ਨਵੀਂ ਦਿੱਲੀ (ਏਜੰਸੀਆਂ)- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਮੰਗਲਵਾਰ (30 ਜੁਲਾਈ) ਨੂੰ ਸੰਸਦ ’ਚ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦਾ 5ਵਾਂ ਪੂਰਨ ਬਜਟ ਪੇਸ਼ ਕੀਤਾ। ਇਸ ਨੂੰ ਆਵਾਜ਼ੀ ਵੋਟ ਨਾਲ ਪਾਸ ਕੀਤਾ ਗਿਆ। ਜੰਮੂ-ਕਸ਼ਮੀਰ ਲਈ ਵਿੱਤੀ ਸਾਲ 2024-25 ਲਈ 1 ਲੱਖ 18 ਹਜ਼ਾਰ 390 ਕਰੋੜ ਰੁਪਏ ਦਾ ਬਜਟ ਪੇਸ਼ ਹੋਇਆ ਹੈ। ਬੀਤੇ ਸਾਲ ਇਹ 1 ਲੱਖ 18 ਹਜ਼ਾਰ 500 ਕਰੋੜ ਰੁਪਏ ਸੀ। ਇਸ ਸਾਲ ਇਸ ’ਚ 110 ਕਰੋੜ ਦੀ ਕਮੀ ਆਈ ਹੈ। ਵਿੱਤੀ ਸਾਲ 2024-25 ’ਚ ਜੰਮੂ-ਕਸ਼ਮੀਰ ਦੇ ਕੁੱਲ ਰਾਜ ਘਰੇਲੂ ਉਤਪਾਦ (ਐੱਸ. ਜੀ. ਡੀ. ਪੀ.) ’ਚ 7.5% ਦਾ ਵਾਧਾ ਅਤੇ 7,902 ਕਰੋੜ ਰੁਪਏ ਵਿੱਤੀ ਘਾਟਾ ਰਹਿਣ ਦਾ ਅੰਦਾਜ਼ਾ ਹੈ। ਇਸ ਤੋਂ ਪਹਿਲਾਂ 5 ਫਰਵਰੀ 2024 ਨੂੰ ਵਿੱਤ ਮੰਤਰੀ ਨੇ ਜੰਮੂ-ਕਸ਼ਮੀਰ ਲਈ ਵਿੱਤੀ ਸਾਲ 2024-25 ਲਈ 1.18 ਲੱਖ ਕਰੋੜ ਰੁਪਏ ਦਾ ਅੰਤਰਿਮ ਬਜਟ ਪੇਸ਼ ਕੀਤਾ ਸੀ। ਬਜਟ ’ਚ ਕਿਹਾ ਗਿਆ ਹੈ ਕਿ ਇਹ ਜੰਮੂ-ਕਸ਼ਮੀਰ ਦੇ ਵਿਕਾਸ ਦਾ ਬਜਟ ਹੈ। ਇਸ ’ਚ ਜੰਮੂ-ਕਸ਼ਮੀਰ ਦੇ ਲੋਕਾਂ ਦੀਆਂ ਜ਼ਰੂਰਤਾਂ ਅਤੇ ਇੱਛਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਬਜਟ ਬੁਨਿਆਦੀ ਢਾਂਚੇ ਅਤੇ ਸੜਕਾਂ ’ਤੇ ਫੋਕਸ ਹੈ। ਇਸ ਦਾ ਟੀਚਾ ਜੰਮੂ-ਕਸ਼ਮੀਰ ਦੇ ਲੋਕਾਂ ਦੀ ਬਿਹਤਰੀ ਲਈ ਸਮਾਜਿਕ-ਆਰਥਿਕ ਵਿਕਾਸ ਦੀ ਰਫ਼ਤਾਰ ਨੂੰ ਤੇਜ਼ ਕਰਨਾ ਹੈ। ਰਾਜ ’ਚ ਚੁਣੀ ਹੋਈ ਸਰਕਾਰ ਨਾ ਹੋਣ ਦੀ ਵਜ੍ਹਾ ਨਾਲ ਇਹ ਜੰਮੂ-ਕਸ਼ਮੀਰ ਦਾ 5ਵਾਂ ਪੂਰਨ ਬਜਟ ਹੈ, ਜੋ ਸੰਸਦ ’ਚ ਪੇਸ਼ ਹੋਇਆ ਹੈ।
ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਤੋਂ ਬਾਅਦ ਸੰਸਦ ’ਚ ਪੇਸ਼ ਹੁੰਦਾ ਹੈ ਜੰਮੂ-ਕਸ਼ਮੀਰ ਦਾ ਬਜਟ
5 ਅਗਸਤ 2019 ਨੂੰ ਆਰਟੀਕਲ 370 ਰੱਦ ਹੋਣ ਤੋਂ ਬਾਅਦ ਜੰਮੂ-ਕਸ਼ਮੀਰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਵੰਡਿਆ ਗਿਆ। ਪਹਿਲਾ ਜੰਮੂ-ਕਸ਼ਮੀਰ ਅਤੇ ਦੂਜਾ ਲੱਦਾਖ। ਉਦੋਂ ਤੋਂ ਜੰਮੂ-ਕਸ਼ਮੀਰ ਨੂੰ ਬਜਟ ਸੰਸਦ ’ਚ ਪੇਸ਼ ਕੀਤਾ ਜਾ ਰਿਹਾ ਹੈ। 2018 ’ਚ ਜੰਮੂ-ਕਸ਼ਮੀਰ ਦਾ ਬਜਟ ਵਿਧਾਨ ਸਭਾ ’ਚ ਪੇਸ਼ ਹੋਇਆ ਸੀ। ਰਾਜ ’ਚ ਇਕ ਵਾਰ ਚੋਣਾਂ ਹੋਣ ਤੋਂ ਬਾਅਦ ਬਜਟ ਫਿਰ ਤੋਂ ਵਿਧਾਨ ਸਭਾ ’ਚ ਹੀ ਪੇਸ਼ ਕੀਤਾ ਜਾਵੇਗਾ। 11 ਦਸੰਬਰ, 2023 ਨੂੰ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ 30 ਸਤੰਬਰ 2024 ਤੋਂ ਪਹਿਲਾਂ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਵਿਧਾਨ ਸਭਾ ਚੋਣਾਂ ਕਰਾਉਣ ਦਾ ਹੁਕਮ ਦਿੱਤਾ ਹੈ।
ਜੰਮੂ-ਕਸ਼ਮੀਰ ਨਿਯੋਜਨ ਬਿੱਲ ਵੀ ਮਨਜ਼ੂਰ
ਲੋਕ ਸਭਾ ਨੇ ਮੰਗਲਵਾਰ ਨੂੰ ਕੇਂਦਰ ਸ਼ਾਸਿਤ ਜੰਮੂ-ਕਸ਼ਮੀਰ ਨਾਲ ਸਬੰਧਤ ਨਿਯੋਜਨ ਬਿੱਲ ਨੂੰ ਵੀ ਮਨਜ਼ੂਰੀ ਦਿੱਤੀ। ਬਜਟ ਉੱਤੇ ਚਰਚਾ ’ਤੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦੇ ਜਵਾਬ ਤੋਂ ਬਾਅਦ ਸਦਨ ਨੇ ਜੰਮੂ-ਕਸ਼ਮੀਰ ਨਿਯੋਜਨ (ਨੰਬਰ 3) ਬਿੱਲ, 2024 ਨੂੰ ਆਵਾਜ਼ੀ ਵੋਟ ਨਾਲ ਮਨਜ਼ੂਰੀ ਦਿੱਤੀ। ਇਹ ਬਿੱਲ ਵਿੱਤੀ ਸਾਲ 2024-25 ਲਈ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਏਕੀਕ੍ਰਿਤ ਫੰਡ ’ਚੋਂ ਰਾਸ਼ੀ ਕੱਢਣ ਨੂੰ ਪ੍ਰਵਾਨਗੀ ਦਿੰਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖ਼ਰਾਬ ਮੌਸਮ ਅਤੇ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਰਾਹੁਲ ਤੇ ਪ੍ਰਿਅੰਕਾ ਨੇ ਵਾਇਨਾਡ ਦਾ ਦੌਰਾ ਕੀਤਾ ਮੁਲਤਵੀ
NEXT STORY