ਮੁੰਬਈ - ਸਕੂਲ ਦੀ ਛੁੱਟੀ ਹੁੰਦਿਆਂ ਹੀ ਬਾਹਰ ਲੱਗੇ ਸਮੋਸੇ, ਵੜਾ ਪਾਵ ਅਤੇ ਠੰਡੇ ਪੀਣ ਵਾਲੇ ਪਦਾਰਥਾਂ ਦੇ ਠੇਲ੍ਹਿਆਂ ’ਤੇ ਬੱਚਿਆਂ ਦੀ ਭੀੜ ਲੱਗਣਾ ਆਮ ਗੱਲ ਹੈ, ਪਰ ਮਹਾਰਾਸ਼ਟਰ ’ਚ ਹੁਣ ਇਹ ਨਜ਼ਾਰਾ ਬਦਲ ਸਕਦਾ ਹੈ। ਸੂਬੇ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਬੱਚਿਆਂ ’ਚ ਵਧਦਾ ਮੋਟਾਪਾ ਰੋਕਣ ਲਈ ਜੰਕ ਫੂਡ ਤੋਂ ਉਨ੍ਹਾਂ ਨੂੰ ਦੂਰ ਰੱਖਣ ਲਈ ਵੱਡਾ ਫੈਸਲਾ ਲਿਆ ਹੈ।
ਨਵੇਂ ਹੁਕਮ ਮੁਤਾਬਕ ਸੂਬੇ ਦੇ ਕਿਸੇ ਵੀ ਸਕੂਲ ਦੇ 50 ਮੀਟਰ ਦੇ ਘੇਰੇ ’ਚ ਜੰਕ ਫੂਡ ਦੀ ਵਿਕਰੀ, ਵੰਡ ਅਤੇ ਪ੍ਰਚਾਰ ’ਤੇ ਰੋਕ ਲਾ ਦਿੱਤੀ ਗਈ ਹੈ। ਇਸ ਫੈਸਲੇ ਦਾ ਮਤਲਬ ਸਿਰਫ ਸਕੂਲ ਦੀ ਕੈਂਟੀਨ ਤੱਕ ਸੀਮਤ ਨਹੀਂ ਹੈ, ਹੁਣ ਸਕੂਲ ਦੇ ਬਾਹਰ ਸੜਕ ਕਿਨਾਰੇ ਲੱਗਣ ਵਾਲੇ ਠੇਲ੍ਹੇ ਅਤੇ ਦੁਕਾਨਾਂ ਵੀ ਇਸ ਘੇਰੇ ’ਚ ਆਉਣਗੀਆਂ।
ਨਿਯਮ ਨਾ ਮੰਨਣ ’ਤੇ ਸਕੂਲਾਂ ’ਤੇ ਵੀ ਹੋਵੇਗੀ ਕਾਰਵਾਈ
ਇਸ ਹੁਕਮ ਦੀ ਸਭ ਤੋਂ ਅਹਿਮ ਗੱਲ ਇਹ ਹੈ ਕਿ ਇਸ ਦੀ ਜ਼ਿੰਮੇਵਾਰੀ ਸਿਰਫ ਦੁਕਾਨਦਾਰਾਂ ਜਾਂ ਠੇਲ੍ਹਾ ਸੰਚਾਲਕਾਂ ’ਤੇ ਨਹੀਂ ਹੋਵੇਗੀ। ਜੇਕਰ ਕੋਈ ਸਕੂਲ ਇਸ ਨਿਯਮ ਦੀ ਪਾਲਣਾ ਕਰਵਾਉਣ ’ਚ ਲਾਪ੍ਰਵਾਹੀ ਕਰਦਾ ਹੈ, ਤਾਂ ਉਸ ਦੇ ਪ੍ਰਿੰਸੀਪਲ ਅਤੇ ਸਕੂਲ ਪ੍ਰਬੰਧਨ ਖਿਲਾਫ ਵੀ ਕਾਰਵਾਈ ਕੀਤੀ ਜਾ ਸਕਦੀ ਹੈ। ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਛੇਤੀ ਹੀ ਪੂਰੇ ਸੂਬੇ ’ਚ ਨਿਰੀਖਣ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਅਜਿਹੇ ’ਚ ਇਹ ਸਿਰਫ ਸਲਾਹ ਜਾਂ ਜਾਗਰੂਕਤਾ ਮੁਹਿੰਮ ਨਹੀਂ, ਸਗੋਂ ਲਾਗੂ ਕੀਤਾ ਜਾਣ ਵਾਲਾ ਨਿਯਮ ਹੈ।
ਕਿਹੜੀਆਂ ਚੀਜ਼ਾਂ ’ਤੇ ਲੱਗੀ ਹੈ ਰੋਕ?
ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਕਮਿਸ਼ਨਰ ਤੁਕਾਰਾਮ ਮੁੰਡੇ ਅਨੁਸਾਰ, ਸਕੂਲਾਂ ਅਤੇ ਉਨ੍ਹਾਂ ਦੇ 50 ਮੀਟਰ ਦੇ ਘੇਰੇ ’ਚ ਜ਼ਿਆਦਾ ਫੈਟ, ਟ੍ਰਾਂਸ ਫੈਟ ਅਤੇ ਜ਼ਿਆਦਾ ਖੰਡ ਵਾਲੇ ਖੁਰਾਕੀ ਪਦਾਰਥਾਂ ਦੀ ਵਿਕਰੀ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ’ਚ ਗਾੜ੍ਹੇ ਤੇਲ ’ਚ ਤਲੀਆਂ ਹੋਈਆਂ ਚੀਜ਼ਾਂ, ਵੜਾ ਪਾਵ, ਸਮੋਸਾ, ਖੰਡ ਵਾਲੇ ਪੀਣ ਵਾਲੇ ਪਦਾਰਥ, ਕੋਲਡ ਡ੍ਰਿੰਕ, ਚਾਕਲੇਟ, ਆਈਸਕ੍ਰੀਮ ਅਤੇ ਹੋਰ ਜੰਕ ਫੂਡ ਸ਼ਾਮਲ ਹਨ। ਇਸ ਤੋਂ ਇਲਾਵਾ ਇਨ੍ਹਾਂ ਖੁਰਾਕੀ ਪਦਾਰਥਾਂ ਦੀ ਮੁਫਤ ਵੰਡ ਜਾਂ ਇਸ਼ਤਿਹਾਰਬਾਜ਼ੀ ਵੀ ਇਸ ਖੇਤਰ ’ਚ ਨਹੀਂ ਕੀਤੀ ਜਾ ਸਕੇਗੀ। ਸਰਕਾਰ ਦਾ ਕਹਿਣਾ ਹੈ ਕਿ ਬੱਚਿਆਂ ਦੇ ਆਸ-ਪਾਸ ਸਿਹਤਮੰਦ ਖਾਣ-ਪੀਣ ਦਾ ਮਾਹੌਲ ਬਣਾਉਣਾ ਇਸ ਪਹਿਲ ਦਾ ਮੁੱਖ ਮਕਸਦ ਹੈ।
ਭਾਰਤ ’ਚ ਤੇਜ਼ੀ ਨਾਲ ਵਧ ਰਹੀ ਸਮੱਸਿਆ
ਅੱਜ ਭਾਰਤ ਸਿਰਫ ਕੁਪੋਸ਼ਣ ਦੀ ਚੁਣੌਤੀ ਨਾਲ ਹੀ ਨਹੀਂ ਜੂਝ ਰਿਹਾ, ਸਗੋਂ ਬੱਚਿਆਂ ’ਚ ਵਧਦੇ ਮੋਟਾਪੇ ਦੀ ਸਮੱਸਿਆ ਵੀ ਤੇਜ਼ੀ ਨਾਲ ਸਾਹਮਣੇ ਆ ਰਹੀ ਹੈ। ‘ਵਰਲਡ ਓਬੈਸਿਟੀ ਐਟਲਸ 2026’ ਮੁਤਾਬਕ, ਦੇਸ਼ ’ਚ 5 ਤੋਂ 19 ਸਾਲ ਦੀ ਉਮਰ ਦੇ 4.1 ਕਰੋੜ ਤੋਂ ਵੱਧ ਬੱਚੇ ਜ਼ਿਆਦਾ ਵਜ਼ਨ ਜਾਂ ਮੋਟਾਪੇ ਦਾ ਸ਼ਿਕਾਰ ਹਨ। ਇਸ ਮਾਮਲੇ ’ਚ ਭਾਰਤ ਦੁਨੀਆ ’ਚ ਚੀਨ ਤੋਂ ਬਾਅਦ ਦੂਜੇ ਨੰਬਰ ’ਤੇ ਹੈ। ਮਾਹਰਾਂ ਦਾ ਮੰਨਣਾ ਹੈ ਕਿ ਇਸ ਦੇ ਪਿੱਛੇ ਕਈ ਕਾਰਨ ਹਨ। ਅੰਦਾਜ਼ਾ ਹੈ ਕਿ 2040 ਤੱਕ ਭਾਰਤ ’ਚ ਲੱਗਭਗ 5.6 ਕਰੋੜ ਬੱਚੇ ਜ਼ਿਆਦਾ ਵਜ਼ਨ ਜਾਂ ਮੋਟਾਪੇ ਦੀ ਸ਼੍ਰੇਣੀ ’ਚ ਪਹੁੰਚ ਸਕਦੇ ਹਨ।
ਜੇਕਰ ਮਹੀਨੇ ਦੀ 7 ਤਾਰੀਖ ਤੱਕ ਨਹੀਂ ਦਿੱਤੀ ਕਰਮਚਾਰੀ ਨੂੰ ਤਨਖ਼ਾਹ, ਤਾਂ ਹੋ ਸਕਦੀ ਹੈ ਜੇਲ੍ਹ!
NEXT STORY