ਭੋਪਾਲ : ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ 1 ਮਈ ਤੋਂ 30 ਮਈ 2026 ਤੱਕ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਛੁੱਟੀਆਂ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ। ਕਲੈਕਟਰ ਪ੍ਰਿਅੰਕ ਮਿਸ਼ਰਾ ਵੱਲੋਂ ਜਾਰੀ ਇਹ ਹੁਕਮ ਉਨ੍ਹਾਂ ਕਰਮਚਾਰੀਆਂ 'ਤੇ ਲਾਗੂ ਹੋਣਗੇ, ਜਿਨ੍ਹਾਂ ਦੀ ਡਿਊਟੀ ਆਉਣ ਵਾਲੀ ਮਰਦਮਸ਼ੁਮਾਰੀ ਵਿੱਚ ਲਗਾਈ ਗਈ ਹੈ।
ਜਾਣਕਾਰੀ ਅਨੁਸਾਰ 1 ਮਈ ਤੋਂ ਮਰਦਮਸ਼ੁਮਾਰੀ ਦੇ ਪਹਿਲੇ ਪੜਾਅ ਤਹਿਤ ਮਕਾਨਾਂ ਦੀ ਸੂਚੀ ਬਣਾਉਣ ਅਤੇ ਉਨ੍ਹਾਂ ਦੀ ਗਿਣਤੀ ਕਰਨ ਦਾ ਕੰਮ ਸ਼ੁਰੂ ਹੋਣਾ ਹੈ, ਜੋ 30 ਮਈ ਤੱਕ ਚੱਲੇਗਾ। ਇਸ ਮਹੱਤਵਪੂਰਨ ਕਾਰਜ ਨੂੰ ਸਮੇਂ ਸਿਰ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਭੋਪਾਲ ਦੇ 6 ਹਜ਼ਾਰ ਤੋਂ ਵੱਧ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ।
ਪ੍ਰਸ਼ਾਸਨ ਨੇ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਇਸ ਦੌਰਾਨ ਸਾਰੇ ਕਰਮਚਾਰੀਆਂ ਦੀਆਂ ਹਰ ਤਰ੍ਹਾਂ ਦੀਆਂ ਛੁੱਟੀਆਂ 'ਤੇ ਪਾਬੰਦੀ ਰਹੇਗੀ। ਹਾਲਾਂਕਿ, ਕਿਸੇ ਅਤਿ-ਲੋੜੀਂਦੇ ਪਰਿਵਾਰਕ ਕੰਮ ਜਾਂ ਮੈਡੀਕਲ ਐਮਰਜੈਂਸੀ ਦੀ ਸਥਿਤੀ ਵਿੱਚ, ਵਿਭਾਗ ਦੇ ਮੁਖੀ ਦੀ ਵਿਸ਼ੇਸ਼ ਇਜਾਜ਼ਤ ਤੋਂ ਬਾਅਦ ਹੀ ਛੁੱਟੀ ਮਿਲ ਸਕੇਗੀ। ਤਹਿਸੀਲਦਾਰ ਨੇ ਸਾਰੇ ਸਬੰਧਤ ਅਧਿਕਾਰੀਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਤੈਅ ਸਮੇਂ ਅੰਦਰ ਨਿਭਾਉਣ ਦੇ ਨਿਰਦੇਸ਼ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਇਸ ਵਾਰ ਮਰਦਮਸ਼ੁਮਾਰੀ ਆਧੁਨਿਕ ਡਿਜੀਟਲ ਤਕਨੀਕ ਰਾਹੀਂ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ 16 ਅਪ੍ਰੈਲ ਨੂੰ ਸਵੈ-ਗਣਨਾ ਪੋਰਟਲ ਦੀ ਸ਼ੁਰੂਆਤ ਕੀਤੀ ਸੀ, ਜਿੱਥੇ ਨਾਗਰਿਕ 30 ਅਪ੍ਰੈਲ ਤੱਕ ਖੁਦ ਆਪਣਾ ਵੇਰਵਾ ਆਨਲਾਈਨ ਦਰਜ ਕਰ ਸਕਦੇ ਹਨ। ਇਸ ਤੋਂ ਬਾਅਦ 1 ਮਈ ਤੋਂ ਸਰਕਾਰੀ ਕਰਮਚਾਰੀ ਘਰ-ਘਰ ਜਾ ਕੇ ਸੂਚੀਕਰਨ ਦਾ ਕੰਮ ਸ਼ੁਰੂ ਕਰਨਗੇ।
ਯੂਪੀ ਨੂੰ ਮਿਲੇਗਾ ਵੱਡਾ ਤੋਹਫ਼ਾ: PM ਮੋਦੀ ਅੱਜ ਕਰਨਗੇ ₹36,200 ਕਰੋੜ ਦੇ 'ਗੰਗਾ ਐਕਸਪ੍ਰੈਸਵੇਅ' ਦਾ ਉਦਘਾਟਨ
NEXT STORY