ਨਵੀਂ ਦਿੱਲੀ- ਲੋਕ ਸਭਾ ਚੋਣਾਂ 2024 ਲਈ 7ਵੇਂ ਪੜਾਅ ਦੀ ਵੋਟਿੰਗ ਖ਼ਤਮ ਹੋਣ ਤੋਂ ਬਾਅਦ ਐਗਜ਼ਿਟ ਪੋਲ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਐਗਜ਼ਿਟ ਪੋਲ 'ਚ ਦਿੱਲੀ 'ਚ ਕਮਲ ਖਿੜ ਰਿਹਾ ਹੈ। ਮੋਦੀ ਲਹਿਰ 'ਚ ਇਕ ਵਾਰ ਫਿਰ 'ਆਪ' ਅਤੇ ਕਾਂਗਰਸ ਉਡਦੀ ਹੋਈ ਨਜ਼ਰ ਆ ਰਹੀ ਹੈ। ਐਗਜ਼ਿਟ ਪੋਲ 'ਚ ਭਾਜਪਾ ਦੇ ਖ਼ਾਤੇ 'ਚ ਦਿੱਲੀ ਦੀਆਂ ਸਾਰੀਆਂ 7 ਸੀਟਾਂ ਮਿਲਦੀਆਂ ਦਿਸ ਰਹੀਆਂ ਹਨ ਜਦੋਂਕਿ 'ਆਪ' ਅਤੇ ਕਾਂਗਰਸ ਆਪਣਾ ਖ਼ਾਤਾ ਤੱਕ ਨਹੀਂ ਖੋਲ੍ਹ ਸਕੀ ਹੈ।
ਟੀਵੀ9 ਭਾਰਤਵਰਸ਼, POLSTRAT ਅਤੇ PEOPLE’S INSIGHT ਦੇ ਐਗਜ਼ਿਟ ਪੋਲ ਮੁਤਾਬਕ, ਦਿੱਲੀ ਦੀਆਂ ਸਾਰੀਆਂ 7 ਸੀਟਾਂ ਭਾਰਤੀ ਜਨਤਾ ਪਾਰਟੀ ਜਿੱਤ ਸਕਦੀ ਹੈ। ਉਥੇ ਹੀ 'ਇੰਡੀਆ' ਗਠਜੋੜ ਦਾ ਇੱਥੇ ਖ਼ਾਤਾ ਵੀ ਖੁੱਲ੍ਹਦਾ ਨਹੀਂ ਦਿਸ ਰਿਹਾ। ਇਕ ਸਮੇਂ ਤੱਕ ਕਾਂਗਰਸ ਦਾ ਗੜ੍ਹ ਰਹੀ ਦਿੱਲੀ ਪਿਛਲੀਆਂ ਦੋ ਲੋਕ ਸਭਾ ਚੋਣਾਂ ਤੋਂ ਭਾਰਤੀ ਜਨਤਾ ਪਾਰਟੀ ਦੇ ਪੱਖ 'ਚ ਜਾਂਦੀ ਰਹੀ ਹੈ। 2014 ਲੋਕ ਸਭਾ ਚੋਣਾਂ ਅਤੇ 2019 ਲੋਕ ਸਭਾ ਚੋਣਾਂ 'ਚ ਵੀ ਦਿੱਲੀ ਦੀਆਂ ਸਾਰੀਆਂ 7 ਸੀਟਾਂ 'ਤੇ ਭਾਜਪਾ ਨੂੰ ਇਕਤਰਫਾ ਜਿੱਤ ਮਿਲੀ ਸੀ।
ਦਿੱਲੀ 'ਚ ਸਾਰੀਆਂ 7 ਸੀਟਾਂ 'ਤੇ ਭਾਜਪਾ ਅਤੇ 'ਇੰਡੀਆ' ਗਠਜੋੜ ਵਿਚਾਲੇ ਸਿੱਧਾ ਮੁਕਾਬਲਾ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਗਠਜੋੜ ਤਹਿਤ ਚੋਣ ਮੈਦਾਨ 'ਚ ਹਨ। ਪਹਿਲੀ ਵਾਰ ਹੋਇਆ ਹੈ ਜਦੋਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਭਾਜਪਾ ਖਿਲਾਫ ਸਾਂਝੇ ਉਮੀਦਵਾਰ ਉਤਾਰੇ ਹਨ। 'ਆਪ' ਜਿੱਥੇ ਚਾਰ ਸੀਟਾਂ 'ਤੇ ਚੋਣ ਲੜ ਰਹੀ ਹੈ, ਉਥੇ ਹੀ ਕਾਂਗਰਸ ਨੇ ਬਾਕੀ 3 ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰੇ ਹਨ। ਰਾਸ਼ਟਰੀ ਰਾਜਧਾਨੀ 'ਚ 25 ਮਈ ਨੂੰ ਇਕ ਹੀ ਪੜਾਅ 'ਚ ਸਾਰੀਆਂ 7 ਸੀਟਾਂ 'ਤੇ ਵੋਟਿੰਗ ਹੋਈ ਸੀ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ, ਦਿੱਲੀ 'ਚ ਕਰੀਬ 54.48 ਫੀਸਦੀ ਵੋਟਿੰਗ ਹੋਈ।
ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਕਿੰਨੇ ਵੱਖਰੇ ਸਨ 2004, 2009, 2014 ਅਤੇ 2019 ਦੇ ਐਗਜ਼ਿਟ ਪੋਲ!
NEXT STORY