ਬੇਗੂਸਰਾਏ : ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ ਦੇ ਚਕੀਆ ਥਾਣਾ ਖੇਤਰ ਵਿੱਚ ਗੈਂਗਰੇਪ ਕੇਸ ਦੀ ਪੀੜਤਾ 'ਤੇ ਇੱਕ ਵਾਰ ਫਿਰ ਤੋਂ ਜਾਨਲੇਵਾ ਹਮਲਾ ਕਰਨ ਦਾ ਖ਼ੌਫ਼ਨਾਕ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਕੁਝ ਬਦਮਾਸ਼ਾਂ ਨੇ ਔਰਤ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਘਰ ਦੀ ਛੱਤ ਤੋਂ ਹੇਠਾਂ ਸੁੱਟ ਦਿੱਤਾ। ਗੰਭੀਰ ਰੂਪ ਵਿੱਚ ਜ਼ਖਮੀ ਹੋਈ ਪੀੜਤਾ ਨੂੰ ਇਲਾਜ ਲਈ ਸਦਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੀੜਤਾ ਨੇ ਪੁਰਾਣੇ ਗੈਂਗਰੇਪ ਮਾਮਲੇ ਦੇ ਦੋਸ਼ੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ 'ਤੇ ਲਗਾਤਾਰ ਧਮਕੀਆਂ ਦੇਣ ਅਤੇ ਇਸ ਹਮਲੇ ਦੇ ਪਿੱਛੇ ਹੋਣ ਦਾ ਗੰਭੀਰ ਦੋਸ਼ ਲਗਾਇਆ ਹੈ।
ਪੀੜਤਾ ਅਨੁਸਾਰ ਸੋਮਵਾਰ ਰਾਤ ਲਗਭਗ 12 ਵਜੇ ਉਸ ਦੀ ਦੋਰਾਣੀ (ਦੇਵਰਾਨੀ) ਦੇ ਘਰ ਦਾ ਦਰਵਾਜ਼ਾ ਬਾਹਰੋਂ ਬੰਦ ਕਰ ਦਿੱਤਾ ਗਿਆ ਸੀ। ਦੋਰਾਣੀ ਨੇ ਫ਼ੋਨ ਕਰਕੇ ਉਸ ਨੂੰ ਦਰਵਾਜ਼ਾ ਖੋਲ੍ਹਣ ਲਈ ਬੁਲਾਇਆ। ਜਿਵੇਂ ਹੀ ਔਰਤ ਦਰਵਾਜ਼ਾ ਖੋਲ੍ਹਣ ਲਈ ਬਾਹਰ ਨਿਕਲੀ, ਤਾਂ ਦੋ ਬਦਮਾਸ਼ ਉਸ ਨੂੰ ਜ਼ਬਰਦਸਤੀ ਪੌੜੀਆਂ ਰਾਹੀਂ ਛੱਤ 'ਤੇ ਲੈ ਗਏ। ਉੱਥੇ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਫਿਰ ਛੱਤ ਤੋਂ ਹੇਠਾਂ ਸੁੱਟ ਦਿੱਤਾ ਗਿਆ। ਬੇਹੋਸ਼ੀ ਦੀ ਹਾਲਤ ਵਿੱਚ ਮਿਲੀ ਪੀੜਤਾ ਨੂੰ ਪਰਿਵਾਰ ਵਾਲੇ ਪਹਿਲਾਂ ਬਰੌਨੀ ਪ੍ਰਾਇਮਰੀ ਹੈਲਥ ਸੈਂਟਰ (PHC) ਲੈ ਕੇ ਗਏ, ਜਿੱਥੋਂ ਉਸ ਨੂੰ ਬਿਹਤਰ ਇਲਾਜ ਲਈ ਸਦਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਜ਼ਿਕਰਯੋਗ ਹੈ ਕਿ ਜੂਨ ਮਹੀਨੇ ਵਿੱਚ ਔਰਤ ਨਾਲ ਘਰ ਵਿੱਚ ਵੜ ਕੇ ਚਾਰ ਜਣਿਆਂ ਵੱਲੋਂ ਗੈਂਗਰੇਪ ਕੀਤਾ ਗਿਆ ਸੀ। ਪੀੜਤਾ ਅਤੇ ਉਸ ਦੇ ਪਤੀ ਦਾ ਦੋਸ਼ ਹੈ ਕਿ ਪੁਰਾਣੇ ਕੇਸ ਦੇ ਦੋਸ਼ੀ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਲਗਾਤਾਰ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਸਨ ਅਤੇ ਉਨ੍ਹਾਂ ਨੇ ਹੀ ਇਸ ਤਾਜ਼ਾ ਹਮਲੇ ਨੂੰ ਅੰਜਾਮ ਦਵਾਇਆ ਹੈ। ਪਰਿਵਾਰ ਅਨੁਸਾਰ ਇਸ ਤੋਂ ਪਹਿਲਾਂ ਵੀ ਔਰਤ ਨਾਲ ਤਿੰਨ ਵਾਰ ਮਾਰਪੀਟ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।
ਹੈੱਡਕੁਆਰਟਰ ਡੀ.ਐੱਸ.ਪੀ. ਨਿਖਿਲ ਕੁਮਾਰ ਅਨੁਸਾਰ ਪੀੜਤ ਔਰਤ ਦੇ ਬਿਆਨ ਦੇ ਆਧਾਰ 'ਤੇ ਐੱਫ.ਆਈ.ਆਰ. (FIR) ਦਰਜ ਕਰ ਲਈ ਗਈ ਹੈ। ਪੁਲਸ ਨੇ ਕਾਰਵਾਈ ਕਰਦਿਆਂ ਭੋਂਗਲ ਕੁਮਾਰ ਨਾਮ ਦੇ ਇੱਕ ਦੋਸ਼ੀ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਹੈ, ਜੋ ਕਿ ਪੁਰਾਣੇ ਗੈਂਗਰੇਪ ਕੇਸ ਦੇ ਮੁੱਖ ਦੋਸ਼ੀ ਰਾਮੂ ਮਹਿਤੋ ਦਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ।
ਪੀੜਤ ਪਰਿਵਾਰ ਨੇ ਚਕੀਆ ਥਾਣਾ ਪੁਲਸ 'ਤੇ ਲਾਪਰਵਾਹੀ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਘਟਨਾ ਤੋਂ ਬਾਅਦ ਸਵੇਰ ਤੋਂ ਥਾਣਾ ਇੰਚਾਰਜ ਨੂੰ ਕਈ ਵਾਰ ਫ਼ੋਨ ਕਰਨ 'ਤੇ ਵੀ ਫ਼ੋਨ ਰਿਸੀਵ ਨਹੀਂ ਕੀਤਾ ਗਿਆ। ਬਾਅਦ ਵਿੱਚ ਹਸਪਤਾਲ ਪੁੱਜ ਕੇ ਐੱਸ.ਪੀ. ਮਨੀਸ਼ ਨੂੰ ਸੂਚਨਾ ਦਿੱਤੇ ਜਾਣ ਤੋਂ ਬਾਅਦ ਨਗਰ ਥਾਣਾ ਪੁਲਸ ਨੇ ਹਸਪਤਾਲ ਪਹੁੰਚ ਕੇ ਪੀੜਤਾ ਦਾ ਬਿਆਨ ਦਰਜ ਕੀਤਾ। ਪੁਲਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਸੋਨੀਆ ਗਾਂਧੀ ਦੀ ਕਿਤਾਬ ਦੇ ਅਧਿਆਇ 16 'ਚ ਅਹਿਮ ਸਵੀਕਾਰੋਕਤੀ ਦਾ ਦਾਅਵਾ: RP Singh
NEXT STORY