ਨੈਸ਼ਨਲ ਡੈਸਕ- 1960 ਦੇ ਦਹਾਕੇ ਦੇ ਸਭ ਤੋਂ ਵਧੀਆ ਲੜਾਕੂ ਜਹਾਜ਼ ਮਿਗ-21 ਦੇ ਹਵਾਈ ਫੌਜ ਤੋਂ ਰਿਟਾਇਰ ਹੋਣ ਤੋਂ ਬਾਅਦ ਭਾਰਤੀ ਹਵਾਈ ਫੌਜ ਦੇ ਬੇੜੇ ਦੀ ਸਮਰੱਥਾ ਘੱਟ ਜਾਵੇਗੀ। ਅਕਤੂਬਰ ਤੋਂ ਬਾਅਦ ਭਾਰਤ ਕੋਲ ਲੜਾਕੂ ਜਹਾਜ਼ਾਂ ਦੇ ਸਿਰਫ 29 ਬੇੜੇ ਬਚਣਗੇ। ਪਾਕਿਸਤਾਨ ਕੋਲ 25 ਬੇੜੇ ਹਨ। ਇਹ ਲਗਭਗ ਬਰਾਬਰ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਇਹ ਡਰਾਉਣੀ ਸਮਾਨਤਾ ਬਹੁਤ ਚਿੰਤਾ ਦਾ ਵਿਸ਼ਾ ਹੈ। ਇਸ ਦਾ ਕਾਰਨ ਇਹ ਹੈ ਕਿ ਪਾਕਿਸਤਾਨ ਦੇ ‘ਭਰਾ’ ਚੀਨ ਕੋਲ 66 ਬੇੜੇ ਹਨ। ਇਕ ਬੇੜੇ ’ਚ ਆਮ ਤੌਰ ’ਤੇ 18-20 ਲੜਾਕੂ ਜਹਾਜ਼ ਹੁੰਦੇ ਹਨ।
2 ਮਹੀਨਿਆਂ ਬਾਅਦ ਭਾਰਤ ਕੋਲ 522 ਲੜਾਕੂ ਜਹਾਜ਼ ਹੋਣਗੇ, ਜਦਕਿ ਪਾਕਿਸਤਾਨ ਕੋਲ 450 ਅਤੇ ਚੀਨ ਕੋਲ 1,200 ਹਵਾਈ ਜਹਾਜ਼ ਹਨ। ਹਵਾਈ ਫੌਜ ਦੇ ਮੁਖੀ ਏ.ਪੀ. ਸਿੰਘ ਨੇ ਕਿਹਾ ਸੀ ਕਿ ਭਾਰਤ ਨੂੰ ਬੇੜੇ 'ਚ ਹਰ ਸਾਲ ਘੱਟੋ-ਘੱਟ 40 ਲੜਾਕੂ ਜਹਾਜ਼ ਸ਼ਾਮਲ ਕਰਨ ਦੀ ਲੋੜ ਹੈ। ਇਸ ਵੇਲੇ ਇਹ ਅਸੰਭਵ ਤੋਂ ਵੀ ਭੈੜਾ ਲੱਗ ਰਿਹਾ ਹੈ।
10 ਸਾਲਾਂ ’ਚ ਪਾਕਿਸਤਾਨ ਦੇ ਬਰਾਬਰ ਆ ਜਾਵੇਗਾ ਭਾਰਤ
ਇਕ ਮੀਡੀਆ ਰਿਪੋਰਟ ’ਚ ਰੱਖਿਆ ਮਾਹਿਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਜੇਕਰ ਭਾਰਤ ਆਪਣੀ ਰਣਨੀਤੀ ’ਚ ਸੁਧਾਰ ਨਹੀਂ ਕਰਦਾ ਹੈ ਤਾਂ ਉਸ ਕੋਲ 10 ਸਾਲਾਂ ਤੋਂ ਵੀ ਘੱਟ ਸਮੇਂ ’ਚ ਪਾਕਿਸਤਾਨ ਦੇ ਬਰਾਬਰ ਲੜਾਕੂ ਬੇੜੇ ਹੋਣਗੇ। ਹਵਾਈ ਫੌਜ ਨੂੰ ਸਹੀ ਰਣਨੀਤੀ ਦੇ ਹਿੱਸੇ ਵਜੋਂ ਪੁਰਾਣੇ ਲੜਾਕੂ ਜਹਾਜ਼ਾਂ ਮਿਰਾਜ, ਜੈਗੁਆਰ ਅਤੇ ਹੋਰ ਮਿਗ ਦੇ ਰੂਪਾਂ ਵਾਲੇ ਹੋਰ ਬੇੜੇ ਪੜਾਅਵਾਰ ਬਾਹਰ ਕਰਨੇ ਪੈਣਗੇ। ਇਸ ਚਿੰਤਾ ਦਾ ਤੁਰੰਤ ਕਾਰਨ ਆਈ.ਏ.ਐੱਫ. ਵੱਲੋਂ ਆਪਣੇ ਆਖਰੀ ਦੋ ਮਿਗ-21 ਬੇੜੇ ਨੂੰ ਪੜਾਅਵਾਰ ਬਾਹਰ ਕਰਨਾ ਹੈ।
ਰਿਪੋਰਟ ’ਚ ਕਿਹਾ ਗਿਆ ਹੈ ਕਿ 2015 ’ਚ 126 ਜੈੱਟ ਮੀਡੀਅਮ ਮਲਟੀ-ਰੋਲ ਲੜਾਕੂ ਜਹਾਜ਼ਾਂ ਦੇ ਸੌਦੇ ਨੂੰ ਰੱਦ ਕਰਨ ਨਾਲ ਬਹੁਤ ਵੱਡਾ ਫ਼ਰਕ ਪਿਆ ਹੈ। ਫਰਾਂਸ ਨਾਲ ਸਰਕਾਰ ਦੇ ਸੌਦੇ ਤਹਿਤ ਭਾਰਤ ਵੱਲੋਂ ਪ੍ਰਾਪਤ ਕੀਤੇ ਗਏ 36 ਰਾਫੇਲ ਜੈੱਟ ਆਈ.ਏ.ਐੱਫ. ਦੇ ਪੁਰਾਣੇ ਹੋ ਰਹੇ ਲੜਾਕੂ ਬੇੜੇ ਨੂੰ ਦੇਖਦੇ ਹੋਏ ਕਾਫ਼ੀ ਨਹੀਂ ਸਨ। ਭਾਰਤ ਨੇ 26 ਹੋਰ ਰਾਫੇਲ ਆਰਡਰ ਕੀਤੇ ਹਨ। ਇਹ ਜਹਾਜ਼ ਸਮੁੰਦਰੀ ਫੌਜ ਲਈ ਹੋਣਗੇ। ਦੂਜੇ ਪਾਸੇ 114 ਮਲਟੀ-ਰੋਲ ਲੜਾਕੂ ਜਹਾਜ਼ ਖਰੀਦਣ ਦੀ ਯੋਜਨਾ ਹੈ ਪਰ ਇਸ ’ਤੇ ਕੋਈ ਪ੍ਰਗਤੀ ਨਹੀਂ ਹੋਈ ਹੈ।
ਇਹ ਵੀ ਪੜ੍ਹੋ- ਤੜਕੇ 4 ਵਜੇ ਕੰਬ ਗਈ ਧਰਤੀ ! ਸੁੱਤੇ ਪਏ ਲੋਕਾਂ ਦੇ ਸੁੱਕ ਗਏ ਸਾਹ
ਮੇਡ ਇਨ ਇੰਡੀਆ ਲੜਾਕੂ ਜਹਾਜ਼ਾਂ ਦੀ ਡਿਲੀਵਰੀ ’ਚ ਦੇਰੀ
ਵੱਡੀ ਯੋਜਨਾ ਇਹ ਸੀ ਕਿ ਸਵਦੇਸ਼ੀ ਤੇਜਸ ਹਲਕੇ ਲੜਾਕੂ ਜਹਾਜ਼ ਪਾਕਿਸਤਾਨ ’ਤੇ ਭਾਰਤ ਦੀ ਹਵਾਈ ਉੱਤਮਤਾ ਨੂੰ ਬਣਾਈ ਰੱਖਣਗੇ। ਭਾਰਤੀ ਹਵਾਈ ਫੌਜ ਕੋਲ ਇਸ ਸਮੇਂ ਤੇਜਸ ਮਾਰਕ-1 ਦੇ ਸਿਰਫ 2 ਬੇੜੇ ਹਨ, ਯਾਨੀ 38 ਲੜਾਕੂ ਜਹਾਜ਼। ਉੱਨਤ ਤੇਜਸ ਮਾਰਕ-1ਏ ਜੈੱਟਾਂ ’ਚੋਂ, ਜਿਨ੍ਹਾਂ ’ਚੋਂ 83 ਐੱਚ. ਏ. ਐੱਲ. ਵੱਲੋਂ ਡਿਲੀਵਰ ਕੀਤੇ ਜਾਣੇ ਸਨ, ਇਕ ਵੀ ਸੇਵਾ ’ਚ ਨਹੀਂ ਹੈ।
ਇਸ ਦਾ ਇਕ ਕਾਰਨ ਜੀ. ਈ. ਦੇ ਐੱਫ.-404 ਇੰਜਣਾਂ ਦੀ ਸਪਲਾਈ ’ਚ ਭਾਰੀ ਦੇਰੀ ਹੈ। ਇਕ ਹੋਰ ਕਾਰਨ ਐਸਟਰਾ ਏਅਰ-ਟੂ-ਏਅਰ ਮਿਜ਼ਾਈਲਾਂ ਦੇ ਏਕੀਕਰਨ ਅਤੇ ਕੁਝ ਮਹੱਤਵਪੂਰਨ ਐਵੀਓਨਿਕਸ ਦੀ ਮੁਰੰਮਤ ਨਾਲ ਸਬੰਧਤ ਹਾਲੇ ਵੀ ਅਣਸੁਲਝੇ ਮੁੱਦੇ ਹਨ।
ਹਵਾਈ ਫੌਜ ਨੂੰ 97 ਹੋਰ ਤੇਜਸ ਮਾਰਕ-1ਏ ਜੈੱਟ ਅਤੇ ਨਾਲ ਹੀ ਵਧੇਰੇ ਸ਼ਕਤੀਸ਼ਾਲੀ ਜੀ. ਈ. ਦੇ ਐੱਫ-414 ਇੰਜਣਾਂ ਵਾਲੇ 108 ਹੋਰ ਤੇਜਸ ਮਾਰਕ-2 ਐਡੀਸ਼ਨ ਪ੍ਰਾਪਤ ਹੋਣ ਦੀ ਉਮੀਦ ਹੈ। ਇਹ ਇੰਜਣ ਭਾਰਤ ’ਚ 80 ਫ਼ੀਸਦੀ ਟੈਕਨਾਲੋਜੀ ਟ੍ਰਾਂਸਫਰ ਨਾਲ ਸਹਿ-ਉਤਪਾਦਿਤ ਕੀਤਾ ਜਾਵੇਗਾ ਪਰ ਇਹ ਸਭ ਕਾਗਜ਼ਾਂ ’ਤੇ ਹੈ। ਪ੍ਰਸਤਾਵਿਤ ਪੰਜਵੀਂ ਪੀੜ੍ਹੀ ਦਾ ਐਡਵਾਂਸਡ ਮੀਡੀਅਮ ਫਾਈਟਰ ਪਲੇਨ ਵੀ ਹੈ। ਇਸ ਬਾਰੇ ਸਿਰਫ਼ ਇਹੀ ਕਿਹਾ ਜਾ ਸਕਦਾ ਹੈ ਕਿ ਇਹ ਇਕ ਵਿਚਾਰ ਹੈ।
ਕੀ ਡਰੋਨ ਲੜਾਕੂ ਜਹਾਜ਼ਾਂ ਦੀ ਥਾਂ ਲੈ ਸਕਦੇ ਹਨ ?
ਕਈ ਮਾਹਰ ਮੰਨਦੇ ਹਨ ਕਿ ਜੰਗ ਦੀ ਬਦਲਦੀ ਰਵਾਇਤ ਨੂੰ ਦੇਖਦੇ ਹੋਏ ਲੜਾਕੂ ਜਹਾਜ਼ਾਂ ਅਤੇ ਜੰਗੀ ਜਹਾਜ਼ਾਂ ਵਰਗੇ ਵੱਡੇ ਫੌਜੀ ਉਪਕਰਣ ਬੇਕਾਰ ਹੁੰਦੇ ਜਾ ਰਹੇ ਹਨ। ਯੂਕ੍ਰੇਨ ਨੇ ਰੂਸੀ ਹਮਲੇ ਵਿਰੁੱਧ ਆਪਣੀ ਜੰਗ ’ਚ ਡਰੋਨਾਂ ਨਾਲ ਸ਼ਾਨਦਾਰ ਕੰਮ ਕੀਤਾ ਹੈ। ਇਸ ਨੇ ਰੂਸੀ ਜੰਗੀ ਜਹਾਜ਼ਾਂ ਅਤੇ ਲੜਾਕੂ ਜਹਾਜ਼ਾਂ ਨੂੰ ਯੂ. ਏ. ਵੀ. ਨਾਲ ਮਾਰ ਸੁੱਟਿਆ ਹੈ, ਜਿਨ੍ਹਾਂ ਦੀ ਕੀਮਤ ਇਕ ਜੈੱਟ ਦੀ ਕੀਮਤ ਦੇ ਇਕ ਹਿੱਸੇ ਤੋਂ ਵੀ ਘੱਟ ਹੈ। ਯੂਕ੍ਰੇਨ ਇਸ ਸਾਲ 40 ਲੱਖ ਡਰੋਨਾਂ ਦੀ ਪ੍ਰੋਡਕਸ਼ਨ ਕਰੇਗਾ।
ਡਰੋਨ ਚਲਾਉਣ ਲਈ ਮਾਹਰ ਕੋਰ ਦੀ ਲੋੜ
ਭਾਰਤ ਦੀਆਂ ਹਥਿਆਰਬੰਦ ਫੌਜਾਂ ਨੇ ਹੋਰ ਡਰੋਨ ਵਰਤਣ ਬਾਰੇ ਗੱਲ ਕੀਤੀ ਹੈ। ਕਿਸੇ ਵੀ ਘਰੇਲੂ ਉਤਪਾਦਨ ਨੂੰ ਲਗਾਤਾਰ ਵਿਕਸਤ ਹੋ ਰਹੀ ਡਰੋਨ ਤਕਨਾਲੋਜੀ ਨੂੰ ਧਿਆਨ ਵਿਚ ਰੱਖਣਾ ਪਵੇਗਾ। ਦੂਜਾ ਭਾਰਤ ਨੂੰ ਡਰੋਨ ਚਲਾਉਣ ਲਈ ਇਕ ਮਾਹਰ ਕੋਰ ਜਾਂ ਇਕ ਵਿਸ਼ੇਸ਼ ਡਰੋਨ ਸਬ-ਯੂਨਿਟ ਦੀ ਲੋੜ ਹੈ।
ਮਾਹਰ ਕਹਿੰਦੇ ਹਨ ਕਿ ਭਾਰਤ ਦਾ ਰਣਨੀਤਕ ਸੁਰੱਖਿਆ ਖੇਤਰ ਯੂਕ੍ਰੇਨ ਤੋਂ ਬਹੁਤ ਵੱਖਰਾ ਹੈ। ਇਸ ਤੋਂ ਇਲਾਵਾ ਲੜਾਕੂ ਜਹਾਜ਼ ਇਕ ਘੁਸਪੈਠ ਕਰਨ ਵਾਲੀ ਹਮਲਾਵਰ ਸਮਰੱਥਾ ਪ੍ਰਦਾਨ ਕਰਦੇ ਹਨ, ਜੋ ਡਰੋਨ ਨਹੀਂ ਕਰ ਸਕਦੇ, ਘੱਟੋ-ਘੱਟ ਹਾਲੇ ਨਹੀਂ। ਇਸ ਲਈ ਅਸਲੀਅਤ ਇਹ ਹੈ ਕਿ ਭਾਰਤ ਅਤੇ ਪਾਕਿਸਤਾਨ ਲੜਾਕੂ ਜਹਾਜ਼ਾਂ ਦੇ ਮਾਮਲੇ ’ਚ ਲਗਭਗ ਬਰਾਬਰ ਹਨ। ਸਥਿਤੀ ਹਾਲੇ ਵੀ ਡਰਾਉਣੀ ਹੈ।
ਇਹ ਵੀ ਪੜ੍ਹੋ- ਵਿਆਹ ਹੀ ਨਹੀਂ, ਹੁਣ ਮੰਗਣੀ ਨੂੰ ਲੈ ਕੇ ਵੀ ਜਾਰੀ ਹੋਇਆ ਨਵਾਂ ਫ਼ਰਮਾਨ ! ਕੈਬਨਿਟ ਨੇ ਦਿੱਤੀ ਮਨਜ਼ੂਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਅੱਤਵਾਦੀ ਹਮਲੇ ਦਾ ਨਤੀਜਾ ਸੀ ਆਪਰੇਸ਼ਨ ਸਿੰਦੂਰ ! ਇਸੇ ਕਾਰਨ ਪਾਕਿ ਨੇ ਕੀਤੀ ਜੰਗਬੰਦੀ ਦੀ ਅਪੀਲ'
NEXT STORY