ਭੁਵਨੇਸ਼ਵਰ: ਓਡੀਸ਼ਾ ਦੇ ਕਿਓਂਝਰ ਜ਼ਿਲ੍ਹੇ ਵਿੱਚ ਤੇਜ਼ ਬਾਰਿਸ਼ ਅਤੇ ਗੜੇਮਾਰੀ ਨੇ ਭਾਰੀ ਤਬਾਹੀ ਮਚਾਈ ਹੈ। ਅਚਾਨਕ ਬਦਲੇ ਮੌਸਮ ਕਾਰਨ ਹੋਈ ਗੜੇਮਾਰੀ ਨੇ ਜਿੱਥੇ ਆਮ ਜਨਜੀਵਨ ਅਸਤ-ਵਿਅਸਤ ਕਰ ਦਿੱਤਾ, ਉੱਥੇ ਹੀ ਲੋਕਾਂ ਦੇ ਘਰਾਂ ਅਤੇ ਵਾਹਨਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ।
ਜਾਣਕਾਰੀ ਅਨੁਸਾਰ ਕਿਓਂਝਰ ਜ਼ਿਲ੍ਹੇ ਦੇ ਪਟਨਾ ਬਲਾਕ ਵਿੱਚ ਅਚਾਨਕ 'ਕਾਲਬੈਸਾਖੀ' ਬਾਰਿਸ਼ ਨੇ ਦਸਤਕ ਦਿੱਤੀ। ਇਸ ਦੌਰਾਨ ਹੋਈ ਭਾਰੀ ਗੜੇਮਾਰੀ ਕਾਰਨ 50 ਤੋਂ ਵੱਧ ਘਰਾਂ ਦੀਆਂ ਛੱਤਾਂ ਟੁੱਟ ਗਈਆਂ ਹਨ। ਖਾਸ ਕਰਕੇ ਐਸਬੈਸਟਸ ਨਾਲ ਬਣੇ ਮਕਾਨਾਂ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਿਆ ਹੈ। ਮੰਗਲਪੁਰ, ਗੁਲੁਦਿਪਸ਼ੀ, ਸਾਧੁਪੜਾ ਅਤੇ ਮੂਸ਼ਾਖਰੀ ਵਰਗੇ ਇਲਾਕਿਆਂ ਵਿੱਚ ਗੜੇਮਾਰੀ ਕਾਰਨ ਘਰਾਂ ਦੀਆਂ ਛੱਤਾਂ ਟੁੱਟ ਗਈਆਂ।
ਕੁਦਰਤ ਦਾ ਕਹਿਰ ਸਿਰਫ ਘਰਾਂ ਤੱਕ ਹੀ ਸੀਮਤ ਨਹੀਂ ਰਿਹਾ, ਬਲਕਿ ਖੁੱਲ੍ਹੇ ਵਿੱਚ ਖੜ੍ਹੇ ਵਾਹਨਾਂ ਦਾ ਵੀ ਬੁਰਾ ਹਾਲ ਹੋ ਗਿਆ ਹੈ। ਤੇਜ਼ ਰਫ਼ਤਾਰ ਨਾਲ ਹੋਈ ਗੜੇਮਾਰੀ ਕਾਰਨ ਕਈ ਕਾਰਾਂ ਦੇ ਸ਼ੀਸ਼ੇ ਚੂਰ-ਚੂਰ ਹੋ ਗਏ ਅਤੇ ਉਨ੍ਹਾਂ ਦੀਆਂ ਛੱਤਾਂ ਵੀ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਇਸ ਤੋਂ ਇਲਾਵਾ ਸੈਂਕੜੇ ਮੋਟਰਸਾਈਕਲ ਵੀ ਇਸ ਦੀ ਲਪੇਟ ਵਿੱਚ ਆ ਕੇ ਨੁਕਸਾਨੇ ਗਏ ਹਨ।
ਇਸ ਭਾਰੀ ਨੁਕਸਾਨ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਪ੍ਰਸ਼ਾਸਨ ਖਿਲਾਫ ਗੁੱਸਾ ਦੇਖਣ ਨੂੰ ਮਿਲਿਆ। ਮੁਆਵਜ਼ੇ ਦੀ ਮੰਗ ਨੂੰ ਲੈ ਕੇ ਪਿੰਡ ਵਾਸੀਆਂ ਨੇ ਨੈਸ਼ਨਲ ਹਾਈਵੇਅ 220 'ਤੇ ਧਰਨਾ ਲਗਾ ਕੇ ਆਵਾਜਾਈ ਪੂਰੀ ਤਰ੍ਹਾਂ ਠੱਪ ਕਰ ਦਿੱਤੀ। ਸਥਿਤੀ ਨੂੰ ਤਣਾਅਪੂਰਨ ਹੁੰਦਾ ਦੇਖ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਲੋਕਾਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ।
ਪਟਨਾ ਤਹਿਸੀਲ ਦਫ਼ਤਰ ਵੱਲੋਂ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਵੱਲੋਂ ਬੇਘਰ ਹੋਏ ਲੋਕਾਂ ਨੂੰ ਸਕੂਲਾਂ ਵਿੱਚ ਅਸਥਾਈ ਤੌਰ 'ਤੇ ਠਹਿਰਾਉਣ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਪਕਿਆ ਹੋਇਆ ਖਾਣਾ ਵੀ ਦਿੱਤਾ ਜਾ ਰਿਹਾ ਹੈ। ਫਿਲਹਾਲ ਇਲਾਕੇ ਵਿੱਚ ਹਾਲਾਤ ਨੂੰ ਆਮ ਵਾਂਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਲੋਕ ਅਜੇ ਵੀ ਆਪਣੇ ਹੋਏ ਨੁਕਸਾਨ ਲਈ ਮੁਆਵਜ਼ੇ ਦੀ ਮੰਗ 'ਤੇ ਅੜੇ ਹੋਏ ਹਨ।
ਮੁੰਬਈ: ਮਾਟੁੰਗਾ ਰੇਲਵੇ ਵਰਕਸ਼ਾਪ 'ਚ ਲੱਗੀ ਭਿਆਨਕ ਅੱਗ, ਵੈਲਡਿੰਗ ਤੋਂ ਨਿਕਲੀ ਚੰਗਿਆੜੀ ਨੇ ਫੂਕ 'ਤਾ AC ਕੋਚ
NEXT STORY