–ਅਵਧੇਸ਼ ਕੁਮਾਰ
ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੇ ਦਸਤਖਤ ਦੇ ਨਾਲ ਹੀ ‘ਜੀ ਰਾਮ ਜੀ’ ਜਾਂ ‘ਵਿਕਸਤ ਭਾਰਤ ਰੋਜ਼ਗਾਰ ਗਾਰੰਟੀ ਆਜੀਵਿਕਾ ਮਿਸ਼ਨ ਗ੍ਰਾਮੀਣ ਪ੍ਰੋਗਰਾਮ’ ਕਾਨੂੰਨ ਦਾ ਰੂਪ ਲੈ ਕੇ ਲਾਗੂ ਹੋ ਚੁੱਕਾ ਹੈ। ਹਾਲਾਂਕਿ ਕਾਂਗਰਸ ਪਾਰਟੀ ਨੇ ਇਸ ਦੇ ਵਿਰੁੱਧ ਦੇਸ਼ਵਿਆਪੀ ਮੁਹਿੰਮ ਦਾ ਐਲਾਨ ਕੀਤਾ ਹੈ। ਇਸ ਤਰ੍ਹਾਂ ਹੁਣ ਸੂਬਿਆਂ ’ਚ ਮਨਰੇਗਾ ਦੀ ਜਗ੍ਹਾ ‘ਜੀ ਰਾਮ ਜੀ’ ਅਧੀਨ ਯੋਜਨਾਵਾਂ ਚੱਲਣਗੀਆਂ ਤਾਂ ਦੂਜੇ ਪਾਸੇ ਵਿਰੋਧੀ ਪਾਰਟੀਆਂ ਦਾ ਵਿਰੋਧ ਵੀ ਹੋਵੇਗਾ। ਆਮ ਤੌਰ ’ਤੇ ਇਹ ਸਵੀਕਾਰ ਕੀਤਾ ਜਾ ਸਕਦਾ ਹੈ ਕਿ ਕਾਂਗਰਸ ਲੀਡਰਸ਼ਿਪ ਵਾਲੀ ਯੂ. ਪੀ. ਏ. ਸਰਕਾਰ ’ਚ 2005 ’ਚ ਨੈਸ਼ਨਲ ਰੂਰਲ ਇੰਪਲਾਇਮੈਂਟ ਗਾਰੰਟੀ ਐਕਟ ਜਾਂ ਨਰੇਗਾ ਕਾਨੂੰਨ ਲਾਗੂ ਕੀਤਾ ਗਿਆ ਸੀ ਤਾਂ ਉਸ ਦਾ ਇਸ ਨਾਲ ਲਗਾਅ ਹੋਵੇਗਾ ਪਰ ਕੋਈ ਪ੍ਰੋਗਰਾਮ ਬੰਦ ਨਾ ਹੋਵੇ ਅਤੇ ਉਸ ਦੀ ਜਗ੍ਹਾ ਦੂਜਾ ਸ਼ੁਰੂ ਨਾ ਹੋ ਸਕੇ, ਅਜਿਹੀ ਰਵਾਇਤ ਨਾ ਪਹਿਲਾਂ ਸੀ, ਨਾ ਅੱਗੇ ਸਥਾਪਤ ਹੋ ਸਕਦੀ ਹੈ।
ਦੇਸ਼, ਕਾਲ ਅਤੇ ਸਥਿਤੀ ਅਨੁਸਾਰ ਅਜਿਹੀਆਂ ਯੋਜਨਾਵਾਂ ਅਤੇ ਪ੍ਰੋਗਰਾਮ ਬਣਦੇ ਹਨ ਅਤੇ ਉਨ੍ਹਾਂ ’ਚ ਤਬਦੀਲੀ ਆਉਣ ਦੇ ਨਾਲ ਯੋਜਨਾਵਾਂ ਸੋਧੀਆਂ ਜਾਂਦੀਆਂ ਹਨ, ਕੁਝ ਬੰਦ ਹੁੰਦੀਆਂ ਹਨ ਅਤੇ ਕੁਝ ਨਵੀਆਂ ਸ਼ੁਰੂ ਵੀ ਹੁੰਦੀਆਂ ਹਨ। ਆਪੋਜ਼ੀਸ਼ਨ ਇਸ ਪ੍ਰੋਗਰਾਮ ਤੋਂ ਮਹਾਤਮਾ ਗਾਂਧੀ ਦਾ ਨਾਂ ਹਟਾਉਣ ਨੂੰ ਆਧਾਰ ਬਣਾ ਕੇ ਵਿਰੋਧ ਨੂੰ ਇਕ ਵਿਚਾਰਕ ਸਰੂਪ ਵੀਅ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ ਯੂ. ਪੀ. ਏ. ਸਰਕਾਰ ਨੇ ਵੀ ਇਸ ’ਚ ਮਹਾਤਮਾ ਗਾਂਧੀ ਦਾ ਨਾਂ ਸਾਲ 2009 ’ਚ ਜੋੜਿਆ ਸੀ। ਇਸ ਨੂੰ ਇਸ ਰੂਪ ’ਚ ਵੀ ਕਿਹਾ ਜਾ ਸਕਦਾ ਹੈ ਕਿ ਯੂ. ਪੀ. ਏ. ਸਰਕਾਰ ਦੀ ਮਹਾਤਮਾ ਗਾਂਧੀ ਦੇ ਨਾਂ ’ਤੇ ਵੱਖਰੇ ਤੌਰ ’ਤੇ ਕੋਈ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਕਰਨ ਦੀ ਕੋਈ ਸੋਚ ਨਹੀਂ ਸੀ, ਇਸ ਲਈ ਪਹਿਲਾਂ ਤੋਂ ਜਾਰੀ ਯੋਜਨਾ ’ਚ ਹੀ ਉਨ੍ਹਾਂ ਦਾ ਨਾਂ ਜੋੜ ਦਿੱਤਾ ਗਿਆ।
ਆਪੋਜ਼ੀਸ਼ਨ ਵੱਲ ਵੀ ਉਂਗਲੀ ਉੱਠਦੀ ਹੈ ਕਿ ਕੀ ਉਨ੍ਹਾਂ ਦਾ ‘ਜੀ ਰਾਮ ਜੀ’ ਨਾਂ ਨਾਲ ਵਿਰੋਧ ਹੈ? ਕੀ ਕਾਂਗਰਸ ਪਾਰਟੀ ਅਤੇ ਉਨ੍ਹਾਂ ਵਿਰੋਧੀ ਦਲਾਂ ਨੂੰ ਲੱਗਦਾ ਹੈ ਕਿ ਪ੍ਰਭੂ ਰਾਮ ਦਾ ਨਾਂ ਜੋੜਨ ਨਾਲ ਸਰਕਾਰੀ ਪ੍ਰੋਗਰਾਮਾਂ ਦਾ ਸੈਕੂਲਰ ਚਰਿੱਤਰ ਖ਼ਤਮ ਹੁੰਦਾ ਹੈ? ਨਿੱਜੀ ਗੱਲਬਾਤ ’ਚ ਤੁਹਾਨੂੰ ਅਜਿਹਾ ਕਰਨ ਵਾਲੇ ਮਿਲ ਜਾਣਗੇ। ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਤੋਂ ਲੈ ਕੇ ਉਨ੍ਹਾਂ ਦੇ ਪੁੱਤਰ ਅਤੇ ਕਾਂਗਰਸ ਦੇ ਸਾਥੀ ਤਾਮਿਲਨਾਡੂ ਦੇ ਦ੍ਰਮੁਕ ਆਦਿ ਦੇ ਸਨਾਤਨ ਅਤੇ ਹਿੰਦੂਤਵ ਪ੍ਰਤੀ ਵਿਚਾਰ, ਵਿਵਹਾਰ ਤੋਂ ਅਸੀਂ, ਤੁਸੀਂ ਭਲੀ-ਭਾਂਤ ਜਾਣੂ ਹਾਂ।
ਨਰੇਗਾ ਅਤੇ ਮਨਰੇਗਾ ਨੂੰ ਬੰਦ ਕਰਨ ਜਾਂ ਇਸ ’ਚ ਬਦਲਾਅ ਕਰਨ ਦੀ ਮੰਗ ਪੁਰਾਣੀ ਹੈ। ਇਸ ਪ੍ਰੋਗਰਾਮ ਨੇ ਕਾਗਜ਼ੀ ਖਾਨਾਪੂਰਤੀ ਅਤੇ ਭ੍ਰਿਸ਼ਟਾਚਾਰ ਦੇ ਅਜਿਹੇ ਰਿਕਾਰਡ ਬਣਾਏ, ਜਿਨ੍ਹਾਂ ਨੂੰ ਕਿਸੇ ਸੂਰਤ ’ਚ ਰੋਕ ਸਕਣਾ ਮਨਰੇਗਾ ਦੇ ਢਾਂਚੇ ’ਚ ਅਸੰਭਵ ਨਹੀਂ ਹੋ ਸਕਿਆ। ਇਸ ਤੋਂ ਬਾਅਦ ਇਸ ਨੂੰ ਜਾਰੀ ਰੱਖਣ ਦਾ ਕੋਈ ਅਰਥ ਨਹੀਂ ਸੀ। ਕੇਂਦਰ ਤੋਂ ਲੈ ਕੇ ਰਾਜਾਂ ਦੀ ਕੈਗ ਅਤੇ ਹੋਰ ਰਿਪੋਰਟ, ਆਜ਼ਾਦ ਐੱਨ. ਜੀ. ਓ. ਦੇ ਅਧਿਐਨ ਅਤੇ ਜ਼ਮੀਨੀ ਪੱਧਰ ’ਤੇ ਸਾਫ ਦਿਸ ਰਿਹਾ ਸੀ ਕਿ ਮਨਰੇਗਾ ਦੇ ਨਾਂ ’ਤੇ ਜ਼ਿਆਦਾਤਰ ਖਾਨਾਪੂਰਤੀ ਹੋ ਰਹੀ ਹੈ। ਕਿਸੇ ਪ੍ਰੋਗਰਾਮ ਨੂੰ ਬੰਦ ਕਰਨਾ ਉਸ ਮਹਾਨ ਵਿਅਕਤੀ ਪ੍ਰਤੀ ਧਾਰਨਾ ਦਾ ਪ੍ਰਤੀਕ ਨਹੀਂ ਹੋ ਸਕਦਾ। ਇਹ ਆਮ ਸਮਝ ਦੀ ਗੱਲ ਹੈ ਕਿ 2005 ਦੇ ਜਿਹੜੇ ਹਾਲਾਤ ਅਤੇ ਪਿਛੋਕੜ ’ਚ ਨਰੇਗਾ ਸ਼ੁਰੂ ਹੋਇਆ, ਉਨ੍ਹਾਂ ’ਚ ਅੱਜ ਅਨੇਕ ਅਰਥਾਂ ’ਚ ਮੁੱਢਲੇ ਬਦਲਾਅ ਆ ਗਏ ਹਨ।
ਦੋ ਦਹਾਕੇ ਪਹਿਲਾਂ ਨਰੇਗਾ ਸ਼ੁਰੂ ਹੋਣ ਦੇ ਸਮੇਂ ਦੀ ਗ੍ਰਾਮੀਣ ਅਤੇ ਸਾਰੇ ਸਮੁੱਚੇ ਭਾਰਤ ਦੀ ਆਰਥਿਕ ਸਥਿਤੀ ’ਚ ਵਿਆਪਕ ਫਰਕ ਆ ਚੁੱਕਾ ਹੈ। 2011-12 ’ਚ 25.7 ਫੀਸਦੀ ਦੇ ਆਸ-ਪਾਸ ਗਰੀਬ ਆਬਾਦੀ ਸੀ, ਜਦਕਿ 2023-24 ’ਚ ਇਹ 4.86 ਫੀਸਦੀ ਰਹਿ ਗਈ ਹੈ। ਉਦੋਂ ਅਤੇ ਅੱਜ ਦੀ ਪਿੰਡਾਂ ਦੀ ਸਥਿਤੀ ਉਹੋ ਜਿਹੀ ਨਹੀਂ ਹੈ। ਅੱਜ ਭਾਰਤ 2047 ਤੱਕ ਵਿਕਸਤ ਦੇਸ਼ ਦਾ ਟੀਚਾ ਬਣਾ ਕੇ ਚੱਲ ਰਿਹਾ ਹੈ, ਤਾਂ ਉਸ ’ਚ ਪਿੰਡਾਂ ਅਤੇ ਸ਼ਹਿਰਾਂ ਨਾਲ ਜੁੜੇ ਸਾਰੇ ਪ੍ਰੋਗਰਾਮ ਉਸ ਟੀਚੇ ਦੇ ਅਨੁਰੂਪ ਹੋਣੇ ਚਾਹੀਦੇ ਹਨ।
ਜੀ ਰਾਮ ਜੀ ’ਚ 4 ਮੁੱਖ ਕੰਮ ਨਿਰਧਾਰਿਤ ਕਰ ਦਿੱਤੇ ਗਏ ਹਨ। ਪਾਣੀ ਨਾਲ ਸੰਬੰਧਤ ਕੰਮਾਂ ਰਾਹੀਂ ਜਲ ਸੁਰੱਖਿਆ, ਮੁੱਖ ਗ੍ਰਾਮੀਣ ਮੁੱਢਲਾ ਢਾਂਚਾ, ਰੋਜ਼ੀ-ਰੋਟੀ ਨਾਲ ਸੰਬੰਧਤ ਢਾਂਚਾ ਅਤੇ ਮੌਸਮੀ ਘਟਨਾਵਾਂ ਦੇ ਪ੍ਰਭਾਵ ਨੂੰ ਘੱਟ ਕਰਨ ਵਾਲੇ ਵਿਸ਼ੇਸ਼ ਪ੍ਰੋਗਰਾਮ। ਇਸ ’ਚ ਹੜ੍ਹਾਂ ਦੇ ਪ੍ਰਭਾਵਾਂ ਨੂੰ ਘੱਟ ਕਰਨ ਅਤੇ ਨਜਿੱਠਣ ਦੇ ਢਾਂਚੇ ਵੀ ਸ਼ਾਮਲ ਹਨ। ਤੁਸੀਂ ਦੇਖ ਸਕਦੇ ਹੋ ਕਿ ਜੀ ਰਾਮ ਜੀ ਦਾ ਸਰੂਪ ਅਤੇ ਸੰਸਕਾਰ ਮਨਰੇਗਾ ਤੋਂ ਬਿਲਕੁਲ ਵੱਖਰਾ ਹੈ, ਇਸ ਕਾਨੂੰਨ ’ਚ ਗ੍ਰਾਮ ਪੰਚਾਇਤ ਵਲੋਂ ਬਣਾਈ ਵਿਕਸਤ ਗ੍ਰਾਮ ਪੰਚਾਇਤ ਯੋਜਨਾ ਨੂੰ ਜ਼ਰੂਰੀ ਕੀਤਾ ਗਿਆ ਹੈ।
ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮਿਸ਼ਨ ਅੰਮ੍ਰਿਤ ਸਰੋਵਰ ਤਹਿਤ 68 ਹਜ਼ਾਰ ਤੋਂ ਵੱਧ ਜਲ ਬਾਡੀਆਂ ਬਣਾਈਆਂ ਗਈਆਂ ਹਨ ਜਾਂ ਮੁੜ ਸੁਰਜੀਤ ਹੋਈਆਂ ਹਨ। ਇਸ ’ਚ ਖੇਤੀ ਅਤੇ ਜ਼ਮੀਨ ਹੇਠਲੇ ਪਾਣੀ ਦੀ ਸਥਿਤੀ ’ਚ ਤਬਦੀਲੀ ਆਈ ਹੈ। ਜ਼ਾਹਿਰ ਹੈ ਕਿ ਇਸ ਨੂੰ ਹੋਰ ਸ਼ਕਤੀ ਮਿਲੇਗੀ। ਪਾਣੀ ਦੀ ਸਾਂਭ-ਸੰਭਾਲ, ਹੜ੍ਹਾਂ ਦੀ ਨਿਕਾਸੀ ਅਤੇ ਮਿੱਟੀ ਦੀ ਸੁਰੱਖਿਆ ਆਦਿ ਕੰਮ ਹੋਣਗੇ ਤਾਂ ਪਿੰਡਾਂ ਦੀ ਰੋਜ਼ੀ-ਰੋਟੀ ਆਪਣੇ ਆਪ ਸੁਰੱਖਿਅਤ ਹੋਵੇਗੀ, ਇਸ ਤਰ੍ਹਾਂ ਸੜਕਾਂ ਅਤੇ ਸੰਪਰਕ ਸਹੂਲਤਾਂ ਦੇ ਨਾਲ ਭੰਡਾਰਨ, ਬਾਜ਼ਾਰ ਅਤੇ ਉਤਪਾਦਨ ਨਾਲ ਜੁੜੀਆਂ ਸਹੂਲਤਾਂ ਵਧਣਗੀਆਂ ਤਾਂ ਕਿਸਾਨਾਂ ਲਈ ਆਮਦਨ ਦੇ ਸਾਧਨ ਪੈਦਾ ਹੋਣਗੇ। ਜੇਕਰ ਸਥਾਈ ਟਿਕਾਊ ਨਿਰਮਾਣ ਹੋਏ ਅਤੇ ਉਨ੍ਹਾਂ ਨਾਲ ਰੋਜ਼ਗਾਰ ਮੌਕੇ ਵਧੇ ਤਾਂ ਹਿਜਰਤ ’ਚ ਕਮੀ ਆਵੇਗੀ।
ਸੱਚ ਕਹੀਏ ਤਾਂ ਮਨਰੇਗਾ ਦਾ ਨਾਂ ਸੁਣ ਕਿ ਅਨੇਕ ਕਿਸਾਨ ਰੋਣ ਲੱਗਦੇ ਸਨ, ਗੁੱਸੇ ’ਚ ਆ ਜਾਂਦੇ ਸਨ। ਇਸ ਕਾਰਨ ਜਿੱਥੇ ਮਸ਼ੀਨਾਂ ਦੀ ਲੋੜ ਨਹੀਂ ਸੀ, ਉਥੇ ਵੀ ਅਨੇਕ ਉਪਯੋਗ ਦੀ ਮਜਬੂਰੀ ਪੈਦਾ ਹੋ ਗਈ। ਬਿਜਾਈ, ਕਟਾਈ ਆਦਿ ਲਈ ਮਸ਼ੀਨ ਖਰੀਦਣਾ ਸਭ ਦੇ ਵੱਸ ਦੀ ਗੱਲ ਵੀ ਨਹੀਂ ਰਹੀ ਸੀ। ਇਸ ਨਾਲ ਖੇਤੀ ਲਈ ਕਿਰਤੀਆਂ ਦੀ ਉਪਲਬਧਤਾ ਦੀ ਸੰਭਾਵਨਾ ਵਧੇਗੀ। ਕੋਈ ਵੀ ਯੋਜਨਾ ਸਥਾਈ ਨਹੀਂ ਹੋ ਸਕਦੀ, ਤਜਰਬੇ ਦੇ ਆਧਾਰ ’ਤੇ ਉਨ੍ਹਾਂ ’ਚ ਸੋਧ-ਤਬਦੀਲੀ ਹੋਣੀ ਚਾਹੀਦੀ ਹੈ ਅਤੇ ਜੀ ਰਾਮ ਜੀ ਵੀ ਇਸ ਦਾ ਅਪਵਾਦ ਨਹੀਂ ਹੋ ਸਕਦਾ। ਭਵਿੱਖ ਦੇ ਹਾਲਾਤ ਅਨੁਸਾਰ ਇਸ ਨਾਲ ਤਬਦੀਲੀਕਰਨ ਜਾਂ ਇਸ ’ਚ ਸੋਧ ਕਰਨ ਦੀ ਸਥਿਤੀ ਪੈਦਾ ਹੁੰਦੀ ਹੈ।
ਤਾਜ ਮਹਿਲ ਦਾ ਦੀਦਾਰ ਕਰਨ ਵਾਲਿਆਂ ਲਈ ਖੁਸ਼ਖਬਰੀ ! 3 ਦਿਨਾਂ ਤੱਕ ਲੋਕਾਂ ਨੂੰ ਮਿਲੇਗੀ 'ਫ੍ਰੀ ਐਂਟਰੀ'
NEXT STORY