ਨਵੀਂ ਦਿੱਲੀ, (ਵਿਸ਼ੇਸ਼)– ਸਾਲ 2014 ਦੀਆਂ ਲੋਕ ਸਭਾ ਚੋਣਾਂ ’ਚ ਮੋਦੀ ਲਹਿਰ ’ਚ 8748 ’ਚੋਂ 7502 ਉਮੀਦਵਾਰ (85 ਫੀਸਦੀ) ਆਪਣੀ ਸੀਟ ’ਤੇ 16.6 ਫੀਸਦੀ ਵੋਟਾਂ ਹਾਸਲ ਕਰਨ ’ਚ ਅਸਫਲ ਰਹੇ ਅਤੇ ਉਨ੍ਹਾਂ ਦੀ ਜ਼ਮਾਨਤ ਰਕਮ ਜ਼ਬਤ ਹੋ ਗਈ ਸੀ। ਮੋਦੀ ਲਹਿਰ ਤੋਂ ਬਾਅਦ ਵੀ 62 ਲੋਕ ਸਭਾ ਸੀਟਾਂ ’ਤੇ ਭਾਜਪਾ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਉਥੇ ਕਾਂਗਰਸ ਦੇ ਉਮੀਦਵਾਰ 179 ਸੀਟਾਂ ’ਤੇ ਅਾਪਣੀ ਜ਼ਮਾਨਤ ਨਹੀਂ ਬਚਾ ਸਕੇ ਸਨ। ਇਨ੍ਹਾਂ ਚੋਣਾਂ ’ਚ ਸਭ ਤੋਂ ਵੱਧ ਜ਼ਮਾਨਤ ਰਕਮ ਦਾ ਨੁਕਸਾਨ ਬਸਪਾ ਨੂੰ ਹੋਇਆ ਸੀ। ਬਸਪਾ ਨੇ 501 ਸੀਟਾਂ ’ਤੇ ਉਮੀਦਵਾਰ ਉਤਾਰੇ ਸਨ ਅਤੇ 445 ਸੀਟਾਂ ’ਤੇ ਉਸ ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਮੋਦੀ ਲਹਿਰ ’ਚ ਕਾਂਗਰਸ ਦੇ ਜਿਹੜੇ ਵੱਡੇ ਨੇਤਾਵਾਂ ਦੀ ਜ਼ਮਾਨਤ ਰਕਮ ਜ਼ਬਤ ਹੋ ਗਈ, ਉਨ੍ਹਾਂ ’ਚ ਕੀਰਤੀ ਚਿਦਾਂਬਰਮ, ਮਣੀਸ਼ੰਕਰ ਅਈਅਰ, ਰਾਜ ਬੱਬਰ, ਨਗਮਾ, ਮੁਹੰਮਦ ਕੈਫ, ਸਲਮਾਨ ਖੁਰਸ਼ੀਦ, ਜਤਿਨ ਪ੍ਰਸਾਦ ਅਤੇ ਬੇਨੀ ਪ੍ਰਸਾਦ ਵਰਮਾ ਸ਼ਾਮਲ ਹੈ। ਰਾਜਧਾਨੀ ਦਿੱਲੀ ਦੀਆਂ ਸੱਤ ਲੋਕ ਸਭਾ ਸੀਟਾਂ ’ਤੇ ਕਾਂਗਰਸ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ। ਉੱਤਰ ਪ੍ਰਦੇਸ਼ ’ਚ ਸਮਾਜਵਾਦੀ ਪਾਰਟੀ ਦੇ 78 ਉਮੀਦਵਾਰਾਂ ’ਚੋਂ 57 ਦੀ ਜ਼ਮਾਨਤ ਜ਼ਬਤ ਹੋ ਗਈ।
ਜ਼ਮਾਨਤ ਰਕਮ
ਜਨ ਪ੍ਰਤੀਨਿਧਤਾ ਕਾਨੂੰਨ ਮੁਤਾਬਕ ਲੋਕ ਸਭਾ ਚੋਣਾਂ ਲੜਨ ਲਈ ਹਰੇਕ ਉਮੀਦਵਾਰ ਨੂੰ ਨਾਮਜ਼ਦਗੀ ਦੌਰਾਨ 25 ਹਜ਼ਾਰ ਰੁਪਏ ਜ਼ਮਾਨਤ ਰਕਮ ਜਮ੍ਹਾ ਕਰਨੀ ਹੁੰਦੀ ਹੈ। ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ ਦੇ ਉਮੀਦਵਾਰਾਂ ਨੂੰ ਇਸ ’ਚ ਛੋਟ ਦਿੱਤੀ ਗਈ ਹੈ। ਐੱਸ. ਸੀ. ਅਤੇ ਐੱਸ. ਟੀ. ਉਮੀਦਵਾਰਾਂ ਨੂੰ ਸਿਰਫ 12500 ਰੁਪਏ ਜ਼ਮਾਨਤ ਰਕਮ ਜਮ੍ਹਾ ਕਰਵਾਉਣੀ ਹੁੰਦੀ ਹੈ। ਵਿਧਾਨ ਸਭਾ ਚੋਣਾਂ ’ਚ ਇਹ ਜ਼ਮਾਨਤ ਰਕਮ ਸਾਧਾਰਨ ਉਮੀਦਵਾਰਾਂ ਲਈ 10 ਹਜ਼ਾਰ ਰੁਪਏ ਅਤੇ ਐੱਸ. ਸੀ. ਐੱਸ. ਟੀ. ਲਈ 5 ਹਜ਼ਾਰ ਰੁਪਏ ਹੈ।
ਇੰਝ ਹੁੰਦੀ ਹੈ ਜ਼ਬਤ
ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ ਜੇਕਰ ਕੋਈ ਹਾਰਿਆ ਹੋਇਆ ਉਮੀਦਵਾਰ ਉਸ ਲੋਕ ਸਭਾ ਸੀਟ ’ਤੇ ਕੁੱਲ ਪਏ ਜਾਇਜ਼ ਵੋਟਾਂ ਦਾ 1/6 (16.6 ਫੀਸਦੀ) ਹਿੱਸਾ ਪਾਉਣ ’ਚ ਅਸਫਲ ਰਹਿੰਦਾ ਹੈ ਤਾਂ ਉਸ ਦੀ ਜ਼ਮਾਨਤ ਰਕਮ ਜ਼ਬਤ ਕਰਕੇ ਖਜ਼ਾਨੇ ’ਚ ਪਾ ਦਿੱਤੀ ਜਾਵੇਗੀ। ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਣ ਦਾ ਸਿਲਸਿਲਾ ਪਹਿਲੀ ਲੋਕ ਸਭਾ ਚੋਣ ਤੋਂ ਜਾਰੀ ਹੈ। 1951-52 ਦੀਆਂ ਆਮ ਚੋਣਾਂ ’ਚ 1874 ਉਮੀਦਵਾਰਾਂ ’ਚੋਂ 745 (40) ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਸਾਲ 1996 ਦੀਆਂ ਲੋਕ ਸਭਾ ਚੋਣਾਂ ’ਚ 91 ਫੀਸਦੀ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਪਹਿਲਾਂ ਆਮ ਚੋਣਾਂ ’ਚ ਨੈਸ਼ਨਲ ਪਾਰਟੀਆਂ ਦੇ 28 ਫੀਸਦੀ ਉਮੀਦਵਾਰਾਂ ਨੇ ਆਪਣੀ ਜ਼ਮਾਨਤ ਰਕਮ ਗੁਆ ਦਿੱਤੀ ਸੀ।
...ਜਦੋਂ ਹਮਦਰਦੀ ਲਹਿਰ ’ਚ 400 ਤੋਂ ’ਤੇ ਨਿਕਲੀ ਕਾਂਗਰਸ
ਨਵੀਂ ਦਿੱਲੀ, (ਯੂ. ਐੱਨ. ਆਈ.)– ਅੱਤਵਾਦ ਵਿਰੁੱਧ ਵਿਸ਼ੇਸ਼ ਮੁਹਿੰਮ ਛੇੜਨ ਸਬੰਧੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਕਾਰਨ ਪੈਦਾ ਹੋਈ ਹਮਦਰਦੀ ਦੀ ਲਹਿਰ ਕਾਰਨ 1984 ਦੀਆਂ ਲੋਕ ਸਭਾ ਚੋਣਾਂ ’ਚ ਕਾਂਗਰਸ ਵੱਡੇ ਬਹੁਮਤ ਨਾਲ ਦੇਸ਼ ’ਚ ਫਿਰ ਤੋਂ ਸੱਤਾ ਹਾਸਲ ਕਰਨ ’ਚ ਸਫਲ ਰਹੀ ਸੀ। ਸਿਆਸੀ ਤੌਰ ’ਤੇ ਘੱਟ ਤਜਰਬੇਕਾਰ ਪਰ ਨਵੀਂ ਤਕਨੀਕ ਪ੍ਰਤੀ ਬੇਹੱਦ ਲਗਾਓ ਰੱਖਣ ਵਾਲੇ ਨੌਜਵਾਨ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਅਗਵਾਈ ’ਚ ਕਾਂਗਰਸ ਨੇ ਇਹ ਚੋਣਾਂ ਲੜੀਆਂ ਤੇ ਉਹ ਰਿਕਾਰਡ 404 ਸੀਟਾਂ ਹਾਸਲ ਕਰਨ ’ਚ ਸਫਲ ਰਹੀ। ਇਨ੍ਹਾਂ ਚੋਣਾਂ ਨੇ ਭਾਜਪਾ ਦੀ ਕਮਰ ਤੋੜ ਕੇ ਰੱਖ ਦਿੱਤੀ ਜਦੋਂਕਿ ਆਂਧਰਾ ਪ੍ਰਦੇਸ਼ ’ਚ ਫਿਲਮਾਂ ਨਾਲ ਡੂੰਘਾ ਸਬੰਧ ਰੱਖਣ ਵਾਲੇ ਨੰਦਮੂਰੀ ਤਾਰਕ ਰਾਮਾਰਾਓ (ਐੱਨ. ਟੀ. ਆਰ.) ਦੀ ਅਗਵਾਈ ’ਚ ਤੇਲਗੂ ਦੇਸ਼ਮ ਪਾਰਟੀ ਮਜ਼ਬੂਤੀ ਨਾਲ ਉਭਰੀ। ਇਨ੍ਹਾਂ ਚੋਣਾਂ ਤੋਂ ਪਹਿਲਾਂ ਪੰਜਾਬ ’ਚ ਅੱਤਵਾਦ ਖਿਲਾਫ ਜ਼ਬਰਦਸਤ ਕਾਰਵਾਈ ਕੀਤੀ ਗਈ ਸੀ, ਜਿਸ ’ਚ ਕਈ ਲੋਕਾਂ ਦੀ ਮੌਤ ਹੋਈ ਸੀ। ਇਸ ਕਾਰਨ ਪੈਦਾ ਹੋਈ ਨਾਰਾਜ਼ਗੀ ਨਾਲ ਇੰਦਰਾ ਗਾਂਧੀ ਦੇ ਸੁਰੱਖਿਆ ਕਰਮਚਾਰੀਆਂ ਨੇ ਹੀ ਉਸ ਦੀ ਰਿਹਾਇਸ਼ ’ਤੇ ਉਸ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ, ਜਿਸ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ’ਚ ਸਿੱਖ ਵਿਰੋਧੀ ਦੰਗੇ ਹੋਏ ਸਨ, ਜਿਨ੍ਹਾਂ ’ਚ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਸੀ। ਲੋਕ ਸਭਾ ਦੀਆਂ ਮੁੱਖ ਚੋਣਾਂ ਨਾਲ ਪੰਜਾਬ ਤੇ ਅਾਸਾਮ ’ਚ ਚੋਣਾਂ ਨਹੀਂ ਕਰਵਾਈਆਂ ਜਾ ਸਕੀਆਂ ਸਨ। ਇਨ੍ਹਾਂ ਦੋਵਾਂ ਰਾਜਾਂ ’ਚ ਅਗਲੇ ਸਾਲ ਚੋਣਾਂ ਕਰਵਾਈਆਂ ਗਈਆਂ।
ਰਾਜੀਵ ਨੇ ਹਰਾਇਆ ਸੀ ਮੇਨਕਾ ਨੂੰ
ਇਸ ਚੋਣ ਦੀ ਵਿਸ਼ੇਸ਼ਤਾ ਇਹ ਸੀ ਕਿ ਰਾਜੀਵ ਗਾਂਧੀ ਨੇ ਆਪਣੇ ਛੋਟੇ ਭਰਾ ਦੀ ਪਤਨੀ ਮੇਨਕਾ ਗਾਂਧੀ ਨੂੰ, ਮਾਧਵ ਰਾਓ ਸਿੰਧੀਆ ਨੇ ਅਟਲ ਬਿਹਾਰੀ ਵਾਜਪਾਈ, ਅਮਿਤਾਭ ਬੱਚਨ ਨੇ ਹੇਮਵਤੀ ਨੰਦਨ ਬਹੁਗੁਣਾ, ਮਮਤਾ ਬੈਨਰਜੀ ਨੇ ਸੋਮਨਾਥ ਚੈਟਰਜੀ , ਸੀ. ਜੇ. ਰੈੱਡੀ ਨੇ ਪੀ. ਵੀ. ਨਰਸਿਮ੍ਹਾ ਰਾਓ, ਰਾਮ ਰਤਨ ਰਾਮ ਨੇ ਰਾਮ ਵਿਲਾਸ ਪਾਸਵਾਨ, ਜਗਨਨਾਥ ਚੌਧਰੀ ਨੇ ਚੰਦਰਸ਼ੇਖਰ ਅਤੇ ਸੁਨੀਲ ਦੱਤ ਨੇ ਰਾਮ ਜੇਠਮਲਾਨੀ ਨੂੰ ਹਰਾਇਆ ਸੀ।
ਲਾਟਰੀ ’ਚ ਨਿਕਲਿਆ 5.8 ਕਰੋੜ ਦਾ ਫਲੈਟ, ਵਾਸਤੂ ਦੋਸ਼ ਦੇ ਚੱਕਰ ’ਚ ਮੋੜਿਆ
NEXT STORY