ਪੁਣੇ (ਭਾਸ਼ਾ)— ਜੇਬ 'ਚ ਸਿਰਫ 3 ਰੁਪਏ ਹੋਣ ਅਤੇ ਸਾਹਮਣੇ 40 ਹਜ਼ਾਰ ਰੁਪਏ ਪਏ ਮਿਲ ਜਾਣ ਤਾਂ ਸ਼ਾਇਦ ਚੰਗੇ-ਭਲੇ ਇਨਸਾਨ ਦਾ ਈਮਾਨ ਡੋਲ ਜਾਵੇ ਪਰ ਮਹਾਰਾਸ਼ਟਰ 'ਚ ਸਤਾਰਾ ਦੇ ਧਾਨਜੀ ਜਗਦਾਲੇ ਨੇ ਅਜਿਹੇ ਹਾਲਾਤ 'ਚ ਵੀ ਆਪਣਾ ਈਮਾਨ ਨਹੀਂ ਡੋਲਣ ਦਿੱਤਾ ਅਤੇ ਈਮਾਨਦਾਰੀ ਦੀ ਮਿਸਾਲ ਪੇਸ਼ ਕੀਤੀ। ਛੋਟੇ-ਮੋਟੇ ਕੰਮ ਕਰ ਕੇ ਕਿਸੇ ਤਰ੍ਹਾਂ ਗੁਜ਼ਾਰਾ ਕਰਨ ਵਾਲੇ 54 ਸਾਲ ਦੇ ਧਾਨਜੀ ਜਗਦਾਲੇ ਨੇ ਦੀਵਾਲੀ 'ਤੇ ਇਕ ਬੱਸ ਅੱਡੇ 'ਤੇ ਲੱਭੇ 40 ਹਜ਼ਾਰ ਰੁਪਏ ਉਸ ਦੇ ਅਸਲੀ ਮਾਲਕ ਤਕ ਪਹੁੰਚਾਏ। ਜਗਦਾਲੇ ਦੀ ਇਸ ਈਮਾਨਦਾਰੀ ਤੋਂ ਪ੍ਰਭਾਵਿਤ ਹੋ ਕੇ ਪੈਸਿਆਂ ਦੇ ਮਾਲਕ ਨੇ ਉਨ੍ਹਾਂ ਨੂੰ ਇਨਾਮ ਦੇ ਤੌਰ 'ਤੇ 1 ਹਜ਼ਾਰ ਰੁਪਏ ਦੇਣਾ ਚਾਹਿਆ ਸੀ ਪਰ ਜਗਦਾਲੇ ਨੇ ਸਿਰਫ 7 ਰੁਪਏ ਸਵੀਕਾਰ ਕੀਤੇ, ਕਿਉਂਕਿ ਉਨ੍ਹਾਂ ਦੀ ਜੇਬ 'ਚ ਸਿਰਫ 3 ਰੁਪਏ ਸਨ ਅਤੇ ਸਤਾਰਾ ਦੇ ਮਾਨ ਤਾਲੁਕਾ ਸਥਿਤ ਆਪਣੇ ਪਿੰਗਾਲੀ ਪਿੰਡ ਜਾਣ ਲਈ ਬੱਸ ਦੇ ਕਿਰਾਏ ਦੇ ਤੌਰ 'ਤੇ ਉਨ੍ਹਾਂ ਨੂੰ 10 ਰੁਪਏ ਦੀ ਲੋੜ ਸੀ।
ਆਓ ਜਾਣਦੇ ਹਾਂ ਪੂਰੀ ਕਹਾਣੀ ਜਗਦਾਲੇ ਦੇ ਜ਼ੁਬਾਨੀ—
''ਮੈਂ ਕਿਸੇ ਕੰਮ ਤੋਂ ਦੀਵਾਲੀ 'ਤੇ ਦਹੀਵਾੜੀ ਗਿਆ ਸੀ ਅਤੇ ਵਾਪਸ ਬੱਸ ਸਟੈਂਡ 'ਤੇ ਆਇਆ। ਮੈਨੂੰ ਨੇੜੇ ਹੀ ਨੋਟਾਂ ਦਾ ਇਕ ਬੰਡਲ ਮਿਲਿਆ। ਮੈਂ ਆਲੇ-ਦੁਆਲੇ ਦੇ ਲੋਕਾਂ ਨੂੰ ਪੁੱਛਿਆ ਤਾਂ ਮੈਂ ਇਕ ਪਰੇਸ਼ਾਨ ਵਿਅਕਤੀ ਨੂੰ ਦੇਖਿਆ ਜੋ ਕੁਝ ਲੱਭ ਰਿਹਾ ਸੀ। ਮੈਂ ਛੇਤੀ ਹੀ ਸਮਝ ਗਿਆ ਕਿ ਨੋਟਾਂ ਦਾ ਇਹ ਬੰਡਲ ਉਸ ਸ਼ਖਸ ਦਾ ਹੈ।'' ਉਨ੍ਹਾਂ ਨੇ ਅੱਗੇ ਦੱਸਿਆ, ''ਉਸ ਵਿਅਕਤੀ ਨੇ ਦੱਸਿਆ ਕਿ ਬੰਡਲ 'ਚ 40 ਹਜ਼ਾਰ ਰੁਪਏ ਹਨ। ਉਸ ਨੇ ਉਹ ਰੁਪਏ ਆਪਣੀ ਪਤਨੀ ਦੇ ਆਪਰੇਸ਼ਨ ਲਈ ਰੱਖੇ ਸਨ। ਉਹ ਮੈਨੂੰ 1 ਹਜ਼ਾਰ ਰੁਪਏ ਦੇਣਾ ਚਾਹੁੰਦਾ ਸੀ ਪਰ ਮੈਂ ਸਿਰਫ 7 ਰੁਪਏ ਲਏ ਕਿਉਂਕਿ ਮੇਰੇ ਪਿੰਡ ਤਕ ਦਾ ਬੱਸ ਦਾ ਕਿਰਾਇਆ 10 ਰੁਪਏ ਸੀ, ਜਦਕਿ ਮੇਰੀ ਜੇਬ ਵਿਚ ਸਿਰਫ 3 ਰੁਪਏ ਪਏ ਸਨ।''
ਇਸ ਵਾਕਿਆ ਦੇ ਸਾਹਮਣੇ ਆਉਣ ਤੋਂ ਬਾਅਦ ਸਤਾਰਾ ਦੇ ਭਾਜਪਾ ਵਿਧਾਇਕ ਸ਼ਿਵੇਂਦਰਰਾਜੇ ਭੋਸਲੇ, ਸਾਬਕਾ ਸੰਸਦ ਮੈਂਬਰ ਉਦੈਨਰਾਜੇ ਭੋਸਲੇ ਅਤੇ ਕਈ ਹੋਰ ਸੰਗਠਨਾਂ ਨੇ ਜਗਦਾਲੇ ਦਾ ਸਨਮਾਨ ਕੀਤਾ। ਉਨ੍ਹਾਂ ਨੇ ਨਕਦੀ ਪੁਰਸਕਾਰ ਲੈਣ ਤੋਂ ਮਨਾ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕਿਸੇ ਦਾ ਰੁਪਇਆ ਲੈਣ ਨਾਲ ਸੰਤੁਸ਼ਟੀ ਨਹੀਂ ਆਉਂਦੀ। ਮੈਂ ਸਿਰਫ ਇਹ ਹੀ ਸੰਦੇਸ਼ ਫੈਲਾਉਣਾ ਚਾਹੁੰਦਾ ਹਾਂ ਕਿ ਲੋਕਾਂ ਨੂੰ ਈਮਾਨਦਾਰੀ ਨਾਲ ਰਹਿਣਾ ਚਾਹੀਦਾ ਹੈ।
ਕੇਜਰੀਵਾਲ ਸਰਕਾਰ ਨੇ ਪ੍ਰਦੂਸ਼ਣ ਦੇ ਨਾਂ 'ਤੇ ਸਿਰਫ਼ ਇਸ਼ਤਿਹਾਰਾਂ 'ਤੇ ਪੈਸਾ ਬਰਬਾਦ ਕੀਤਾ : ਜਾਵਡੇਕਰ
NEXT STORY