ਦੇਹਰਾਦੂਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਜ਼ਿਕਰ ਨਹੀਂ ਕੀਤਾ ਪਰ ਕਿਹਾ ਕਿ ਅੱਜ ਦੁਨੀਆ ਦੀਆਂ ਨਜ਼ਰਾਂ ਭਾਰਤ ’ਤੇ ਟਿਕੀਆਂ ਹਨ। ਉਨ੍ਹਾਂ ਕਿਹਾ ਕਿ ਕੋਵਿਡ ਮਹਾਮਾਰੀ ਤੋਂ ਬਾਅਦ ਜੋ ਨਵੀਂ ਗਲੋਬਲ ਵਿਵਸਥਾ ਉਭਰ ਰਹੀ ਹੈ, ਉਸ ’ਚ ਭਾਰਤ ਨੂੰ ਆਪਣੀ ਭੂਮਿਕਾ ਵਧਾਉਣੀ ਹੈ ਅਤੇ ਨਾਲ ਹੀ ਤੇਜ਼ ਰਫ਼ਤਾਰ ਨਾਲ ਆਪਣਾ ਵਿਕਾਸ ਵੀ ਯਕੀਨੀ ਕਰਨਾ ਹੈ। ਉਤਰਾਖੰਡ ਦੇ ਮਸੂਰੀ ਸਥਿਤ ਲਾਲ ਬਹਾਦਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ ਦੇ 96ਵੇਂ ਕਾਮਨ ਬੇਸਿਕ ਕੋਰਸ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ 21ਵੀਂ ਸਦੀ ਦੇ ਭਾਰਤ ਦਾ ਸਭ ਤੋਂ ਵੱਡਾ ਟੀਚਾ ‘ਆਤਮ-ਨਿਰਭਰ ਭਾਰਤ’ ਦਾ ਹੈ ਅਤੇ ਕਿਸੇ ਵੀ ਸੂਰਤ ’ਚ ਇਸ ਮੌਕੇ ਨੂੰ ਗੁਆਉਣਾ ਨਹੀਂ ਹੈ।
ਪ੍ਰਧਾਨ ਮੰਤਰੀ ਨੇ ਕਿਹਾ, ‘‘21 ਵੀਂ ਸਦੀ ਦੇ ਜਿਸ ਮੁਕਾਮ ’ਤੇ ਅੱਜ ਭਾਰਤ ਹੈ, ਪੂਰੀ ਦੁਨੀਆ ਦੀਆਂ ਨਜ਼ਰਾਂ ਸਾਡੇ ’ਤੇ ਟਿਕੀਆਂ ਹੋਈਆਂ ਹਨ।’’ ਕੋਵਿਡ ਨੇ ਜੋ ਹਾਲਾਤ ਪੈਦਾ ਕੀਤੇ ਹਨ, ਉਸ ’ਚ ਇਕ ਨਵਾਂ ਵਲਰਡ ਆਰਡਰ ਉਭਰ ਰਿਹਾ ਹੈ। ਇਸ ਨਵੇਂ ਵਲਰਡ ਆਰਡਰ ’ਚ ਭਾਰਤ ਨੂੰ ਆਪਣੀ ਭੂਮਿਕਾ ਵਧਾਉਣੀ ਹੈ। ਸਿਖਿਆਰਥੀਆਂ ਨੂੰ ਇਕ ਚੀਜ਼ ਦਾ ਹਮੇਸ਼ਾ ਧਿਆਨ ਰੱਖਣਾ ਹੈ ਕਿ 21ਵੀਂ ਸਦੀ ਦੇ ਭਾਰਤ ਦਾ ਸਭ ਤੋਂ ਵੱਡਾ ਟੀਚਾ ਆਤਮ-ਨਿਰਭਰ ਅਤੇ ਆਧੁਨਿਕ ਭਾਰਤ ਦਾ ਹੈ।
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਆਜ਼ਾਦੀ ਦੇ 100 ਸਾਲ ਪੂਰੇ ਹੋਣ ’ਚ 25 ਸਾਲ ਬਚੇ ਹਨ ਅਤੇ ਇਸ ’ਚ ਸਿਖਿਆਰਥੀਆਂ ਦੀ ਬਹੁਤ ਵੱਡੀ ਭੂਮਿਕਾ ਹੈ। ਮੋਦੀ ਨੇ ਕਿਹਾ ਕਿ ਬੀਤੇ 75 ਸਾਲਾਂ ’ਚ ਅਸੀਂ ਜਿਸ ਰਫ਼ਤਾਰ ਨਾਲ ਤਰੱਕੀ ਕੀਤੀ ਹੈ, ਹੁਣ ਉਸ ਤੋਂ ਕਈ ਗੁਣਾ ਤੇਜ਼ੀ ਨਾਲ ਅੱਗੇ ਵਧਣ ਦਾ ਸਮਾਂ ਹੈ। ਇਸ ਲਈ ਫਾਈਲਾਂ ਅਤੇ ਫੀਲਡ ਦੇ ਕੰਮਕਾਰ ਦੇ ਫਰਕ ਨੂੰ ਸਮਝਣਾ ਹੈ। ਫਾਈਲਾਂ ’ਚ ਤੁਹਾਨੂੰ ਅਸਲੀ ਚੀਜ਼ ਨਹੀਂ ਮਿਲੇਗੀ, ਫੀਲਡ ਲਈ ਤੁਹਾਨੂੰ ਉਸ ਨਾਲ ਜੁੜਿਆ ਰਹਿਣਾ ਪਵੇਗਾ। ਫਾਈਲਾਂ ’ਚ ਜੋ ਅੰਕੜੇ ਹੁੰਦੇ ਹਨ, ਉਹ ਸਿਰਫ਼ ਨੰਬਰ ਨਹੀਂ ਹੁੰਦੇ ਹਨ। ਹਰ ਇਕ ਅੰਕੜਾ, ਹਰ ਇਕ ਨੰਬਰ ਇਕ ਜੀਵਨ ਹੁੰਦਾ ਹੈ ਅਤੇ ਸਾਨੂੰ ਇਸ ਦੇ ਮਹੱਤਵ ਨੂੰ ਸਮਝਣਾ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਜੀਵਨ ’ਚ ਹਰ ਇਕ ਵਿਅਕਤੀ ਦੇ ਕੁਝ ਸੁਫ਼ਨੇ ਹੁੰਦੇ ਹਨ ਅਤੇ ਉਨ੍ਹਾਂ ਦੀਆਂ ਕੁਝ ਇੱਛਾਵਾਂ ਹੁੰਦੀਆਂ ਹਨ। ਤੁਹਾਨੂੰ ਉਨ੍ਹਾਂ ਮੁਸ਼ਕਲਾਂ ਅਤੇ ਚੁਣੌਤੀਆਂ ਲਈ ਕੰਮ ਕਰਨਾ ਹੈ।
ਦੱਸ ਦੇਈਏ ਕਿ 96ਵਾਂ ਬੇਸਿਕ ਕੋਰਸ ਲਾਲ ਬਹਾਦਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ ਦਾ ਪਹਿਲਾ ਆਮ ਬੇਸਿਕ ਕੋਰਸ ਹੈ, ਜਿਸ ਵਿਚ ਨਵੀਂ ਸਿੱਖਿਆ ਅਤੇ ਪਾਠਕ੍ਰਮ ਦਾ ਫਾਰਮੈਟ ਮਿਸ਼ਨ ਕਰਮਯੋਗੀ ਦੇ ਸਿਧਾਂਤਾਂ ਉੱਤੇ ਆਧਾਰਿਤ ਹੈ। ਬੈਚ ਵਿਚ 16 ਸੇਵਾਵਾਂ ਦੇ 488 ਅਧਿਕਾਰੀ ਸਿਖਿਆਰਥੀ ਅਤੇ 3 ਰਾਇਲ ਭੂਟਾਨ ਸੇਵਾਵਾਂ (ਪ੍ਰਸ਼ਾਸਕੀ, ਪੁਲਸ ਅਤੇ ਜੰਗਲਾਤ) ਦੇ ਸਿਖਿਆਰਥੀ ਸ਼ਾਮਲ ਹਨ।
ਹਾਈ ਕੋਰਟ ਨੇ ਹਿਸਾਰ ਜੇਲ੍ਹ ਸੁਪਰਡੈਂਟ ਨੂੰ ਦਿੱਤਾ ਝਟਕਾ, ਇਸ ਪਟੀਸ਼ਨ ਨੂੰ ਕੀਤਾ ਰੱਦ
NEXT STORY