ਬੈਂਗਲੁਰੂ– ਹਾਸਨ ਤੋਂ ਮੌਜੂਦਾ ਸੰਸਦ ਮੈਂਬਰ ਤੇ ਸਾਬਕਾ ਪ੍ਰਧਾਨ ਮੰਤਰੀ ਐੱਚ. ਡੀ. ਦੇਵਗੌੜਾ ਦੇ ਪੋਤੇ ਪ੍ਰਜਵਲ ਰੇਵੰਨਾ ਦੇ ਸੈਕਸ ਸਕੈਂਡਲ ਮਾਮਲੇ ’ਚ ਨਵਾਂ ਮੋੜ ਸਾਹਮਣੇ ਆਇਆ ਹੈ। ਰੇਵੰਨਾ ਪਰਿਵਾਰ ਦੇ ਸਾਬਕਾ ਡਰਾਈਵਰ ਕਾਰਤਿਕ ਨੇ ਮੰਗਲਵਾਰ ਨੂੰ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਸ ਨੇ ਜਨਤਾ ਦਲ (ਸੈਕੂਲਰ) ਦੇ ਮੁਅੱਤਲ ਨੇਤਾ ਪ੍ਰਜਵਲ ਰੇਵੰਨਾ ਦੇ ਕਥਿਤ ਸੈਕਸ ਸਕੈਂਡਲ ਵੀਡੀਓਜ਼ ਦੀ ਪੈੱਨ ਡਰਾਈਵ ਕਾਂਗਰਸ ਨਾਲ ਸਾਂਝੀ ਕੀਤੀ ਸੀ। ਸਾਬਕਾ ਡਰਾਈਵਰ ਨੇ ਕਿਹਾ ਕਿ ਉਸ ਨੇ ਇਹ ਵੀਡੀਓਜ਼ ਕਰਨਾਟਕ ਦੇ ਭਾਜਪਾ ਨੇਤਾ ਦੇਵਰਾਜ ਗੌੜਾ ਨੂੰ ਹੀ ਦਿੱਤੀਆਂ ਸਨ।
ਕੀ ਹੈ ਪੂਰਾ ਮਾਮਲਾ?
ਪ੍ਰਜਵਲ ਦਾ ਪੁਰਾਣੀ ਡਰਾਈਵਰ ਕਾਰਤਿਕ ਮੀਡੀਆ ਦੇ ਸਾਹਮਣੇ ਆਇਆ। ਕਾਰਤਿਕ ਉਹੀ ਵਿਅਕਤੀ ਹੈ, ਜਿਸ ਨੇ ਪ੍ਰਜਵਲ ਦੇ ਫੋਨ ਤੋਂ ਅਸ਼ਲੀਲ ਕਲਿੱਪਾਂ ਦੀ ਨਕਲ ਕੀਤੀ ਸੀ। ਕਾਰਤਿਕ ਨੇ 17 ਸਾਲਾਂ ਤੱਕ ਪ੍ਰਜਵਲ ਲਈ ਡਰਾਈਵਰ ਵਜੋਂ ਕੰਮ ਕੀਤਾ।
ਪਿਛਲੇ ਸਾਲ ਜ਼ਮੀਨ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋ ਗਿਆ ਸੀ ਤੇ ਕਾਰਤਿਕ ਨੇ ਨੌਕਰੀ ਛੱਡ ਦਿੱਤੀ ਸੀ। ਕਾਰਤਿਕ ਦਾ ਕਹਿਣਾ ਹੈ ਕਿ ਪ੍ਰਜਵਲ ਤੇ ਉਸ ਦੇ ਪਰਿਵਾਰ ਨੇ ਉਸ ਦੀ ਜ਼ਮੀਨ ਜ਼ਬਰਦਸਤੀ ਹੜੱਪ ਲਈ ਤੇ ਸਵਾਲ ਪੁੱਛਣ ’ਤੇ ਉਸ ਨੂੰ ਤੇ ਉਸ ਦੀ ਪਤਨੀ ਨੂੰ ਤਸੀਹੇ ਦਿੱਤੇ।
ਡਰਾਈਵਰ ਕਾਰਤਿਕ ਨੇ ਕਰਨਾਟਕ ਦੇ ਭਾਜਪਾ ਨੇਤਾ ਦੇਵਰਾਜ ਗੌੜਾ ਨਾਲ ਸੰਪਰਕ ਕਰਕੇ ਪ੍ਰਜਵਲ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਸੀ। ਦੇਵਰਾਜ ਗੌੜਾ ਉਹ ਨੇਤਾ ਸੀ, ਜਿਸ ਨੇ ਹਾਸਨ ’ਚ ਰੇਵੰਨਾ ਪਰਿਵਾਰ ਦੇ ਖ਼ਿਲਾਫ਼ ਮੋਰਚਾ ਸ਼ੁਰੂ ਕੀਤਾ ਸੀ ਤੇ ਪੇਸ਼ੇ ਤੋਂ ਇਕ ਵਕੀਲ ਹੈ। 2023 ’ਚ ਗੌੜਾ ਐੱਚ. ਡੀ. ਰੇਵੰਨਾ ਦੇ ਖ਼ਿਲਾਫ਼ ਭਾਜਪਾ ਦੀ ਟਿਕਟ ’ਤੇ ਚੋਣ ਵੀ ਲੜ ਚੁੱਕੇ ਹਨ।
ਇਹ ਖ਼ਬਰ ਵੀ ਪੜ੍ਹੋ : ‘ਖਾਲਿਸਤਾਨ ਸਮਰਥਕਾਂ ਦਾ ਖੁੱਲ੍ਹ ਕੇ ਪ੍ਰਚਾਰ ਤੇ ਪ੍ਰਸਾਰ ਦਾ ਮਾਧਿਅਮ ਬਣ ਰਹੀ ਕੈਨੇਡਾ ਸਰਕਾਰ’
ਜਿਵੇਂ ਹੀ ਪ੍ਰਜਵਲ ਰੇਵੰਨਾ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਆਪਣੇ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੀ ਅਸ਼ਲੀਲ ਵੀਡੀਓ ਜਾਂ ਫੋਟੋ ਨੂੰ ਪ੍ਰਸਾਰਿਤ ਕਰਨ ’ਤੇ ਅਦਾਲਤ ਤੋਂ ਸਟੇਅ ਲੈ ਲਿਆ। ਕਾਰਤਿਕ ਮੁਤਾਬਕ ਦੇਵਰਾਜ ਗੌੜਾ ਨੇ ਅਦਾਲਤ ਦੇ ਹੁਕਮਾਂ ਨੂੰ ਦੇਖਦਿਆਂ ਅਸ਼ਲੀਲ ਕਲਿੱਪਾਂ ਦੀ ਕਾਪੀ ਦੇਣ ਲਈ ਕਿਹਾ ਤਾਂ ਜੋ ਇਸ ਨੂੰ ਸਿੱਧੇ ਜੱਜ ਨੂੰ ਦਿੱਤਾ ਜਾ ਸਕੇ ਤੇ ਸਟੇਅ ਲਗਾਈ ਜਾ ਸਕੇ।
ਡਰਾਈਵਰ ਕਾਰਤਿਕ ਨੇ ਕਿਹਾ ਕਿ ਉਸ ਨੇ ਇਨ੍ਹਾਂ ਅਸ਼ਲੀਲ ਵੀਡੀਓਜ਼ ਦੀ ਕਾਪੀ ਦੇਵਰਾਜ ਗੌੜਾ ਨੂੰ ਛੱਡ ਕੇ ਕਿਸੇ ਨੂੰ ਨਹੀਂ ਦਿੱਤੀ। ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਹ ਕਿਸੇ ਹੋਰ ਕੋਲ ਕਿਵੇਂ ਪਹੁੰਚੀਆਂ ਤੇ ਫਿਰ ਕਿਸ ਨੇ ਫੈਲਾਈਆਂ।
ਕਾਰਤਿਕ ਨੇ ਦੇਵਰਾਜ ਗੌੜਾ ’ਤੇ ਇਸ ਨੂੰ ਲੀਕ ਕਰਨ ਦਾ ਦੋਸ਼ ਲਗਾਇਆ ਤੇ ਕਿਹਾ ਕਿ ਉਹ ਐੱਸ. ਆਈ. ਟੀ. ਦੇ ਸਾਹਮਣੇ ਬਿਆਨ ਦੇਣਗੇ।
ਕਾਰਤਿਕ ਦੇ ਦੋਸ਼ਾਂ ’ਤੇ ਭਾਜਪਾ ਨੇਤਾ ਦੇਵਰਾਜ ਗੌੜਾ ਨੇ ਕੀ ਕਿਹਾ?
ਭਾਜਪਾ ਨੇਤਾ ਤੇ ਪੇਸ਼ੇ ਤੋਂ ਵਕੀਲ ਦੇਵਰਾਜ ਗੌੜਾ ਨੇ ਕਾਰਤਿਕ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਮੈਂ ਵਕੀਲ ਹੋਣ ਦਾ ਫਰਜ਼ ਨਿਭਾਇਆ ਹੈ। ਪਿੰਡ ਦੀਆਂ ਔਰਤਾਂ ਦੀ ਪਛਾਣ ਮੇਰੇ ਲਈ ਜ਼ਿਆਦਾ ਜ਼ਰੂਰੀ ਸੀ। ਜੇ ਮੈਂ ਰਾਜਨੀਤੀ ਕਰਨਾ ਚਾਹੁੰਦਾ ਤਾਂ ਪਾਰਟੀ ਲੀਡਰਸ਼ਿਪ ਨੂੰ ਚਿੱਠੀ ਲਿਖਣ ਦੀ ਬਜਾਏ ਪੈੱਨ ਡਰਾਈਵ ਭੇਜਦਾ। ਪ੍ਰਜਵਲ ਦੀ ਟਿਕਟ ਆਪਣੇ ਆਪ ਹੀ ਕੱਟ ਦਿੱਤੀ ਜਾਂਦੀ।
ਦੇਵਰਾਜ ਗੌੜਾ ਨੇ ਕਿਹਾ ਕਿ ਐੱਸ. ਆਈ. ਟੀ. ਜਾਂਚ ਤੋਂ ਇਹ ਵੀ ਪਤਾ ਚੱਲੇਗਾ ਕਿ ਕਾਰਤਿਕ ਨੇ ਪ੍ਰਜਵਲ ਦੇ ਨਿੱਜੀ ਫੋਨ ਤੋਂ ਕਲਿੱਪਾਂ ਦੀ ਨਕਲ ਕਿਵੇਂ ਕੀਤੀ। ਉਹ ਮੈਨੂੰ ਮਿਲਣ ਤੋਂ ਪਹਿਲਾਂ ਕਾਂਗਰਸੀ ਆਗੂਆਂ ਨੂੰ ਕਿਉਂ ਮਿਲੇ?
ਪ੍ਰਜਵਲ ਦੀਆਂ ਮੁਸ਼ਕਿਲਾਂ ਵੱਧ ਗਈਆਂ
ਜੇ. ਡੀ. ਐੱਸ. ਨੇ ਸੈਕਸ ਸਕੈਂਡਲ ’ਚ ਉਲਝੇ ਹਾਸਨ ਦੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਨੂੰ ਮੁਅੱਤਲ ਕਰ ਦਿੱਤਾ ਹੈ ਤੇ ਨਾਲ ਹੀ ਕਾਰਨ ਦੱਸੋ ਨੋਟਿਸ ਵੀ ਭੇਜਿਆ ਗਿਆ ਹੈ। ਇਹ ਫ਼ੈਸਲਾ ਹੁਬਲੀ ’ਚ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ’ਚ ਲਿਆ ਗਿਆ ਹੈ।
ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਲਈ ਬਣਾਈ ਗਈ ਐੱਸ. ਆਈ. ਟੀ. ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਚ. ਡੀ. ਰੇਵੰਨਾ ਤੇ ਉਸ ਦੇ ਪੁੱਤਰ ਪ੍ਰਜਵਲ ਰੇਵੰਨਾ ਖ਼ਿਲਾਫ਼ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਣ ਵਾਲੇ ਹਾਊਸ ਹੈਲਪਰ ਦੇ ਬਿਆਨ ਅੱਜ ਦਰਜ ਕਰ ਲਏ ਗਏ ਹਨ। ਐੱਸ. ਆਈ. ਟੀ. ਨੇ ਅਸ਼ਲੀਲ ਕਲਿੱਪਾਂ ਵਾਲੀ ਪੈੱਨ ਡਰਾਈਵ ਵੀ ਜਾਂਚ ਲਈ ਐੱਫ. ਐੱਸ. ਐੱਲ. ਨੂੰ ਭੇਜ ਦਿੱਤੀ ਹੈ।
ਇਨ੍ਹਾਂ ਵੀਡੀਓਜ਼ ਤੇ ਤਸਵੀਰਾਂ ਰਾਹੀਂ ਟੀਮ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਹੋਰ ਪੀੜਤਾਂ ਤੱਕ ਵੀ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਹਮਲਾਵਰ ਹੈ। ਰੇਵੰਨਾ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਸੂਬੇ ’ਚ ਥਾਂ-ਥਾਂ ਵਿਰੋਧ ਪ੍ਰਦਰਸ਼ਨ ਜਾਰੀ ਹਨ। ਕਾਂਗਰਸ ਨੇ ਅੱਜ ਬੈਂਗਲੁਰੂ ’ਚ ਭਾਜਪਾ ਦੇ ਸੂਬਾ ਹੈੱਡਕੁਆਰਟਰ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਇਸ ਦੌਰਾਨ NSUI ਮੈਂਬਰ ਸੂਬੇ ਭਰ ਦੇ ਕਾਲਜਾਂ ਅੰਦਰ ਰੋਸ ਪ੍ਰਦਰਸ਼ਨ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ED ਨੇ ਹਰਿਆਣਾ ਦੇ ਕਾਂਗਰਸ ਵਿਧਾਇਕ ਦੇ ਬੇਟੇ ਨੂੰ ਮਨੀ ਲਾਂਡਰਿੰਗ ਮਾਮਲੇ 'ਚ ਕੀਤਾ ਗ੍ਰਿਫ਼ਤਾਰ
NEXT STORY