ਨਵੀਂ ਦਿੱਲੀ : ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ 4 ਅਤੇ 5 ਦਸੰਬਰ ਨੂੰ ਹੋਣ ਵਾਲੇ ਦੋ ਦਿਨਾਂ ਭਾਰਤ ਦੌਰੇ ਨੂੰ ਲੈ ਕੇ ਅਮਰੀਕਾ ਸਮੇਤ ਯੂਰਪ ਦੇ ਕਈ ਵੱਡੇ ਦੇਸ਼ਾਂ ਨੇ ਖੁੱਲ੍ਹ ਕੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਇਸ ਕੂਟਨੀਤਕ ਤਣਾਅ ਦੇ ਵਿਚਕਾਰ, ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਪੱਛਮੀ ਦੇਸ਼ਾਂ ਨੂੰ ਦੋ-ਟੁਕ ਜਵਾਬ ਦਿੰਦਿਆਂ ਸਪੱਸ਼ਟ ਕੀਤਾ ਹੈ ਕਿ ਭਾਰਤ ਹੁਣ ਦੋਸ਼ ਸੁਣਨ ਦੇ ਮੂਡ ਵਿੱਚ ਨਹੀਂ ਹੈ।
ਕੂਟਨੀਤਕ ਮਰਿਆਦਾ ਦੀ ਉਲੰਘਣਾ
ਯੂਕ੍ਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਇਹ ਪੁਤਿਨ ਦੀਆਂ ਸਭ ਤੋਂ ਦੁਰਲੱਭ ਵਿਦੇਸ਼ ਯਾਤਰਾਵਾਂ ਵਿੱਚੋਂ ਇੱਕ ਹੈ। ਪਿਛਲੇ ਤਿੰਨ ਸਾਲਾਂ ਤੋਂ ਅਮਰੀਕਾ ਅਤੇ ਯੂਰਪ ਪੁਤਿਨ ਨੂੰ ਵਿਸ਼ਵ ਮੰਚ ਤੋਂ ਅਲੱਗ-ਥਲੱਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਜਦੋਂ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਭਾਰਤ ਪੁਤਿਨ ਦਾ ‘ਰੇਡ ਕਾਰਪੇਟ’ ਵੈਲਕਮ ਕਰਦਾ ਹੈ, ਤਾਂ ਪੱਛਮੀ ਦੇਸ਼ਾਂ ਦੀ ਇਹ ਮੁਹਿੰਮ ਕਮਜ਼ੋਰ ਸਾਬਤ ਹੁੰਦੀ ਦਿਖਾਈ ਦਿੰਦੀ ਹੈ।
ਪੁਤਿਨ ਦੇ ਦਿੱਲੀ ਪਹੁੰਚਣ ਤੋਂ ਪਹਿਲਾਂ, ਭਾਰਤ ਵਿੱਚ ਤਾਇਨਾਤ ਬ੍ਰਿਟੇਨ, ਫਰਾਂਸ ਅਤੇ ਜਰਮਨੀ ਦੇ ਰਾਜਦੂਤਾਂ ਨੇ ਇੱਕ ਸਾਂਝਾ ਲੇਖ ਲਿਖ ਕੇ ਭਾਰਤ ਦੀ ਵਿਦੇਸ਼ ਨੀਤੀ 'ਤੇ ਅਸਿੱਧੇ ਤੌਰ 'ਤੇ ਸਵਾਲ ਖੜ੍ਹੇ ਕੀਤੇ। ਇਨ੍ਹਾਂ ਰਾਜਦੂਤਾਂ ਨੇ ਪੁਤਿਨ ਨੂੰ ਯੂਕ੍ਰੇਨ ਯੁੱਧ ਦਾ ‘ਵਿਲੇਨ’ ਦੱਸਿਆ ਅਤੇ ਕਿਹਾ ਕਿ ਰੂਸ ਸ਼ਾਂਤੀ ਨਹੀਂ ਚਾਹੁੰਦਾ। ਭਾਰਤ ਨੇ ਇਸ ਲੇਖ 'ਤੇ ਸਖ਼ਤ ਇਤਰਾਜ਼ ਜਤਾਇਆ ਅਤੇ ਇਸਨੂੰ ਸੰਪ੍ਰਭੂਤਾ ਅਤੇ ਕੂਟਨੀਤਕ ਮਰਿਆਦਾ 'ਤੇ ਹਮਲਾ ਮੰਨਿਆ।
ਜੈਸ਼ੰਕਰ ਦਾ ਕਰਾਰਾ ਜਵਾਬ: 'ਅਸੀਂ ਦਇਆ ਦੇ ਮੁਹਤਾਜ ਨਹੀਂ'
ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ 'ਇੰਡੀਆ ਗਲੋਬਲ ਫੋਰਮ' ਵਿੱਚ ਪੱਛਮੀ ਦੇਸ਼ਾਂ ਨੂੰ ਸਿੱਧਾ ਸੰਦੇਸ਼ ਦਿੰਦਿਆਂ ਚਿਤਾਵਨੀ ਦਿੱਤੀ ਹੈ। ਜੈਸ਼ੰਕਰ ਨੇ ਪੱਛਮੀ ਦੇਸ਼ਾਂ ਵਿੱਚ ਵਧਦੀਆਂ ਆਰਥਿਕ ਮੁਸ਼ਕਿਲਾਂ ਦੀ ਜ਼ਿੰਮੇਵਾਰੀ ਪ੍ਰਵਾਸੀਆਂ 'ਤੇ ਥੋਪਣ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ 20 ਸਾਲਾਂ ਵਿੱਚ, ਅਮਰੀਕਾ ਅਤੇ ਯੂਰਪ ਨੇ ਖੁਦ ਆਪਣੇ ਕਾਰੋਬਾਰ ਅਤੇ ਮੈਨੂਫੈਕਚਰਿੰਗ ਨੂੰ ਵਿਦੇਸ਼ਾਂ ਵਿੱਚ ਸ਼ਿਫਟ ਕੀਤਾ ਸੀ, ਜਿਸ ਕਾਰਨ ਸਥਾਨਕ ਨੌਕਰੀਆਂ ਘਟੀਆਂ। ਉਨ੍ਹਾਂ ਤਿੱਖੇ ਸ਼ਬਦਾਂ ਵਿੱਚ ਕਿਹਾ, “ਆਪਣੀਆਂ ਗਲਤੀਆਂ ਦਾ ਠੀਕਰਾ ਸਾਡੇ ਸਿਰ ਨਾ ਭੰਨੋ। ਤੁਹਾਡੀਆਂ ਆਰਥਿਕ ਸਮੱਸਿਆਵਾਂ ਲਈ ਪ੍ਰਵਾਸੀ ਜ਼ਿੰਮੇਵਾਰ ਨਹੀਂ ਹਨ”।
ਜੈਸ਼ੰਕਰ ਨੇ ਚਿਤਾਵਨੀ ਦਿੱਤੀ ਕਿ ਅੱਜ ਦੁਨੀਆ ਗਿਆਨ ਅਰਥਵਿਵਸਥਾ (Knowledge Economy) ਦੇ ਯੁੱਗ ਵਿੱਚ ਹੈ, ਅਤੇ ਜੇਕਰ ਪੱਛਮੀ ਦੇਸ਼ ਪ੍ਰਤਿਭਾ ਦੇ ਪ੍ਰਵਾਹ (ਟੈਲੇਂਟ ਦੇ ਫਲੋਅ) ਵਿੱਚ ਰੁਕਾਵਟਾਂ ਖੜ੍ਹੀਆਂ ਕਰਦੇ ਹਨ, ਤਾਂ ਸਭ ਤੋਂ ਵੱਡਾ ਨੁਕਸਾਨ ਉਨ੍ਹਾਂ ਨੂੰ ਹੀ ਹੋਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਰਤ ਨੂੰ ਕਿਸੇ ਦੀ ਦਇਆ ਦੀ ਲੋੜ ਨਹੀਂ, ਸਗੋਂ ਪੱਛਮੀ ਦੇਸ਼ਾਂ ਨੂੰ ਭਾਰਤ ਦੇ ਹੁਨਰਮੰਦ ਕਾਰਜਬਲ (Skilled Workforce) ਦੀ ਲੋੜ ਹੈ।
ਬ੍ਰਹਮੋਸ ਸਮਝੌਤੇ ਦੀ ਸੰਭਾਵਨਾ
ਜੇਕਰ ਪੱਛਮੀ ਦੇਸ਼ ਆਪਣੇ ਰਵੱਈਏ ਤੋਂ ਬਾਜ਼ ਨਹੀਂ ਆਏ ਤਾਂ ਉਹਨਾਂ ਦਾ ਹੀ ਨੁਕਸਾਨ ਹੋਵੇਗਾ। ਇਸ ਦੌਰਾਨ, ਪੁਤਿਨ ਦੀ ਯਾਤਰਾ ਦੌਰਾਨ ਰੂਸ ਨਾਲ ਬ੍ਰਹਮੋਸ ਮਿਜ਼ਾਈਲ ਦੇ ਐਡਵਾਂਸਡ ਵਰਜ਼ਨ 'ਤੇ ਵੀ ਸਮਝੌਤਾ ਸੰਭਵ ਹੋ ਸਕਦਾ ਹੈ, ਜਿਸ ਤੋਂ ਬਾਅਦ ਪੱਛਮੀ ਦੇਸ਼ਾਂ ਦੀ ਨਾਰਾਜ਼ਗੀ ਹੋਰ ਵਧ ਸਕਦੀ ਹੈ।
32,000 ਅਧਿਆਪਕਾਂ ਲਈ ਵੱਡੀ ਖ਼ੁਸ਼ਖ਼ਬਰੀ! ਕਲਕੱਤਾ ਹਾਈ ਕੋਰਟ ਨੇ ਸੁਣਾਇਆ ਅਹਿਮ ਫੈਸਲਾ
NEXT STORY