ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲਖੀਮਪੁਰ ਖੀਰੀ ’ਚ ਹੋਈ ਹਿੰਸਾ ਦੀ ਘਟਨਾ ਦੀ ਪਿੱਠਭੂਮੀ ’ਚ ਸ਼ਨੀਵਾਰ ਨੂੰ ਕਿਹਾ ਕਿ ਕਿਸਾਨਾਂ ਨੂੰ ਨਿਆਂ ਦਿਵਾਉਣਾ ਸਾਰਿਆਂ ਦਾ ਕਰਤੱਵ ਹੈ। ਉਨ੍ਹਾਂ ਨੇ ਕਾਂਗਰਸ ਵਲੋਂ ‘ਸਪੀਕਅੱਪ ਫਾਰ ਕਿਸਾਨ ਨਿਆਂ’ ਹੈਸ਼ਟੈਗ ਨਾਲ ਚਲਾਏ ਗਏ ਸੋਸ਼ਲ ਮੀਡੀਆ ਮੁਹਿੰਮ ਦੇ ਅਧੀਨ ਟਵੀਟ ਕਰ ਕੇ ਇਹ ਟਿੱਪਣੀ ਕੀਤੀ। ਰਾਹੁਲ ਨੇ ਕਿਹਾ,‘‘ਅੱਜ ਖਾਣਾ ਖਾਂਦੇ ਸਮੇਂ ਉਨ੍ਹਾਂ ਅੰਨਦਾਤਾ ਬਾਰੇ ਸੋਚੋ, ਜੋ ਦੇਸ਼ ਦਾ ਢਿੱਡ ਭਰਨ ਲਈ ਆਪਣਾ ਖੂਨ ਪਸੀਨਾ ਦਿੰਦੇ ਹਨ। ਉਨ੍ਹਾਂ ਨੂੰ ਨਿਆਂ ਦਿਵਾਉਣਾ ਸਾਡਾ ਕਰਤੱਵ ਹੈ।’’ ਇਸ ਮੁਹਿੰਮ ਦੇ ਅਧੀਨ ਕਾਂਗਰਸ ਦੇ ਕਈ ਹੋਰ ਨੇਤਾਵਾਂ ਨੇ ਵੀ ਲਖੀਮਪੁਰ ਖੀਰੀ ਹਿੰਸਾ ਦੇ ਪੀੜਤ ਕਿਸਾਨਾਂ ਲਈ ਆਵਾਜ਼ ਉਠਾਈ। ਕਾਂਗਰਸ ਬੁਲਾਰੇ ਪਵਨ ਖੇੜਾ ਨੇ ਦੋਸ਼ ਲਗਾਇਆ,‘‘ਦੇਸ਼ ਦੇ ਇਤਿਹਾਸ ’ਚ ਪਹਿਲੀ ਵਾਰ ਅਜਿਹਾ ਹੋ ਰਿਹਾ ਹੈ ਕਿ ਇਕ ਪਾਸੇ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਦੀ ਗੱਡੀ ਜਾਣਬੁੱਝ ਕੇ ਕਿਸਾਨਾਂ ਨੂੰ ਕੁਚਲਦੀ ਹੋਈ ਨਿਕਲ ਜਾਂਦੀ ਹੈ ਅਤੇ ਦੇਸ਼ ਦੀ ਸੱਤਾਧਾਰੀ ਪਾਰਟੀ ਉਨ੍ਹਾਂ ਕਿਸਾਨਾਂ ਨਾਲ ਨਹੀਂ ਸਗੋਂ ਉਨ੍ਹਾਂ ਵਿਰੁੱਧ ਖੜ੍ਹੀ ਹੋਈ ਨਜ਼ਰ ਆਉਂਦੀ ਹੈ।’’
ਭਾਰਤੀ ਯੂਥ ਕਾਂਗਰਸ ਦੇ ਪ੍ਰਧਾਨ ਸ਼੍ਰੀਨਿਵਾਸ ਬੀ.ਵੀ. ਨੇ ਦਾਅਵਾ ਕੀਤਾ,‘‘ਜਲਿਆਂਵਾਲਾ ਬਾਗ਼ ਕਤਲੇਆਮ ਬਾਰੇ ਸੁਣਿਆ ਸੀ ਪਰ ਸ਼ਾਇਦ ਕਦੇ ਅਸੀਂ ਸੋਚਿਆ ਨਹੀਂ ਸੀ ਕਿ ਅਜਿਹਾ ਕੋਈ ਕਤਲੇਆਮ ਸਾਨੂੰ ਆਜ਼ਾਦ ਭਾਰਤ ’ਚ ਵੀ ਕਿਤੇ ਦੇਖਣ ਨੂੰ ਮਿਲੇਗਾ। ਆਪਣੀ ਮਿਹਨਤ ਤੋਂ ਦੇਸ਼ਵਾਸੀਆਂ ਦਾ ਢਿੱਡ ਭਰਨ ਵਾਲੇ ਅੰਨਦਾਤਾ ਨੂੰ ਹੀ ਭਾਜਪਾ ਨੇਤਾਵਾਂ ਨੇ ਕੁਚਲ ਦਿੱਤਾ।’’ ਦੱਸਣਯੋਗ ਹੈ ਕਿ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੋਨੀਆ ਖੇਤਰ ’ਚ ਐਤਵਾਰ ਨੂੰ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੋਰੀਆ ਦੇ ਦੌਰੇ ਦਾ ਵਿਰੋਧ ਕਰਨ ਦੌਰਾਨ ਹਿੰਸਾ ’ਚ 4 ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ’ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਸਮੇਤ ਕਈ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਕਾਂਗਰਸ ਨੇ 16 ਅਕਤੂਬਰ ਨੂੰ CWC ਦੀ ਬੈਠਕ ਬੁਲਾਈ, ਇਨ੍ਹਾਂ ਮੁੱਦਿਆਂ ’ਤੇ ਹੋਵੇਗੀ ਚਰਚਾ
NEXT STORY