ਭੋਪਾਲ—ਭਾਜਪਾ ਦੀ ਅਗਵਾਈ ਵਾਲੀ ਮੱਧ ਪ੍ਰਦੇਸ਼ ਸਰਕਾਰ ਦੀ 'ਚਰਨ ਪਾਦੁਕਾ ਯੋਜਨਾ' ਸਿਆਸੀ ਵਿਵਾਦਾਂ ਵਿਚ ਘਿਰ ਗਈ ਹੈ। ਸੂਬੇ ਵਿਚ ਅਸੈਂਬਲੀ ਚੋਣਾਂ ਤੋਂ ਪਹਿਲਾਂ ਸ਼ਿਵਰਾਜ ਸਰਕਾਰ ਵਲੋਂ ਆਦੀਵਾਸੀ ਤੇਂਦੂਪੱਤਾ ਮਜ਼ਦੂਰਾਂ ਨੂੰ ਵੰਡੀਆਂ ਗਈਆਂ ਜੁੱਤੀਆਂ ਨੂੰ ਲੈ ਕੇ ਸਿਆਸਤ ਭਖ ਗਈ ਹੈ। ਕਾਂਗਰਸ ਦਾ ਦੋਸ਼ ਹੈ ਕਿ ਮਜ਼ਦੂਰਾਂ ਨੂੰ ਜੋ ਜੁੱਤੀਆਂ ਵੰਡੀਆਂ ਜਾ ਰਹੀਆਂ ਹਨ, ਉਨ੍ਹਾਂ ਵਿਚ ਖਤਰਨਾਕ ਰਸਾਇਣਕ ਪਦਾਰਥ 'ਏਜੋ ਡਾਈ' ਮਿਲਿਆ ਹੋਇਆ ਹੈ। ਇਹ ਰਸਾਇਣਕ ਪਦਾਰਥ ਚਮੜੀ ਦੇ ਕੈਂਸਰ ਦਾ ਕਾਰਨ ਬਣ ਸਕਦਾ ਹੈ। ਜੁੱਤੀਆਂ ਦੇ ਅੰਦਰਲੇ ਸੋਲ ਦੀ ਕੇਂਦਰੀ ਚਮੜਾ ਖੋਜ ਸੰਸਥਾ ਚੇਨਈ ਵਲੋਂ ਕੀਤੀ ਜਾਂਚ ਦੌਰਾਨ ਗੰਭੀਰ ਬੀਮਾਰੀ ਕੈਂਸਰ ਦੀ ਸੰਭਾਵਨਾ ਵਾਲੇ ਖਤਰਨਾਕ ਰਸਾਇਣਕ ਪਦਾਰਥ 'ਏਜੋ ਡਾਈ' ਦੇ ਮਿਲਣ ਦੀ ਪੁਸ਼ਟੀ ਪਿੱਛੋਂ ਮੱਧ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕਮਲ ਨਾਥ ਨੇ ਮੁੱਖ ਮੰਤਰੀ ਕੋਲੋਂ ਜਵਾਬ ਮੰਗਿਆ ਹੈ। ਕਮਲ ਨਾਥ ਨੇ ਟਵੀਟ ਕੀਤਾ ਕਿ ਉਕਤ ਖੁਲਾਸਾ ਚਿੰਤਾਜਨਕ ਹੈ। ਆਦੀਵਾਸੀ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਨ ਦੀ ਆਗਿਆ ਕਿਸ ਨੂੰ ਦਿੱਤੀ ਗਈ ਅਤੇ ਬਿਨਾਂ ਜਾਂਚ ਪੜਤਾਲ ਤੋਂ ਲੱਖਾਂ ਜੁੱਤੀਆਂ-ਚੱਪਲਾਂ ਕਿਵੇਂ ਵੰਡ ਦਿੱਤੀਆਂ ਗਈਆਂ? ਇਸ ਲਈ ਕੌਣ ਹੈ ਜ਼ਿੰਮੇਵਾਰ?
ਮੁੱਖ ਮੰਤਰੀ ਚਰਨ ਪਾਦੁਕਾ ਯੋਜਨਾ ਅਧੀਨ ਤੇਂਦੂਪੱਤਾ ਮਜ਼ਦੂਰਾਂ ਨੂੰ ਵੰਡੀਆਂ ਗਈਆਂ ਜੁੱਤੀਆਂ ਅਤੇ ਚੱਪਲਾਂ ਕਾਰਨ ਚਮੜੀ ਦਾ ਕੈਂਸਰ ਹੋਣ ਦਾ ਦੋਸ਼ ਲਾਉਂਦੇ ਹੋਏ ਕਾਂਗਰਸ ਨੇ ਇਕ ਵਾਰ ਮੁੜ ਤਿੱਖਾ ਰੁਖ਼ ਅਪਣਾਇਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਕ ਦਰਜਨ ਦੇ ਲਗਭਗ ਆਦੀਵਾਸੀ ਤੇਂਦੂਪੱਤਾ ਮਜ਼ਦੂਰ ਸਨ। ਇਨ੍ਹਾਂ ਮਜ਼ਦੂਰਾਂ ਨੇ ਕਿਹਾ ਕਿ 7 ਤੋਂ 10 ਦਿਨ ਤੱਕ ਇਨ੍ਹਾਂ ਜੁੱਤੀਆਂ ਅਤੇ ਚੱਪਲਾਂ ਦੀ ਵਰਤੋਂ ਕਰਨ ਪਿੱਛੋਂ ਉਨ੍ਹਾਂ ਨੂੰ ਖੁਜਲੀ ਹੋਣ ਲੱਗ ਪਈ। ਉਨ੍ਹਾਂ ਤੁਰੰਤ ਇਸਦੀ ਵਰਤੋਂ ਬੰਦ ਕਰ ਦਿੱਤੀ। ਸੂਬਾਈ ਕਾਂਗਰਸ ਦੇ ਮੀਡੀਆ ਵਿਭਾਗ ਦੀ ਮੁਖੀ ਸ਼ੋਭਾ ਓਝਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਾਂਗਰਸ ਆਪਣੇ ਪੱਧਰ 'ਤੇ ਇਨ੍ਹਾਂ ਦੀ ਲੈਬਾਰਟਰੀ ਤੋਂ ਜਾਂਚ ਕਰਵਾਏਗੀ ਅਤੇ ਫਿਰ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਏਗੀ।
ਉਨ੍ਹਾਂ ਸਰਕਾਰ ਵਲੋਂ ਜੁੱਤੀਆਂ ਅਤੇ ਚੱਪਲਾਂ ਦੀ ਖਰੀਦ ਵਿਚ ਵੱਡਾ ਭ੍ਰਿਸ਼ਟਾਚਾਰ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਈ-ਟੈਂਡਰਿੰਗ ਦੀ ਬਜਾਏ ਮੱਧ ਪ੍ਰਦੇਸ਼ ਲਘੂ ਉਦਯੋਗ ਨਿਗਮ ਰਾਹੀਂ 195 ਰੁਪਏ ਵਿਚ ਪ੍ਰਤੀ ਜੋੜੀ ਜੁੱਤੀ ਅਤੇ 131 ਰੁਪਏ ਵਿਚ ਪ੍ਰਤੀ ਜੋੜੀ ਚੱਪਲ ਖਰੀਦੀ ਗਈ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਕਤ 'ਚਰਨ ਪਾਦੁਕਾ ਯੋਜਨਾ'ਦੀ ਸ਼ੁਰੂਆਤ ਇਸ ਸਾਲ 14 ਅਪ੍ਰੈਲ ਨੂੰ ਛੱਤੀਸਗੜ੍ਹ ਦੇ ਬੀਜਾਪੁਰ ਵਿਖੇ ਇਕ ਆਦੀਵਾਸੀ ਔਰਤ ਨੂੰ ਆਪਣੇ ਹੱਥੀਂ ਸਟੇਜ 'ਤੇ ਚੱਪਲ ਪਹਿਨਾ ਕੇ ਕੀਤੀ ਸੀ।
ਅੰਦਰੂਨੀ ਸੋਲ 'ਚ 'ਏਜੋ ਡਾਈ' ਦੀ ਮਾਤਰਾ ਵਾਲੀਆਂ 2 ਲੱਖ ਜੁੱਤੀਆਂ ਕੀਤੀਆਂ ਰੱਦ : ਸਰਕਾਰ
ਸੂਬਾ ਸਰਕਾਰ ਨੇ ਕਾਂਗਰਸ ਦੇ ਦੋਸ਼ਾਂ ਨੂੰ ਝੂਠਾ ਅਤੇ ਬੇਬੁਨਿਆਦ ਦਸਦਿਆਂ ਕਿਹਾ ਕਿ ਜਿਸ ਲਾਟ ਦੀਆਂ ਜੁੱਤੀਆਂ ਦੇ ਸੈਂਪਲ ਪ੍ਰੀਖਣ ਵਿਚ ਅੰਦਰੂਨੀ ਸੋਲ 'ਚ 'ਏਜੋ ਡਾਈ' ਦੀ ਮਾਤਰਾ ਵਧ ਪਾਈ ਗਈ ਸੀ, ਉਸ ਲਾਟ ਦੀਆਂ 2 ਲੱਖ ਜੁੱਤੀਆਂ ਨੂੰ ਰਿਜੈਕਟ ਕੀਤਾ ਜਾ ਚੁੱਕਾ ਹੈ। ਗੁਣਵੱਤਾ ਪ੍ਰੀਖਣ ਤੋਂ ਬਾਅਦ ਹੀ ਮਰਦ ਤੇਂਦੂਪੱਤਾ ਮਜ਼ਦੂਰਾਂ ਨੂੰ ਜੁੱਤੀਆਂ ਦੀ ਵੰਡ ਕੀਤੀ ਗਈ। ਜੋ ਜੁੱਤੀਆਂ ਵੰਡੀਆਂ ਗਈਆਂ ਹਨ, ਉਨ੍ਹਾਂ ਵਿਚ ਕਿਸੇ ਤਰ੍ਹਾਂ ਦਾ ਖਤਰਨਾਕ ਰਸਾਇਣਕ ਪਦਾਰਥ ਨਹੀਂ ਸੀ। ਮੱਧ ਪ੍ਰਦੇਸ਼ ਜਨਸੰਪਰਕ ਵਿਭਾਗ ਵਲੋਂ ਜਾਰੀ ਇਕ ਪ੍ਰੈੱਸ ਰਿਲੀਜ਼ ਮੁਤਾਬਕ ਜੰਗਲਾਤ ਮੰਤਰੀ ਡਾ. ਗੌਰੀਸ਼ੰਕਰ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਤੇਂਦੂਪੱਤਾ ਮਜ਼ਦੂਰਾਂ ਦੀ ਸਹੂਲਤ ਲਈ 18 ਲੱਖ ਤੋਂ ਵੱਧ ਜੁੱਤੀਆਂ ਅਤੇ ਚੱਪਲਾਂ ਦੀ ਵੰਡ ਕੀਤੀ ਹੈ। ਇਹ ਜੁੱਤੀਆਂ ਅਤੇ ਚੱਪਲਾਂ ਚੰਗੀ ਗੁਣਵੱਤਾ ਯਕੀਨੀ ਬਣਾਉਣ ਤੋਂ ਬਾਅਦ ਹੀ ਵੰਡੀਆਂ ਗਈਆਂ। ਇਨ੍ਹਾਂ ਵਿਚ ਚਮੜੀ ਦਾ ਕੈਂਸਰ ਪੈਦਾ ਕਰਨ ਵਾਲਾ ਨੁਕਸਾਨਦੇਹ ਰਸਾਇਣਕ ਪਦਾਰਥ ਨਹੀਂ ਸੀ।
ਰਾਫੇਲ ਡੀਲ 'ਤੇ ਜੇਟਲੀ ਨੇ ਰਾਹੁਲ ਗਾਂਧੀ ਨੂੰ ਨਾਸਮਝ ਦੱਸਦੇ ਹੋਏ ਕੀਤੇ 15 ਸਵਾਲ
NEXT STORY