ਨੈਸ਼ਨਲ ਡੈਸਕ: ਮੱਧ ਪ੍ਰਦੇਸ਼ ਪੁਲਿਸ ਦੇ ਨਾਰਕੋਟਿਕਸ ਸੈਲ ਨੇ ਸਟੂਡੈਂਟ ਵੀਜ਼ਾ 'ਤੇ ਭਾਰਤ ਆਈ 25 ਸਾਲ ਦੀ ਇੱਕ ਅਫਰੀਕੀ ਔਰਤ ਨੂੰ ਕੋਕੀਨ ਦੀ ਤਸਕਰੀ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ। ਪੁਲਿਸ ਦੇ ਇੱਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲਿਸ ਦੇ ਉਚ ਅਧਿਕਾਰੀ ਮਹੇਸ਼ਚੰਦ ਜੈਨ ਨੇ ਦੱਸਿਆ ਗੁਪਤ ਸੂਚਨਾ ਦੇ ਆਧਾਰ 'ਤੇ ਅਫਰੀਕੀ ਔਰਤ ਨੂੰ ਸ਼ਹਿਰ ਦੇ ਰਿਹਾਇਸ਼ੀ ਇਲਾਕੇ ਵਿਚੋਂ ਗ੍ਰਿਫਤਾਰ ਕੀਤਾ ਗਿਆ, ਜਿਸਦੀ ਪਹਿਚਾਣ ਲਿੰਡਾ (25) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਅਫਰੀਕੀ ਔਰਤ ਮੁੰਬਈ ਤੋਂ ਬੱਸ ਰਾਹੀਂ ਇੰਦੌਰ ਆਈ ਸੀ ਅਤੇ ਉਸਦੇ ਕਬਜ਼ੇ ਵਿਚੋਂ ਲਗਭਗ 31 ਗ੍ਰਾਮ ਕੋਕੀਨ ਬਰਾਮਦ ਕੀਤੀ ਗਈ।
ਉੱਚ ਅਧਿਕਾਰੀ ਨੇ ਦੱਸਿਆ ਕਿ ਕੋਕੀਨ ਦੀ ਇਸ ਖੇਪ ਦੀ ਕੀਮਤ ਕਰੀਬ 15 ਲੱਖ ਰੁਪਏ ਦੱਸੀ ਜਾ ਰਹੀ ਹੈ। ਜੈਨ ਨੇ ਦੱਸਿਆ ਕਿ ਲਿੰਡਾ ਪੱਛਮੀ ਅਫਰੀਕੀ ਦੇਸ਼ ਕੋਤ ਦਿਵਾਰ (ਪੁਰਾਣਾ ਨਾਮ ਆਈਵਰੀ ਕੋਸਟ) ਦੀ ਨਾਗਰਿਕ ਹੈ ਅਤੇ ਇਸ ਸਾਲ ਸਟੂਡੈਂਟ ਵੀਜ਼ਾ 'ਤੇ ਭਾਰਤ ਆਉਣ ਤੋਂ ਬਾਅਦ ਮਹਾਰਾਸ਼ਟਰ ਦੇ ਨਾਲਾਸੁਪਾਰਾ ਇਲਾਕੇ 'ਚ ਰਹਿ ਰਹੀ ਸੀ।
ਉਨ੍ਹਾਂ ਦੱਸਿਆ ਕਿ ਲਿੰਡਾ ਇਕ ਵਿਅਕਤੀ ਨੂੰ ਕੋਕੀਨ ਦੀ ਖੇਪ ਸਪਲਾਈ ਕਰਨ ਲਈ ਮੁੰਬਈ ਤੋਂ ਇੰਦੌਰ ਆਈ ਸੀ ਅਤੇ ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਪਹਿਲਾਂ ਵੀ ਇੰਦੌਰ ਆ ਚੁੱਕੀ ਹੈ। ਉਸ ਤੋਂ ਹੋਰ ਪੁੱਛਗਿੱਛ ਜਾਰੀ ਹੈ। ਉਚ ਅਧਿਕਾਰੀ ਨੇ ਦੱਸਿਆ ਕਿ ਵਿਦੇਸ਼ੀ ਔਰਤ ਵਿਰੁੱਧ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ।
ਨਾਗਪੁਰ ਦੇ ਰਿਹਾਇਸ਼ੀ ਇਲਾਕੇ 'ਚ ਤੇਂਦੂਆ ਦਾਖਲ, ਬਚਾਅ ਕਾਰਜ ਜਾਰੀ
NEXT STORY