ਨਵੀਂ ਦਿੱਲੀ - ਬੱਚਿਆਂ ਅਤੇ ਕਿਸ਼ੋਰਾਂ ’ਚ ਤੇਜ਼ੀ ਨਾਲ ਵਧ ਰਹੀ ਜੰਕ ਫੂਡ ਦੀ ਆਦਤ ਨੂੰ ਲੈ ਕੇ ‘ਭਾਰਤੀ ਆਯੁਰਵਿਗਿਆਨ ਖੋਜ ਪ੍ਰੀਸ਼ਦ’ (ਆਈ. ਸੀ. ਐੱਮ. ਆਰ.) ਅਤੇ ‘ਰਾਸ਼ਟਰੀ ਪੋਸ਼ਣ ਸੰਸਥਾਨ’ (ਐੱਨ. ਆਈ. ਐੱਨ.) ਦੀ ਰਿਪੋਰਟ ਨੇ ਗੰਭੀਰ ਚਿੰਤਾ ਪ੍ਰਗਟਾਈ ਹੈ। ਰਿਪੋਰਟ ਅਨੁਸਾਰ ਪਿਛਲੇ ਡੇਢ ਦਹਾਕੇ ਵਿਚ ਦੇਸ਼ ’ਚ ਅਲਟਰਾ-ਪ੍ਰੋਸੈੱਸਡ ਅਤੇ ਜੰਕ ਫੂਡ ਦੀ ਵਿਕਰੀ ਲਗਭਗ 150 ਫੀਸਦੀ ਵਧ ਗਈ ਹੈ, ਜਿਸ ਨਾਲ ਮੋਟਾਪਾ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਵਰਗੀਆਂ ਸਮੱਸਿਆਵਾਂ ਦਾ ਖ਼ਤਰਾ ਲਗਾਤਾਰ ਵਧ ਰਿਹਾ ਹੈ।
ਸਕੂਲਾਂ ਦੇ ਆਸ-ਪਾਸ ਵਿਕਰੀ ਰੋਕਣ ਦੀ ਸਿਫ਼ਾਰਸ਼
ਰਿਪੋਰਟ ਵਿਚ ਬੱਚਿਆਂ ਲਈ ਜੰਕ ਫੂਡ ਦੀ ਸੁਖਾਲੀ ਉਪਲਬਧਤਾ ਨੂੰ ਘਟਾਉਣ ਲਈ ਮਹੱਤਵਪੂਰਨ ਸੁਝਾਅ ਦਿੱਤੇ ਗਏ ਹਨ। ਇਸ ਦੇ ਤਹਿਤ ਸਕੂਲਾਂ ਦੇ 50 ਮੀਟਰ ਦੇ ਘੇਰੇ ਵਿਚ ਜੰਕ ਫੂਡ ਦੀ ਵਿਕਰੀ ’ਤੇ ਰੋਕ, ਸਕੂਲ ਕੰਟੀਨ ਵਿਚ ਪੋਸ਼ਟਿਕ ਭੋਜਨ ਨੂੰ ਉਤਸ਼ਾਹਿਤ ਕਰਨ ਅਤੇ ਖਾਣ-ਪੀਣ ਵਾਲੀਆਂ ਵਸਤੂਆਂ ’ਤੇ ਸਪੱਸ਼ਟ ਚਿਤਾਵਨੀ ਲੇਬਲ ਲਗਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਬੱਚਿਆਂ ਵਿਚ ਸਿਹਤਮੰਦ ਖਾਣ-ਪੀਣ ਦੀ ਆਦਤ ਵਿਕਸਿਤ ਕਰਨ ਵਿਚ ਮਦਦ ਮਿਲੇਗੀ।
ਮੋਟਾਪੇ ਦੇ ਵਧਦੇ ਮਾਮਲਿਆਂ ’ਤੇ ਚਿੰਤਾ
ਰਿਪੋਰਟ ਮੁਤਾਬਕ ਜੰਕ ਫੂਡ ਦੇ ਲਗਾਤਾਰ ਸੇਵਨ ਨਾਲ ਬੱਚਿਆਂ ਅਤੇ ਨੌਜਵਾਨਾਂ ਵਿਚ ਮੋਟਾਪੇ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਸ਼ਹਿਰੀ ਖੇਤਰਾਂ ਦੇ ਨਾਲ-ਨਾਲ ਪੇਂਡੂ ਇਲਾਕਿਆਂ ਵਿਚ ਵੀ ਇਹ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ। ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਖਾਣ-ਪੀਣ ਦੀਆਂ ਆਦਤਾਂ ਵਿਚ ਸਮੇਂ ਸਿਰ ਸੁਧਾਰ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਾਲਾਂ ਵਿਚ ਗ਼ੈਰ-ਸੰਚਾਰੀ ਰੋਗਾਂ ਦਾ ਬੋਝ ਹੋਰ ਵਧ ਸਕਦਾ ਹੈ।
ਅਲਟਰਾ-ਪ੍ਰੋਸੈਸਡ ਫੂਡ ਦੀ ਖਪਤ ਵਿਚ ਤੇਜ਼ ਉਛਾਲ
ਆਈ. ਸੀ. ਐੱਮ. ਆਰ.- ਐੱਨ. ਆਈ. ਐੱਨ. ਦੇ ਅਨੁਸਾਰ ਭਾਰਤ ਵਿਚ ਅਲਟਰਾ-ਪ੍ਰੋਸੈੱਸਡ ਖਾਧ ਪਦਾਰਥਾਂ ਦਾ ਬਾਜ਼ਾਰ ਲਗਾਤਾਰ ਫੈਲ ਰਿਹਾ ਹੈ। ਸਾਲ 2009 ਦੀ ਤੁਲਨਾ ਵਿਚ ਇਹਨਾਂ ਉਤਪਾਦਾਂ ਦੀ ਵਿਕਰੀ ਵਿਚ ਲਗਭਗ 150 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਪੈਕਡ ਸਨੈਕਸ, ਕੋਲਡ ਡ੍ਰਿੰਕਸ, ਇੰਸਟੈਂਟ ਫੂਡ, ਬਰਗਰ, ਪਿੱਜ਼ਾ ਅਤੇ ਮਿੱਠੇ ਪੀਣ ਵਾਲੇ ਪਦਾਰਥਾਂ ਦੀ ਵਧਦੀ ਖਪਤ ਬੱਚਿਆਂ ਅਤੇ ਨੌਜਵਾਨਾਂ ਦੀ ਜੀਵਨ ਸ਼ੈਲੀ ਵਿਚ ਤੇਜ਼ੀ ਨਾਲ ਬਦਲਾਅ ਦਾ ਸੰਕੇਤ ਮੰਨੀ ਜਾ ਰਹੀ ਹੈ।
ਸਕੂਲਾਂ ਅਤੇ ਸਰਕਾਰ ਦੀ ਸਾਂਝੀ ਜ਼ਿੰਮੇਵਾਰੀ ’ਤੇ ਜ਼ੋਰ
ਰਿਪੋਰਟ ਵਿਚ ਮਾਪਿਆਂ, ਸਕੂਲਾਂ ਅਤੇ ਸਰਕਾਰ ਦੀ ਸਾਂਝੀ ਜ਼ਿੰਮੇਵਾਰੀ ’ਤੇ ਵੀ ਜ਼ੋਰ ਦਿੱਤਾ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸਿਰਫ਼ ਪਾਬੰਦੀ ਹੀ ਕਾਫ਼ੀ ਨਹੀਂ ਹੋਵੇਗੀ, ਸਗੋਂ ਬੱਚਿਆਂ ਅਤੇ ਪਰਿਵਾਰਾਂ ਨੂੰ ਸੰਤੁਲਿਤ ਖੁਰਾਕ, ਨਿਯਮਿਤ ਸਰੀਰਕ ਗਤੀਵਿਧੀਆਂ ਅਤੇ ਪੋਸ਼ਟਿਕ ਭੋਜਨ ਪ੍ਰਤੀ ਜਾਗਰੂਕ ਕਰਨਾ ਵੀ ਉਨਾ ਹੀ ਜ਼ਰੂਰੀ ਹੈ। ਇਸ ਨਾਲ ਭਵਿੱਖ ਵਿਚ ਜੀਵਨ ਸ਼ੈਲੀ ਨਾਲ ਜੁੜੀਆਂ ਗੰਭੀਰ ਬਿਮਾਰੀਆਂ ਦੇ ਖ਼ਤਰੇ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ।
ਟ੍ਰੇਨ 'ਚ ਸ਼ਰਮਨਾਕ ਕਰਤੂਤ: ਖਿੜਕੀ ਰਾਹੀਂ ਪਿਸ਼ਾਬ ਕਰਨਾ ਪਿਆ ਮਹਿੰਗਾ, ਔਰਤ ਦੇ ਚਿਹਰੇ 'ਤੇ ਛਿੱਟੇ ਪੈਣ ਮਗਰੋਂ ਹੰਗਾਮਾ
NEXT STORY