬਰ: ਮਸ਼ਹੂਰ ਹਰਿਆਣਵੀ ਸਿੰਗਰ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ
NEXT STORY