ਨਵੀਂ ਦਿੱਲੀ (ਏਜੰਸੀਆਂ)- ਹਵਾ ਦੇ ਲਗਾਤਾਰ ਖਰਾਬ ਹੋਣ ਕਾਰਨ ਹਾਹਾਕਾਰ ਮਚ ਗਈ ਹੈ, ਜਿਸ ਕਾਰਨ ਹਾਈ ਕੋਰਟ ਨੇ ਸ਼ੁੱਕਰਵਾਰ ਦਿੱਲੀ ਸਰਕਾਰ ਨੂੰ ਝਾੜ ਪਾਈ। ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਸ਼ੁੱਕਰਵਾਰ ਮੋਰਚਾ ਸੰਭਾਲਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਵਾਤਾਵਰਣ ਮੰਤਰੀ ਗੋਪਾਲ ਰਾਏ ਦੀ ਮੀਟਿੰਗ ਬੁਲਾਈ। ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ਵਿੱਚ ਸਕਸੈਨਾ ਨੇ ਲੋਕਾਂ ਨੂੰ ਘਰ ਅੰਦਰ ਰਹਿਣ ਅਤੇ ਆਪਣੇ ਆਪ ਖਾਸ ਕਰ ਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਖਤਰਨਾਕ ਵਾਤਾਵਰਣ ਤੋਂ ਬਚਾਉਣ ਦੀ ਅਪੀਲ ਕੀਤੀ। ਰਾਜਧਾਨੀ ਦਿੱਲੀ ਵਿੱਚ ਵੱਧਦੇ ਪ੍ਰਦੂਸ਼ਣ ਨੂੰ ਲੈ ਕੇ ਦਿੱਲੀ ਹਾਈ ਕੋਰਟ ਨੇ ਡਿਊਟੀ ਵਿੱਚ ਲਾਪਰਵਾਹੀ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਪ੍ਰਦੂਸ਼ਣ ਲਈ ਦਿੱਲੀ ਸਰਕਾਰ ਜ਼ਿੰਮੇਵਾਰ ਹੈ। ਹਾਈ ਕੋਰਟ ਨੇ ਪੁੱਛਿਆ ਕਿ ਕੀ ਤੁਸੀਂ ਚਾਹੁੰਦੇ ਹੋ ਕਿ ਲੋਕ ਗੈਸ ਦੇ ਚੈਂਬਰਾਂ ’ਚ ਰਹਿਣ? ਦਿੱਲੀ ਦੀ ਹਵਾ ਦੀ ਗੁਣਵੱਤਾ ਸ਼ੁੱਕਰਵਾਰ ਸਵੇਰੇ ‘ਗੰਭੀਰ’ ਸ਼੍ਰੇਣੀ ਵਿੱਚ ਪਹੁੰਚ ਗਈ। ਇਸ ਅਧੀਨ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਪ੍ਰਦੂਸ਼ਣ ਫੈਲਾਉਣ ਵਾਲੇ ਟਰੱਕਾਂ, ਵਪਾਰਕ ਚਾਰ ਪਹੀਆ ਵਾਹਨਾਂ ਅਤੇ ਹਰ ਤਰ੍ਹਾਂ ਦੀਆਂ ਉਸਾਰੀ ਸਰਗਰਮੀਆਂ ’ਤੇ ਪਾਬੰਦੀ ਸਮੇਤ ਸੰਕਟਕਾਲੀਨ ਉਪਾਵਾਂ ਦੀ ਲੋੜ ਹੁੰਦੀ ਹੈ। ਵੀਰਵਾਰ ਨੂੰ ਸਵੇਰੇ 10 ਵਜੇ ਸ਼ਹਿਰ ਵਿੱਚ ਔਸਤ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ.) 351 ਦਰਜ ਕੀਤਾ ਗਿਆ ਸੀ ਜੋ ਸ਼ੁੱਕਰਵਾਰ ਸਵੇਰੇ 9 ਵਜੇ ਵਧ ਕੇ 471 ਹੋ ਗਿਆ।
ਦਿੱਲੀ ਪਿਛਲੇ 5 ਸਾਲਾਂ ’ਚ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਰਿਹਾ
‘ਰੈਸਪਾਈਰਰ’ ਦੀ ਰਿਪੋਰਟ ਮੁਤਾਬਕ ਦਿੱਲੀ ਪਿਛਲੇ 5 ਸਾਲਾਂ ’ਚ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਰਿਹਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨੈਸ਼ਨਲ ਏਅਰ ਕੁਆਲਿਟੀ ਇੰਡੈਕਸ ਮੁਤਾਬਕ ਸ਼ੁੱਕਰਵਾਰ ਨੂੰ ਕਈ ਇਲਾਕਿਆਂ ’ਚ ਏ.ਕਿਊ.ਆਈ. ਸਵੇਰੇ 8 ਵਜੇ ਹੀ 500 ਤੋਂ ਉਪਰ ਚਲਾ ਗਿਆ ਸੀ। ਇਸ ਤੋਂ ਇਲਾਵਾ ਨੋਇਡਾ ਅਤੇ ਗਾਜ਼ੀਆਬਾਦ ਵਰਗੇ ਸ਼ਹਿਰਾਂ ਵਿੱਚ ਵੀ ਸਥਿਤੀ ਨਾਜ਼ੁਕ ਬਣੀ ਹੋਈ ਹੈ।
ਹਵਾ ਦਾ ਪ੍ਰਦੂਸ਼ਣ ਬਾਲਗਾਂ ਨਾਲੋਂ ਬੱਚਿਆਂ ਲਈ ਵਧੇਰੇ ਖ਼ਤਰਨਾਕ
ਇਸ ਸਾਲ ਵੀ ਰਾਜਧਾਨੀ ਦਿੱਲੀ ਸਮੇਤ ਕਈ ਸੂਬਿਆਂ ਵਿੱਚ ਪ੍ਰਦੂਸ਼ਣ ਦਾ ਪੱਧਰ ਵਧਣ ਕਾਰਨ ਲੋਕਾਂ ਨੂੰ ਸਿਹਤ ਸਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਵਾ ਵਿੱਚ ਪਾਏ ਜਾਣ ਵਾਲੇ ਨੁਕਸਾਨਦੇਹ ਕਣ ਬੱਚਿਆਂ ਅਤੇ ਬਜ਼ੁਰਗਾਂ ਲਈ ਖਾਸ ਕਰ ਕੇ ਸਮੱਸਿਆਵਾਂ ਪੈਦਾ ਕਰਦੇ ਹਨ। ਇਸ ਜ਼ਹਿਰੀਲੀ ਹਵਾ ’ਚ ਸਾਹ ਲੈਣ ਨਾਲ ਬੱਚਿਆਂ ਦੀ ਰੋਗ ਨਾਲ ਲੜਨ ਦੀ ਸ਼ਕਤੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਇਸ ਕਾਰਨ ਬੱਚਿਆਂ ’ਚ ਨਿਮੋਨੀਆ ਵਰਗੀਆਂ ਬੀਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਦਿੱਲੀ ਵਿੱਚ ਹਵਾ ਦੇ ਵਧ ਰਹੇ ਪ੍ਰਦੂਸ਼ਣ ਬਾਰੇ ਗੱਲ ਕਰਦਿਆਂ ਸਰ ਗੰਗਾਰਾਮ ਹਸਪਤਾਲ ਦੇ ਬਾਲ ਰੋਗਾਂ ਦੇ ਮਾਹਿਰ ਡਾਕਟਰ ਧੀਰੇਨ ਗੁਪਤਾ ਨੇ ਕਿਹਾ ਕਿ ਹਵਾ ਦਾ ਪ੍ਰਦੂਸ਼ਣ ਬਾਲਗਾਂ ਨਾਲੋਂ ਬੱਚਿਆਂ ਨੂੰ ਵਧੇਰ ਪ੍ਰਭਾਵਿਤ ਕਰ ਰਿਹਾ ਹੈ।
ਨਿਮੋਨੀਆ ਤੇ ਦਮਾ ਵਰਗੀਆਂ ਹੋ ਸਕਦੀਆਂ ਹਨ ਬਿਮਾਰੀਆਂ
ਸੜਕਾਂ ’ਤੇ ਵਧ ਰਿਹਾ ਪ੍ਰਦੂਸ਼ਣ ਅਤੇ ਸਿਗਰਟਨੋਸ਼ੀ ਦਾ ਧੂੰਆਂ ਨਾ ਸਿਰਫ਼ ਐਲਰਜੀ ਜਾਂ ਦਮੇ ਦੇ ਮਰੀਜ਼ਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਸਗੋਂ ਆਮ ਲੋਕਾਂ ਦੇ ਜੀਵਨ ’ਤੇ ਵੀ ਮਾੜਾ ਪ੍ਰਭਾਵ ਪਾਉਂਦਾ ਹੈ। ਪ੍ਰਦੂਸ਼ਿਤ ਹਵਾ ਕਾਰਨ ਬੱਚਿਆਂ ਵਿੱਚ ਨਿਮੋਨੀਆ, ਫੇਫੜਿਆਂ ਦੀ ਸਮੱਸਿਆ, ਬ੍ਰੌਨਕਾਈਟਿਸ ਅਤੇ ਦਮਾ ਵਰਗੀਆਂ ਬੀਮਾਰੀਆਂ ਵਧ ਜਾਂਦੀਆਂ ਹਨ। ਬੱਚਿਆਂ ਦੇ ਫੇਫੜੇ ਵੀ ਕਮਜ਼ੋਰ ਹੋ ਜਾਂਦੇ ਹਨ।
ਬੱਚਿਆਂ ਨੂੰ ਪ੍ਰਦੂਸ਼ਣ ਤੋਂ ਕਿਵੇਂ ਬਚਾਇਆ ਜਾਵੇ
• ਹਵਾ ਦੇ ਪ੍ਰਦੂਸ਼ਣ ਤੋਂ ਬਚਣ ਲਈ ਸਵੇਰੇ ਜਲਦੀ ਅਤੇ ਸ਼ਾਮ ਨੂੰ ਦੇਰ ਨਾਲ ਬਾਹਰ ਜਾਣ ਤੋਂ ਬਚੋ।
• ਜਦੋਂ ਵੀ ਘਰੋਂ ਬਾਹਰ ਨਿਕਲੋ ਤਾਂ ਮਾਸਕ ਜ਼ਰੂਰ ਪਾਓ।
• ਸਵੇਰੇ ਪਾਰਕ ਵਿਚ ਕਸਰਤ ਕਰਦੇ ਸਮੇਂ ਲੰਬੇ ਡੂੰਘੇ ਸਾਹ ਨਾ ਲਓ।
• ਹਵਾ ਦੇ ਪ੍ਰਦੂਸ਼ਣ ਦੇ ਨੁਕਸਾਨਦੇਹ ਅਸਰ ਤੋਂ ਬਚਣ ਲਈ ਹਰ ਰਾਤ ਬੱਚਿਆਂ ਨੂੰ ਭਾਫ਼ ਦਿਓ।
• ਬੱਚਿਆਂ ਦੀ ਖੁਰਾਕ ਵਿੱਚ ਵਿਟਾਮਿਨ ‘ਸੀ’ ਅਤੇ ਜ਼ਿੰਕ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਲ ਕਰੋ, ਤਾਂ ਜੋ ਇਮਿਊਨਿਟੀ ਨੂੰ ਮਜ਼ਬੂਤ ਕੀਤਾ ਜਾ ਸਕੇ।
• ਘਰ ਅੰਦਰ ਧੂੰਏਂ ਵਾਲੀਆਂ ਚੀਜ਼ਾਂ ਦੀ ਵਰਤੋਂ ਘੱਟ ਤੋਂ ਘੱਟ ਕਰਨ ਦੀ ਕੋਸ਼ਿਸ਼ ਕਰੋ । ਸਿਗਰਟ ਜਾਂ ਤੰਬਾਕੂਨੋਸ਼ੀ ਤੋਂ ਬਚੋ।
PM ਮੋਦੀ ਨੇ ਰਿਸ਼ੀ ਸੁਨਕ ਨਾਲ ਕੀਤੀ ਗੱਲਬਾਤ, ਅੱਤਵਾਦ ਸਣੇ ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ
NEXT STORY