ਬੈਂਗਲੁਰੂ (ਭਾਸ਼ਾ)— ਕਰਨਾਟਕ ਦੇ ਉੱਪ ਮੁੱਖ ਮੰਤਰੀ ਗੋਵਿੰਦ ਕਰਜੋਲ ਨੇ ਕਿਹਾ ਹੈ ਕਿ ਉਨ੍ਹਾਂ ਦੇ ਪਰਿਵਾਰ ਦੇ 8 ਮੈਂਬਰ ਕੋਰੋਨਾ ਵਾਇਰਸ ਮਹਾਮਾਰੀ ਤੋਂ ਪੀੜਤ ਹੋ ਚੁੱਕੇ ਹਨ। ਇਸ ਵਿਚ ਉਨ੍ਹਾਂ ਦੇ ਪੁੱਤਰ ਡਾ. ਗੋਪਾਲ ਕਰਜੋਲ ਵੀ ਸ਼ਾਮਲ ਹਨ, ਜੋ ਕਿ ਪਿਛਲੇ 23 ਦਿਨਾਂ ਤੋਂ ਵੈਂਟੀਲੇਟਰ 'ਤੇ ਹਨ। ਉੱਪ ਮੁੱਖ ਮੰਤਰੀ ਨੇ ਆਪਣੀ ਪੋਸਟ ਵਿਚ ਕਿਹਾ ਕਿ ਮੇਰੇ ਪੁੱਤਰ ਡਾ. ਗੋਪਾਲ ਪਿਛਲੇ 23 ਦਿਨਾਂ ਤੋਂ ਕੋਰੋਨਾ ਕਾਰਨ ਵੈਂਟੀਲੇਟਰ 'ਤੇ ਹਨ। ਕੋਰੋਨਾ ਪਾਜ਼ੇਟਿਵ ਤੋਂ ਠੀਕ ਹੋਣ ਤੋਂ ਬਾਅਦ ਮੇਰੀ ਪਤਨੀ ਹਾਲ ਹੀ 'ਚ ਹਸਪਤਾਲ 'ਚੋਂ ਆਈ ਹੈ। ਮੈਂ ਖ਼ੁਦ ਵੀ 19 ਦਿਨਾਂ ਤੱਕ ਹਸਪਤਾਲ 'ਚ ਰਹਿਣ ਮਗਰੋਂ ਸਿਹਤਯਾਬ ਹੋਇਆ ਹਾਂ। ਕੁੱਲ ਮਿਲਾ ਕੇ ਮੇਰੇ ਪਰਿਵਾਰ ਦੇ 8 ਮੈਂਬਰ ਕੋਰੋਨਾ ਵਾਇਰਸ ਤੋਂ ਪੀੜਤ ਹੋ ਚੁੱਕੇ ਹਨ।
ਦੱਸ ਦੇਈਏ ਕਿ ਗੋਵਿੰਦ ਕਰਜੋਲ ਬਗਲਕੋਟ ਜ਼ਿਲ੍ਹੇ ਦੇ ਮੁਢੋਲ ਤੋਂ ਭਾਜਪਾ ਵਿਧਾਇਕ ਵੀ ਹਨ। ਕਲਬੁਰਗੀ ਜ਼ਿਲ੍ਹੇ ਵਿਚ ਭੀਮਾ ਨਦੀ ਕਾਰਨ ਹਾਲਾਤ ਖਰਾਬ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਜਦੋਂ ਤੱਕ ਬਹੁਤ ਜ਼ਰੂਰਤ ਨਹੀਂ ਹੋਵੇਗੀ, ਉਦੋਂ ਤੱਕ ਉੱਥੇ ਨਹੀਂ ਜਾਵਾਂਗਾ। ਹਾਲਾਂਕਿ ਉਹ ਲਗਾਤਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਸੰਪਰਕ ਵਿਚ ਹਨ ਅਤੇ ਘਰ ਬੈਠੇ ਹੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ। ਕਰਜੋਲ ਨੇ ਆਪਣੇ ਟਵੀਟ ਵਿਚ ਪ੍ਰਦੇਸ਼ ਦੇ ਹੜ੍ਹ ਪ੍ਰਭਾਵਿਤ ਬਗਲਕੋਟ ਅਤੇ ਕਲਬੁਰਗੀ ਜ਼ਿਲ੍ਹੇ ਵਿਚ ਹੜ੍ਹ ਦੀ ਸਥਿਤੀ ਦੀ ਨਿਗਰਾਨੀ ਲਈ ਲੰਬੀ ਯਾਤਰਾ ਕਰਨ 'ਚ ਆਪਣੀ ਅਸਮਰੱਥਾ ਬਾਰੇ ਜਾਣਕਾਰੀ ਦਿੱਤੀ।
ਦੱਸਣਯੋਗ ਹੈ ਕਿ ਸਤੰਬਰ ਮਹੀਨੇ ਵਿਚ 21 ਤੋਂ 26 ਤਾਰੀਖ਼ ਵਿਚਾਲੇ ਵਿਧਾਨਸਭਾ ਸੈਸ਼ਨ ਦੌਰਾਨ ਕਰਜੋਲ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਸੂਬੇ ਵਿਚ ਕੋਰੋਨਾ ਪੀੜਤ ਹੋ ਚੁੱਕੇ ਹੋਰ ਲੋਕਾਂ ਵਿਚ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ, ਸਮਾਜਿਕ ਕਲਿਆਣ ਮੰਤਰੀ ਬੀ. ਸ਼੍ਰੀਰਾਮੁਲੂ, ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਸੀ. ਟੀ. ਰਵੀ, ਖੇਤੀਬਾੜੀ ਮੰਤਰੀ ਬੀ. ਸੀ. ਪਾਟਿਲ, ਸਾਬਕਾ ਮੁੱਖ ਮੰਤਰੀ ਸਿੱਧਰਮਈਆ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਐੱਸ. ਸ਼ਿਵਕੁਮਾਰ ਸ਼ਾਮਲ ਹਨ। ਕਰਨਾਟਕ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 7,65,586 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚੋਂ 10,478 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਜੰਮੂ-ਕਸ਼ਮੀਰ : ਬਾਰਾਮੂਲਾ 'ਚ ਲਸ਼ਕਰ-ਏ-ਤੋਇਬਾ ਦੇ 2 ਅੱਤਵਾਦੀ ਹਥਿਆਰਾਂ ਸਮੇਤ ਗ੍ਰਿਫ਼ਤਾਰ
NEXT STORY