ਗੁਰੂਗ੍ਰਾਮ- ਜ਼ਮੀਨ ਅਤੇ ਭਵਨ ਕਾਰੋਬਾਰ ਨਾਲ ਜੁੜੀ ਇਕ ਕੰਪਨੀ ਨੇ ਫਲੈਟ ਮੁਹੱਈਆ ਕਰਾਉਣ ਦਾ ਦਾਅਵਾ ਕਰ ਕੇ 75 ਤੋਂ ਵੱਧ ਘਰ ਖਰੀਦਦਾਰਾਂ ਤੋਂ 15 ਕਰੋੜ ਰੁਪਏ ਠੱਗ ਲਏ। ਪੁਲਸ ਨੇ ਇੱਥੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਇੱਥੋਂ ਦੇ ਫਾਰੂਖਨਗਰ ਇਲਾਕੇ 'ਚ ਸਥਿਤ ਇਕ ਇੰਫਰਾਸਟ੍ਰਕਚਰ ਪ੍ਰਾਈਵੇਟ ਲਿਮਟਿਡ ਕੰਪਨੀ ਨੇ ਪੀੜਤਾਂ ਨੂੰ ਇਹ ਭਰੋਸਾ ਦੇ ਕੇ ਪੈਸੇ ਲਏ ਸਨ ਕਿ ਉਨ੍ਹਾਂ ਦੇ ਫਲੈਟ ਇਕ ਸਾਲ 'ਚ ਬਣ ਕੇ ਤਿਆਰ ਹੋ ਜਾਣਗੇ ਪਰ 4 ਸਾਲ ਬਾਅਦ ਵੀ ਨਿਰਮਾਣ ਕੰਮ ਸ਼ੁਰੂ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਕੰਪਨੀ ਨੇ ਫਾਰੂਖਨਗਰ ਦੇ ਸੈਕਟਰ 3 ਵਿਚ 'ਅਮਾਇਆ ਗ੍ਰੀਨਜ਼' ਨਾਂ ਦੀ ਰਿਹਾਇਸ਼ੀ ਸੁਸਾਇਟੀ ਵਿਕਸਿਤ ਕਰਨੀ ਸੀ ਅਤੇ ਕੰਪਨੀ ਦੇ ਡਾਇਰੈਕਟਰ ਵਿਜੇ ਰਾਜਨ ਨੇ ਵਿਕਰੀ ਅਤੇ ਪ੍ਰਚਾਰ ਲਈ ਖੇਤਰ ਵਿਚ ਵਿਕਰੀ ਪ੍ਰਤੀਨਿਧੀ ਵੀ ਨਿਯੁਕਤ ਕੀਤੇ ਸਨ।
ਸ਼ਿਕਾਇਤਕਰਤਾ ਆਸ਼ੀਸ਼ ਨੇਗੀ ਅਤੇ 77 ਹੋਰਾਂ ਨੇ ਰਿਹਾਇਸ਼ੀ ਸੁਸਾਇਟੀ ’ਚ ਫਲੈਟ ਬੁੱਕ ਕਰਵਾਏ ਸਨ। ਫਲੈਟ ਦੀ ਬੁਕਿੰਗ ਕਰਦੇ ਸਮੇਂ ਬਿਲਡਰ ਨੇ ਖਰੀਦਦਾਰਾਂ ਨੂੰ ਕਿਹਾ ਸੀ ਕਿ ਸੁਸਾਇਟੀ ਦਾ ਨਕਸ਼ਾ ਨਗਰ ਅਤੇ ਗ੍ਰਾਮ ਨਿਯੋਜਨ ਵਿਭਾਗ (ਡੀਟੀਪੀ) ਕੋਲ ਹੈ। ਉਨ੍ਹਾਂ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਉਨ੍ਹਾਂ ਕਿਹਾ ਕਿ ਅਸੀਂ ਸਾਰੀਆਂ ਅਦਾਇਗੀਆਂ ਕਰ ਦਿੱਤੀਆਂ ਹਨ ਪਰ 4 ਸਾਲ ਬਾਅਦ ਵੀ ਬਿਲਡਰ ਨੇ ਨਾ ਤਾਂ ਸਾਨੂੰ ਫਲੈਟ ਦਾ ਕਬਜ਼ਾ ਦਿੱਤਾ ਅਤੇ ਨਾ ਹੀ ਸਾਡੇ ਪੈਸੇ ਵਾਪਸ ਕੀਤੇ।
ਬਿਲਡਰ ਇਕ ਸੋਚੀ ਸਮਝੀ ਸਾਜ਼ਿਸ਼ ਤਹਿਤ ਸਾਡੇ ਪੈਸੇ ਚੋਰੀ ਕਰਨ ਦੀ ਯੋਜਨਾ ਬਣਾ ਰਿਹਾ ਹੈ। ਅਸੀਂ ਚਾਹੁੰਦੇ ਹਾਂ ਕਿ ਬਿਲਡਰ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਕੰਪਨੀ, ਰਾਜਨ ਅਤੇ ਹੋਰਾਂ ਦੇ ਖਿਲਾਫ ਸ਼ਿਕਾਇਤ ਦੇ ਆਧਾਰ 'ਤੇ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਫਾਰੂਖਨਗਰ ਪੁਲਸ ਸਟੇਸ਼ਨ ’ਚ FIR ਦਰਜ ਕੀਤੀ ਗਈ ਹੈ। ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਰਾਮੋਤਰ ਨੇ ਦੱਸਿਆ ਕਿ ਅਸੀਂ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਦੇਸ਼ 'ਚ ਕੋਰੋਨਾ ਦੇ 20,528 ਨਵੇਂ ਮਾਮਲੇ ਆਏ ਸਾਹਮਣੇ, ਬੀਤੇ 24 ਘੰਟਿਆਂ 'ਚ 49 ਮਰੀਜ਼ਾਂ ਦੀ ਹੋਈ ਮੌਤ
NEXT STORY