ਸ੍ਰੀਹਰੀਕੋਟਾ : ਭਾਰਤੀ ਪੁਲਾੜ ਖੋਜ ਸੰਸਥਾ (ISRO) ਨੇ ਇੱਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ। ਸ਼ੁੱਕਰਵਾਰ ਨੂੰ ਭਾਰਤ ਦੇ ਪਹਿਲੇ ਜੀਓ-ਇਮੇਜਿੰਗ ਸੈਟੇਲਾਈਟ ‘EOS-05’ (ਐਡਵਾਂਸਡ ਅਰਥ ਓਬਜ਼ਰਵੇਸ਼ਨ ਸੈਟੇਲਾਈਟ) ਨੂੰ GSLV ਰਾਕੇਟ ਰਾਹੀਂ ਸ੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਦੇ ਦੂਜੇ ਲਾਂਚ ਪੈਡ ਤੋਂ ਸਫ਼ਲਤਾਪੂਰਵਕ ਲਾਂਚ ਕੀਤਾ ਗਿਆ। ਇਸ ਮਿਸ਼ਨ ਨਾਲ ਜੁੜੇ ਇੱਕ ਸੀਨੀਅਰ ਵਿਗਿਆਨੀ ਨੇ ਇਸ ਸੈਟੇਲਾਈਟ ਨੂੰ "ਆਸਮਾਨ ਵਿੱਚ ਅੱਖ" ਦਾ ਨਾਮ ਦਿੱਤਾ ਹੈ।
ਇਹ ਸੈਟੇਲਾਈਟ ਧਰਤੀ ਤੋਂ ਲਗਭਗ 36,000 ਕਿਲੋਮੀਟਰ ਦੀ ਉਚਾਈ 'ਤੇ ਜੀਓਸਿੰਕ੍ਰੋਨਸ ਆਰਬਿਟ ਵਿੱਚ ਸਥਾਪਿਤ ਰਹੇਗਾ, ਜਿੱਥੇ ਇਹ ਧਰਤੀ ਦੇ ਘੁੰਮਣ ਦੀ ਗਤੀ ਦੇ ਨਾਲ ਆਪਣੀ ਗਤੀ ਦਾ ਤਾਲਮੇਲ ਰੱਖੇਗਾ। ਇਸਰੋ ਦੇ ਮੁਖੀ ਵੀ. ਨਾਰਾਇਣਨ ਨੇ ਖ਼ੁਸ਼ੀ ਜ਼ਾਹਰ ਕਰਦਿਆਂ ਦੱਸਿਆ ਕਿ GSLV-F17 ਰਾਕਟ ਨੇ ਲਾਂਚਿੰਗ ਦੇ ਲਗਭਗ 18 ਮਿੰਟਾਂ ਬਾਅਦ ਸੈਟੇਲਾਈਟ ਨੂੰ ਤੈਅ ਸਬ-ਜੀਓਸਿੰਕ੍ਰੋਨਸ ਟ੍ਰਾਂਸਫਰ ਆਰਬਿਟ ਵਿੱਚ ਬਿਲਕੁਲ ਸਹੀ ਅਤੇ ਸਟੀਕ ਤਰੀਕੇ ਨਾਲ ਸਥਾਪਿਤ ਕਰ ਦਿੱਤਾ ਹੈ। ਇੱਕ ਵਾਰ ਪੂਰੀ ਤਰ੍ਹਾਂ ਕੰਮ ਸ਼ੁਰੂ ਕਰਨ ਤੋਂ ਬਾਅਦ, ਇਹ ਜੀਓ-ਆਰਬਿਟ ਤੋਂ ਭਾਰਤ ਦਾ ਪਹਿਲਾ ਸਮਰਪਿਤ ਇਮੇਜਿੰਗ ਸੈਟੇਲਾਈਟ ਬਣ ਜਾਵੇਗਾ, ਜੋ ਦੇਸ਼ ਦੀ ਸੁਰੱਖਿਆ ਲਈ ਬੇਹੱਦ ਮਹੱਤਵਪੂਰਨ ਰਣਨੀਤਕ ਡੇਟਾ ਪ੍ਰਦਾਨ ਕਰੇਗਾ ਅਤੇ ਦੁਸ਼ਮਣਾਂ 'ਤੇ ਨਜ਼ਰ ਰੱਖੇਗਾ। ਇਹ ਅਤਿ-ਆਧੁਨਿਕ ਸੈਟੇਲਾਈਟ ਰੀਅਲ-ਟਾਈਮ ਤਸਵੀਰਾਂ ਭੇਜੇਗਾ, ਜਿਸ ਨਾਲ ਦੇਸ਼ ਦੇ ਖੇਤੀਬਾੜੀ ਖੇਤਰ ਅਤੇ ਹੜ੍ਹ ਜਾਂ ਹੋਰ ਕੁਦਰਤੀ ਆਫ਼ਤਾਂ ਦੇ ਪ੍ਰਬੰਧਨ ਵਿੱਚ ਵੱਡੀ ਮਦਦ ਮਿਲੇਗੀ।
ਇਸ ਇਤਿਹਾਸਕ ਲਾਂਚਿੰਗ ਲਈ ਬੁੱਧਵਾਰ ਰਾਤ 11:30 ਵਜੇ 27 ਘੰਟਿਆਂ ਦੀ ਉਲਟੀ ਗਿਣਤੀ ਸ਼ੁਰੂ ਹੋਈ ਸੀ। ਸ਼ੁੱਕਰਵਾਰ ਸਵੇਰੇ ਠੀਕ ਸਵੇਰੇ 2:55 ਵਜੇ 51.7 ਮੀਟਰ ਉੱਚੇ ਅਤੇ 420.5 ਟਨ ਭਾਰੀ ਇਸ ਰਾਕਟ ਨੇ ਉਡਾਣ ਭਰੀ। ਬੇਵਕਤ ਸਮੇਂ ਅਤੇ ਪੈ ਰਹੇ ਮੀਂਹ ਦੇ ਬਾਵਜੂਦ ਉੱਥੇ ਮੌਜੂਦ ਲੋਕਾਂ ਦਾ ਉਤਸ਼ਾਹ ਦੇਖਣਯੋਗ ਸੀ। ਇਸ 2,367 ਕਿਲੋਗ੍ਰਾਮ ਪੇਲੋਡ ਵਾਲੇ ਰਾਕਟ ਦਾ ਤੀਜਾ ਪੜਾਅ ਕ੍ਰਾਇਓਜੈਨਿਕ ਤਕਨੀਕ 'ਤੇ ਅਧਾਰਿਤ ਹੈ। ਇਹ ਜੀਐਸਐਲਵੀ (GSLV) ਦੀ 19ਵੀਂ ਉਡਾਣ ਸੀ।
ਬ੍ਰਹਮਭੱਟ ਨੇ ਬਣਾਈ ਕਾਕਰੋਚ ਜਨਤਾ ਪਾਰਟੀ-ਲੋਕਤੰਤਰਿਕ, ਦੀਪਕੇ ਧੜੇ ’ਤੇ ‘ਆਪ’ ਨਾਲ ਗੱਠਜੋੜ ਦਾ ਲਾਇਆ ਦੋਸ਼
NEXT STORY