ਜੰਮੂ/ਸ਼੍ਰੀਨਗਰ (ਉਦੇ/ਅਰੁਣ)- ਕਾਰਗਿਲ ਜੰਗ ’ਚ ਮਿਲੀ ਕਰਾਰੀ ਹਾਰ ਦਾ ਸੰਤਾਪ ਝੱਲ ਰਹੀ ਪਾਕਿ ਫੌਜ ਨੂੰ ਉਸ ਵੇਲੇ ਹੋਰ ਮਿਰਚਾਂ ਲੱਗੀਆਂ ਜਦੋਂ ਭਾਰਤ ਨੇ 25ਵਾਂ ਸਿਲਵਰ ਜੁਬਲੀ ਸਮਾਰੋਹ ਜ਼ਬਰਦਸਤ ਢੰਗ ਨਾਲ ਮਨਾਇਆ। ਰੱਖਿਆ ਬੁਲਾਰੇ ਅਨੁਸਾਰ ਸ਼ਨੀਵਾਰ ਤੜਕੇ ਮਾਛਿਲ ਖੇਤਰ ’ਚ ਕੰਟਰੋਲ ਰੇਖਾ (ਐੱਲ.ਓ.ਸੀ.) ’ਤੇ ਖ਼ਰਾਬ ਮੌਸਮ ਅਤੇ ਘੱਟ ਦ੍ਰਿਸ਼ਟਤਾ ਦਾ ਫਾਇਦਾ ਚੁੱਕਦੇ ਹੋਏ ਬੌਖਲਾਏ ਪਾਕਿਸਤਾਨ ਦੀ ‘ਬਾਰਡਰ ਐਕਸ਼ਨ ਟੀਮ’ (ਬੈਟ) ਨੇ ਹਮਲੇ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਫੌਜ ਦੇ ਜਵਾਨਾਂ ਨੇ ਨਾਕਾਮ ਕਰ ਦਿੱਤਾ। ਉਨ੍ਹਾਂ ਦੱਸਿਆ ਕਿ 2 ਤੋਂ 3 ਹਥਿਆਰਬੰਦ ਲੋਕਾਂ ਨੇ ਇਕ ਮੂਹਰਲੀ ਕਮਕਾਰੀ ਚੌਕੀ ’ਤੇ ਤਾਇਨਾਤ ਫੌਜ ਦੇ ਜਵਾਨਾਂ ਨੂੰ ਵੱਡਾ ਨੁਕਸਾਨ ਪਹੁੰਚਾਉਣ ਦੇ ਮਕਸਦ ਨਾਲ ਭਾਰਤੀ ਖੇਤਰ ’ਚ ਵੜ ਕੇ ‘ਬੈਟ’ ਹਮਲਾ ਕੀਤਾ। ਚੌਕੀ ’ਤੇ ਤਾਇਨਾਤ ਚੌਕਸ ਜਵਾਨਾਂ ਨੇ ਅਚਾਨਕ ਹੋਏ ਹਮਲੇ ਦਾ ਜ਼ਬਰਦਸਤ ਜਵਾਬ ਦਿੱਤਾ ਤਾਂ ਘੁਸਪੈਠੀਏ ਵਾਪਸ ਭੱਜਣ ਲੱਗੇ।
ਇਸ ਦੌਰਾਨ ਭਾਰਤੀ ਫੌਜ ਨੇ ਗੋਲੀਬਾਰੀ ਕਰ ਕੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਦਿੱਤਾ। ਮਾਰੇ ਗਏ ਘੁਸਪੈਠੀਏ ਤੋਂ ਹਥਿਆਰ, ਗੋਲਾ-ਬਾਰੂਦ ਅਤੇ ਜੰਗੀ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ। ਹਾਲਾਂਕਿ ਇਸ ਦੌਰਾਨ ਹੋਏ ਮੁਕਾਬਲੇ ’ਚ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ ਅਤੇ ਇਕ ਕੈਪਟਨ ਸਮੇਤ 4 ਹੋਰ ਜਵਾਨ ਜ਼ਖ਼ਮੀ ਹੋ ਗਏ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ’ਚ ਬਦਲੇ ਹਾਲਾਤ ਨੂੰ ਵੇਖਦੇ ਹੋਏ ਪਾਕਿ ਲਗਾਤਾਰ ਕੰਟਰੋਲ ਰੇਖਾ ’ਤੇ ‘ਬੈਟ’ ਹਮਲਿਆਂ ਦੀ ਯੋਜਨਾ ਬਣਾ ਰਿਹਾ ਹੈ ਤਾਂ ਜੋ ਭਾਰਤੀ ਫੌਜ ਦੇ ਜਵਾਨਾਂ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ ਪਰ ਚੌਕਸ ਜਵਾਨ ਹਰ ਵਾਰ ਪਾਕਿਸਤਾਨ ਦੇ ਮਨਸੂਬਿਆਂ ਨੂੰ ਨਾਕਾਮ ਬਣਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੁਨੀਆ ਦੇ ਇਸ ਦੇਸ਼ ਨੇ ਜਾਰੀ ਕੀਤੀ 'ਭਗਵਾਨ ਰਾਮ' ਤੇ ਮਹਾਤਮਾ ਬੁੱਧ ਦੀ ਡਾਕ ਟਿਕਟ, ਦੇਖੋ ਤਸਵੀਰਾਂ
NEXT STORY