ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਸ਼ਨੀਵਾਰ ਨੂੰ ਕਿਹਾ ਕਿ ਜੀ-20 ਦੀ ਆਗਾਮੀ ਬੈਠਕ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਸੈਰ-ਸਪਾਟਾ ਖੇਤਰ ਨੂੰ ਹੁਲਾਰਾ ਦੇਵੇਗੀ ਅਤੇ ਨਿਵੇਸ਼ ਨੂੰ ਵੀ ਆਕਰਸ਼ਿਤ ਕਰੇਗੀ। ਸਿਨਹਾ ਨੇ ਕਿਹਾ ਕਿ ਜੰਮੂ-ਕਸ਼ਮੀਰ ਸਰਕਾਰ ਲੋਕਾਂ ਦੇ ਸਰਗਰਮ ਸਹਿਯੋਗ ਨਾਲ ਜੀ-20 ਬੈਠਕ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਨੇ ਇੱਥੇ ਜੇਹਲਮ ਰਾਜਬਾਗ ਰਿਵਰਫਰੰਟ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਜੀ-20 ਬੈਠਕ ਦੀ ਸਫਲਤਾ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਸੈਰ-ਸਪਾਟਾ ਅਤੇ ਨਿਵੇਸ਼ ਨੂੰ ਹੁਲਾਰਾ ਮਿਲੇਗਾ।
ਰਾਜਪਾਲ ਨੇ ਕਿਹਾ ਕਿ ਦੁਨੀਆ ਜੰਮੂ-ਕਸ਼ਮੀਰ ਦੇ ਸੱਭਿਆਚਾਰ ਅਤੇ ਨਿੱਘੀ ਮਹਿਮਾਨਨਿਵਾਜ਼ੀ ਦੀ ਵੀ ਗਵਾਹ ਬਣੇਗੀ। ਉਨ੍ਹਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਇਸ ਸ਼ਾਨਦਾਰ ਸਮਾਗਮ ਲਈ ਜੰਮੂ-ਕਸ਼ਮੀਰ ਨੂੰ ਚੁਣਿਆ ਹੈ। ਜੀ-20 ਟੂਰਿਜ਼ਮ ਵਰਕਿੰਗ ਗਰੁੱਪ ਦੀ ਤੀਜੀ ਮੀਟਿੰਗ 22 ਤੋਂ 24 ਮਈ ਤੱਕ ਸ਼੍ਰੀਨਗਰ 'ਚ ਹੋਵੇਗੀ। 2019 'ਚ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖ਼ਤਮ ਕਰਨ ਅਤੇ ਇਸ ਦੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਵੰਡਣ ਤੋਂ ਬਾਅਦ ਇਹ ਪਹਿਲਾ ਵੱਡਾ ਕੌਮਾਂਤਰੀ ਆਯੋਜਨ ਹੈ।
ਉਪ ਰਾਜਪਾਲ ਨੇ ਕਿਹਾ ਕਿ ਸ਼੍ਰੀਨਗਰ ਸਮਾਰਟ ਸਿਟੀ ਨੇ ਰਾਜਬਾਗ ਰਿਵਰਫਰੰਟ ਨੂੰ ਵਿਸ਼ਵ ਪੱਧਰੀ ਜਨਤਕ ਸਥਾਨ ਵਿਚ ਬਦਲ ਦਿੱਤਾ ਹੈ ਅਤੇ ਨਦੀ-ਲੋਕਾਂ ਦੇ ਸੰਪਰਕ ਨੂੰ ਮਜ਼ਬੂਤ ਕੀਤਾ ਹੈ। ਇਹ ਜੰਮੂ-ਕਸ਼ਮੀਰ ਦੇ ਤੇਜ਼ ਵਿਕਾਸ ਦਾ ਵੀ ਇਕ ਮਜ਼ਬੂਤ ਸੰਕੇਤ ਹੈ। ਉਪ ਰਾਜਪਾਲ ਨੇ ਰਾਜਬਾਗ ਰਿਵਰਫਰੰਟ ਦੇ 6 ਕਿਲੋਮੀਟਰ ਲੰਬੇ ਹਿੱਸੇ ਨੂੰ ਵਾਕਵੇਅ, ਸਾਈਕਲਿੰਗ, ਗਰੀਨ ਸਪੇਸ, ਫਰੀ ਵਾਈ-ਫਾਈ, ਯੂਨੀਵਰਸਲ ਐਕਸੈੱਸ ਅਤੇ ਕਈ ਗਤੀਵਿਧੀਆਂ ਵਰਗੀਆਂ ਸਹੂਲਤਾਂ ਨਾਲ ਵਿਸ਼ਵ ਪੱਧਰੀ ਜਨਤਕ ਸਥਾਨ ਦੇ ਰੂਪ ਵਿਚ ਵਿਕਸਿਤ ਕਰਨ ਲਈ ਸ਼੍ਰੀਨਗਰ ਸਮਾਰਟ ਸਿਟੀ ਲਿਮਟਿਡ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਆਉਣ ਵਾਲੇ ਸਮੇਂ 'ਚ ਇਸ 'ਚ ਇਕ ਲਾਇਬ੍ਰੇਰੀ ਅਤੇ ਕੈਫੇ ਵੀ ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦਰਿਆ ਦੇ ਦੂਜੇ ਪਾਸੇ ਦਾ ਕੰਮ ਜਲਦੀ ਸ਼ੁਰੂ ਹੋ ਜਾਵੇਗਾ।
PM ਮੋਦੀ ਨੇ ਸਿੱਧਰਮਈਆ ਤੇ ਸ਼ਿਵਕੁਮਾਰ ਨੂੰ ਦਿੱਤੀ ਵਧਾਈ
NEXT STORY