ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਹਾਥਰਸ ਭਾਜੜ ਮਾਮਲੇ ਦੀ ਜਾਂਚ ਕਰਵਾਉਣ ਸੰਬੰਧੀ ਪਟੀਸ਼ਨ 'ਤੇ ਸ਼ੁੱਕਰਵਾਰ ਨੂੰ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਪਟੀਸ਼ਨਕਰਤਾ ਨੂੰ ਇਲਾਹਾਬਾਦ ਹਾਈ ਕੋਰਟ ਦਾ ਰੁਖ ਕਰਨ ਲਈ ਕਿਹਾ। 2 ਜੁਲਾਈ ਨੂੰ ਹੋਈ ਇਸ ਭਾਜੜ 'ਚ 121 ਲੋਕਾਂ ਦੀ ਮੌਤ ਹੋ ਗਈ ਸੀ। ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ, ਜੱਜ ਜੇ.ਬੀ. ਪਾਰਦੀਵਾਲਾ ਅਤੇ ਜੱਜ ਮਨੋਜ ਮਿਸ਼ਰਾ ਦੀ ਬੈਂਚ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਪਰੇਸ਼ਾਨ ਕਰਨ ਵਾਲੀਆਂ ਹਨ ਪਰ ਹਾਈ ਕੋਰਟ ਅਜਿਹੇ ਮਾਮਲਿਆਂ ਦਾ ਨਿਪਟਾਰਾ ਕਰਨ 'ਚ ਸਮਰੱਥ ਹੈ। ਬੈਂਚ ਨੇ ਕਿਹਾ,''ਬੇਸ਼ੱਕ, ਇਹ ਪਰੇਸ਼ਾਨ ਕਰਨ ਵਾਲੀਆਂ ਘਟਨਾਵਾਂ ਹਨ। ਆਮ ਤੌਰ 'ਤੇ ਅਜਿਹੀਆਂ ਘਟਨਾਵਾਂ ਨੂੰ ਵੱਡਾ ਮੁੱਦਾ ਬਣਾਉਣ ਲਈ ਪਟੀਸ਼ਨਾਂ ਦਾਇਰ ਕੀਤੀਆਂ ਜਾਂਦੀਆਂ ਹਨ। ਹਾਈ ਕੋਰਟ ਅਜਿਹੇ ਮਾਮਲਿਆਂ ਦਾ ਨਿਪਟਾਰਾ ਕਰ ਸਕਦਾ ਹੈ. ਪਟੀਸ਼ਨ ਖਾਰਜ ਕੀਤੀ ਜਾਂਦੀ ਹੈ।''
ਅਦਾਲਤ ਨੇ ਵਕੀਲ ਅਤੇ ਪਟੀਸ਼ਨਕਰਤਾ ਵਿਸ਼ਾਲ ਤਿਵਾੜੀ ਨੂੰ ਹਾਥਰਸ ਭਾਜੜ ਦੀ ਜਾਂਚ ਦੀ ਮੰਗ ਵਾਲੀ ਪਟੀਸ਼ਨ 'ਤੇ ਸੁਣਵਾਈ ਲਈ ਇਲਾਹਾਬਾਦ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਲਈ ਕਿਹਾ। ਤਿਵਾੜੀ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਨਜਿੱਠਣ ਲਈ ਉੱਚਿਤ ਮੈਡੀਕਲ ਸਹੂਲਤਾਂ ਦੀ ਅਣਉਪਲੱਬਧਤਾ ਦਾ ਮੁੱਦਾ ਪੂਰੇ ਭਾਰਤ 'ਚ ਚਿੰਤਾ ਦਾ ਵਿਸ਼ਾ ਹੈ। ਅਜਿਹੇ 'ਚ ਸੁਪਰੀਮ ਕੋਰਟ ਵੀ ਇਸ ਮਾਮਲੇ ਦੀ ਸੁਣਵਾਈ ਕਰ ਸਕਦਾ ਹੈ। ਚੀਫ਼ ਜਸਟਿਸ ਨੇ ਪਟੀਸ਼ਨਕਰਤਾ ਦੀ ਇਸ ਦਲੀਲ ਨੂੰ ਖਾਰਜ ਕਰ ਦਿੱਤਾ। ਪਟੀਸ਼ਨਕਰਤਾ ਨੇ ਹਾਥਰਸ ਜ਼ਿਲ੍ਹੇ ਦੇ ਫੁਲਰਈ ਪਿੰਡ 'ਚ 2 ਜੁਲਾਈ ਨੂੰ ਆਯੋਜਿਤ ਸਤਿਸੰਗ 'ਚ ਹੋਈ ਭਾਜੜ ਦੀ ਘਟਨਾ ਦੀ ਜਾਂਚ ਲਈ ਸਰਵਉੱਚ ਅਦਾਲਤ ਦੇ ਸੇਵਾਮੁਕਤ ਜੱਜ ਦੀ ਨਿਗਰਾਨੀ 'ਚ 5 ਮੈਂਬਰੀ ਮਾਹਿਰ ਕਮੇਟੀ ਨਿਯੁਕਤ ਕੀਤੇ ਜਾਣ ਦੀ ਅਪੀਲ ਕੀਤੀ ਸੀ। ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ 'ਚ 2 ਜੁਲਾਈ ਨੂੰ ਇਕ ਧਾਰਮਿਕ ਸਮਾਗਮ 'ਚ ਭਾਜੜ ਪੈ ਗਈ ਸੀ, ਜਿਸ 'ਚ 121 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋਏ ਸਨ। ਹਾਥਰਸ ਜ਼ਿਲ੍ਹੇ ਦੇ ਫੁਲਰਈ ਪਿੰਡ 'ਚ ਬਾਬਾ ਨਾਰਾਇਣ ਹਰਿ, ਜਿਨ੍ਹਾਂ ਨੂੰ ਸਾਕਾਰ ਵਿਸ਼ਵਹਰਿ ਅਤੇ ਭੋਲੇ ਬਾਬਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਵਲੋਂ ਆਯੋਜਿਤ 'ਸਤਿਸੰਗ' ਲਈ 2.5 ਲੱਖ ਤੋਂ ਵੱਧ ਭਗਤ ਇਕੱਠੇ ਹੋਏ ਸਨ। ਉੱਤਰ ਪ੍ਰਦੇਸ਼ ਪੁਲਸ ਨੇ ਆਯੋਜਕਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਹੈ, ਜਿਸ 'ਚ ਉਨ੍ਹਾਂ 'ਤੇ ਸਬੂਤ ਲੁਕਾਉਣ ਅਤੇ ਸ਼ਰਤਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਸ ਪ੍ਰੋਗਰਾਮ 'ਚ 2.5 ਲੱਖ ਲੋਕ ਇਕੱਠੇ ਹੋਏ ਸਨ, ਜਦੋਂ ਕਿ ਸਿਰਫ਼ 80 ਹਜ਼ਾਰ ਲੋਕਾਂ ਲਈ ਹੀ ਮਨਜ਼ੂਰੀ ਦਿੱਤੀ ਗਈ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਆਸਾਮ 'ਚ ਹੜ੍ਹ ਕਾਰਨ ਬੇਕਾਬੂ ਹੋਏ ਹਾਲਾਤ, 14 ਲੱਖ ਲੋਕਾਂ 'ਤੇ ਕੁਦਰਤ ਦੀ ਮਾਰ
NEXT STORY