ਵਿਜ਼ਾਗ : ਨਿਊਜ਼ੀਲੈਂਡ ਵਿਰੁੱਧ ਖੇਡੇ ਗਏ ਚੌਥੇ ਟੀ-20 ਮੁਕਾਬਲੇ ਵਿੱਚ ਭਾਰਤ ਨੂੰ 50 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਇਸ ਹਾਰ ਦੇ ਬਾਵਜੂਦ ਭਾਰਤੀ ਆਲਰਾਊਂਡਰ ਸ਼ਿਵਮ ਦੂਬੇ ਨੇ ਆਪਣੀ ਬੱਲੇਬਾਜ਼ੀ ਨਾਲ ਇਤਿਹਾਸ ਰਚ ਦਿੱਤਾ। ਦੂਬੇ ਨੇ ਮਹਿਜ਼ 15 ਗੇਂਦਾਂ ਵਿੱਚ ਅਰਧ ਸੈਂਕੜਾ ਜੜਿਆ, ਜੋ ਟੀ-20 ਕ੍ਰਿਕਟ ਵਿੱਚ ਕਿਸੇ ਵੀ ਭਾਰਤੀ ਬੱਲੇਬਾਜ਼ ਵੱਲੋਂ ਲਗਾਇਆ ਗਿਆ ਤੀਜਾ ਸਭ ਤੋਂ ਤੇਜ਼ ਅਰਧ ਸੈਂਕੜਾ ਹੈ। ਛੇਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ 32 ਸਾਲਾ ਦੂਬੇ ਨੇ 65 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜੋ ਮੇਜ਼ਬਾਨ ਟੀਮ ਲਈ ਇਸ ਮੈਚ ਦਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਰਿਹਾ।
ਮੈਚ ਤੋਂ ਬਾਅਦ ਸ਼ਿਵਮ ਦੂਬੇ ਨੇ ਕਿਹਾ ਕਿ ਉਹ 7 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿੱਚ ਆਪਣੀ ਭੂਮਿਕਾ ਨੂੰ ਲੈ ਕੇ ਪੂਰੀ ਤਰ੍ਹਾਂ ਸਪੱਸ਼ਟ ਹਨ। ਉਨ੍ਹਾਂ ਅਨੁਸਾਰ, ਮੈਦਾਨੀ ਅਨੁਭਵ ਅਤੇ ਲਗਾਤਾਰ ਖੇਡਣ ਨਾਲ ਉਨ੍ਹਾਂ ਦੀ ਸੋਚ ਬਿਹਤਰ ਹੋਈ ਹੈ ਅਤੇ ਹੁਣ ਉਹ ਜਾਣਦੇ ਹਨ ਕਿ ਕਿਸ ਸਥਿਤੀ ਵਿੱਚ ਕਿਹੜੇ ਗੇਂਦਬਾਜ਼ ਉਨ੍ਹਾਂ 'ਤੇ ਹਮਲਾ ਕਰ ਸਕਦੇ ਹਨ। ਕਪਤਾਨ ਸੂਰਿਆਕੁਮਾਰ ਯਾਦਵ ਨੇ ਸਪੱਸ਼ਟ ਕੀਤਾ ਕਿ ਟੀਮ ਨੇ ਜਾਣਬੁੱਝ ਕੇ ਛੇ ਬੱਲੇਬਾਜ਼ਾਂ ਅਤੇ ਪੰਜ ਪ੍ਰਮੁੱਖ ਗੇਂਦਬਾਜ਼ਾਂ ਨਾਲ ਖੇਡਣ ਦਾ ਫੈਸਲਾ ਕੀਤਾ ਸੀ ਤਾਂ ਜੋ ਵਿਸ਼ਵ ਕੱਪ ਤੋਂ ਪਹਿਲਾਂ ਖੁਦ ਨੂੰ ਚੁਣੌਤੀਪੂਰਨ ਸਥਿਤੀਆਂ ਵਿੱਚ ਪਰਖਿਆ ਜਾ ਸਕੇ।
ਨਿਊਜ਼ੀਲੈਂਡ ਲਈ ਪੰਜ ਮੈਚਾਂ ਦੀ ਸੀਰੀਜ਼ ਵਿੱਚ ਇਹ ਪਹਿਲੀ ਜਿੱਤ ਸੀ। ਕੀਵੀ ਕਪਤਾਨ ਮਿਸ਼ੇਲ ਸੈਂਟਨਰ ਨੇ ਇਸ ਜਿੱਤ 'ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਵਿਸ਼ਵ ਕੱਪ ਦੀਆਂ ਤਿਆਰੀਆਂ ਲਈ ਭਾਰਤ ਵਿੱਚ ਭਾਰਤ ਵਿਰੁੱਧ ਖੇਡਣਾ ਸਭ ਤੋਂ ਵਧੀਆ ਅਭਿਆਸ ਹੈ। ਸੀਰੀਜ਼ ਦਾ ਪੰਜਵਾਂ ਅਤੇ ਆਖਰੀ ਟੀ-20 ਮੁਕਾਬਲਾ ਹੁਣ ਸ਼ਨੀਵਾਰ ਨੂੰ ਤਿਰੂਵਨੰਤਪੁਰਮ ਵਿੱਚ ਖੇਡਿਆ ਜਾਵੇਗਾ।
ਵਾਸ਼ਿੰਗਟਨ ਸਕੁਐਸ਼ ਓਪਨ ਵਿੱਚ ਸੇਂਥਿਲਕੁਮਾਰ ਅਤੇ ਵੀਰ ਚੋਟਰਾਨੀ ਅਗਲੇ ਦੌਰ ਵਿੱਚ ਪੁੱਜੇ
NEXT STORY