ਰਾਂਚੀ- ਸਰਕਾਰੀ ਨੌਕਰੀਆਂ ਵਿਚ ਸਥਾਨਕ ਲੋਕਾਂ ਲਈ 100 ਫ਼ੀਸਦੀ ਰਿਜ਼ਰਵੇਸ਼ਨ ਦੀ ਮੰਗ ਨੂੰ ਲੈ ਕੇ ਬੁੱਧਵਾਰ ਸਵੇਰੇ ਵੱਖ-ਵੱਖ ਵਿਦਿਆਰਥੀਆਂ ਸੰਗਠਨਾਂ ਦੇ ਮੈਂਬਰ ਸੂਬਾ ਵਿਆਪੀ ਬੰਦ ਲਾਗੂ ਕਰਨ ਲਈ ਝਾਰਖੰਡ ਦੀਆਂ ਸੜਕਾਂ 'ਤੇ ਉਤਰੇ। ਝਾਰਖੰਡ ਸੂਬਾ ਵਿਦਿਆਰਥੀ ਸੰਘ (JSSU) ਦੇ ਮੈਂਬਰਾਂ ਨੇ ਰਾਂਚੀ ਦੇ ਮੋਰਾਬਾਦੀ ਇਲਾਕੇ ਵਿਚ ਸੜਕ 'ਤੇ ਟਾਇਰ ਸਾੜ ਕੇ ਵਿਰੋਧ ਪ੍ਰਦਰਸ਼ਨ ਕੀਤਾ। ਉਹ ਨੇੜੇ ਦੀ ਸਬਜ਼ੀ ਮੰਡੀ ਵੀ ਗਏ ਅਤੇ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਬੰਦ ਕਰਨ ਨੂੰ ਕਿਹਾ। ਹੋਰ ਜ਼ਿਲ੍ਹਿਆਂ ਵੀ ਅਜਿਹਾ ਹੀ ਹਾਲ ਵੇਖਣ ਨੂੰ ਮਿਲਿਆ।

ਸੂਬੇ ਭਰ ਦੇ ਕਈ ਸਕੂਲ ਬੰਦ ਰਹੇ, ਜਦਕਿ ਝਾਰਖੰਡ ਅਕਾਦਮਿਕ ਪਰੀਸ਼ਦ ਨੇ ਤੈਅ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਬੰਦ ਦੇ ਸੱਦੇ ਨੂੰ ਵੇਖਦੇ ਹੋਏ ਸੂਬੇ ਦੀ ਰਾਜਧਾਨੀ ਵਿਚ ਕਰੀਬ 2500 ਸੁਰੱਖਿਆ ਕਰਮੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਸਰਕਾਰੀ ਨੌਕਰੀਆਂ 'ਚ ਸਥਾਨਕ ਲੋਕਾਂ ਲਈ 100 ਫ਼ੀਸਦੀ ਰਿਜ਼ਰਵੇਸ਼ਨ ਦੀ ਮੰਗ ਨੂੰ ਲੈ ਕੇ ਵਿਦਿਆਰਥੀ ਸੰਗਠਨ ਆਪਣੇ 72 ਘੰਟਿਆਂ ਦੇ ਅੰਦੋਲਨ ਤਹਿਤ ਸੋਮਵਾਰ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
ਰਾਂਚੀ ਵਿਚ ਮੰਗਲਵਾਰ ਨੂੰ ਵੀ ਪ੍ਰਦਰਸ਼ਨਕਾਰੀਆਂ ਨੇ ਮਸ਼ਾਲ ਜਲੂਸ ਕੱਢਿਆ। ਸੋਮਵਾਰ ਨੂੰ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਪੁਲਸ ਨੇ ਉਨ੍ਹਾਂ ਨੂੰ ਰੋਕ ਦਿੱਤਾ ਸੀ। JSSU ਨੇਤਾ ਦਵਿੰਦਰ ਮਹਤੋ ਨੇ ਕਿਹਾ ਕਿ ਇਸ ਸਰਕਾਰ ਨੇ ਸਥਾਨਕ ਲੋਕਾਂ ਲਈ ਸਰਕਾਰੀ ਨੌਕਰੀਆਂ 'ਚ 100 ਫ਼ੀਸਦੀ ਰਿਜ਼ਰਵੇਸ਼ਨ ਦਾ ਵਾਅਦਾ ਕੀਤਾ ਸੀ ਪਰ ਸੂਬੇ ਦੇ ਬਾਹਰ ਦੇ ਵਿਦਿਆਰਥੀਆਂ ਲਈ ਦਰਵਾਜ਼ਾ ਖੋਲ੍ਹ ਦਿੱਤਾ, ਜਿਸ ਕਾਰਨ ਸਾਨੂੰ ਬੰਦ ਦਾ ਸੱਦਾ ਦੇਣਾ ਪਿਆ। ਇਹ ਸਰਕਾਰ ਪੁਰਾਣੀ ਨੀਤੀ ਨੂੰ ਵਾਪਸ ਲੈ ਆਈ ਹੈ, ਜਿਸ ਦੇ ਤਹਿਤ 60 ਫੀਸਦੀ ਸੀਟਾਂ ਪਛੜੇ ਵਿਦਿਆਰਥੀਆਂ ਲਈ ਰਾਖਵੀਆਂ ਹੋਣਗੀਆਂ, ਜਦਕਿ 40 ਫੀਸਦੀ ਸੀਟਾਂ ਸਾਰਿਆਂ ਲਈ ਹੋਣਗੀਆਂ।
ਭਲਕੇ ਲੱਗੇਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ, ਜਾਣੋ ਸਮਾਂ ਤੇ ਕਿੰਨਾ ਰਹੇਗਾ ਇਸ ਦਾ ਅਸਰ
NEXT STORY