ਬੇਂਗਲੁਰੂ- ਕਰਨਾਟਕ ਦੇ ਖ਼ੁਰਾਕ ਅਤੇ ਸਿਵਲ ਸਪਲਾਈ ਮੰਤਰੀ ਉਮੇਸ਼ ਕੱਟੀ ਦਾ ਮੰਗਲਵਾਰ ਰਾਤ ਕਰੀਬ 10 ਵਜੇ ਇਕ ਪ੍ਰਾਈਵੇਟ ਹਸਪਤਾਲ ’ਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਉਹ 61 ਸਾਲ ਦੇ ਸਨ। ਓਧਰ ਸੂਬਾ ਸਰਕਾਰ ਨੇ ਆਪਣੇ ਅਧਿਕਾਰਤ ਆਦੇਸ਼ ’ਚ ਕਿਹਾ ਕਿ ਮੰਤਰੀ ਦਾ ਅੰਤਿਮ ਸੰਸਕਾਰ ਪੂਰੇ ਸਰਕਾਰੀ ਸਨਮਾਨ ਨਾਲ ਕੀਤਾ ਜਾਵੇਗਾ। ਬੇਲਗਾਵੀ ਜ਼ਿਲ੍ਹੇ ਦੇ ਸਰਕਾਰੀ ਦਫ਼ਤਰਾਂ ਦੇ ਨਾਲ-ਨਾਲ ਸਾਰੇ ਸਕੂਲ ਅਤੇ ਕਾਲਜ ਬੁੱਧਵਾਰ ਨੂੰ ਬੰਦ ਰਹਿਣਗੇ।
ਦੱਸ ਦੇਈਏ ਕਿ ਉਮੇਸ਼ ਕੋਲ ਸੂਬੇ ਦੇ ਖ਼ੁਰਾਕ, ਸਿਵਲ ਸਪਲਾਈ ਅਤੇ ਉਪਭੋਗਤਾ ਮਾਮਲੇ ਅਤੇ ਜੰਗਲਾਤ ਵਿਭਾਗ ਸਨ। ਸੂਤਰਾਂ ਮੁਤਾਬਕ ਉਮੇਸ਼ ਕੱਟੀ ਇੱਥੇ ਡਾਲਰਸ ਕਾਲੋਨੀ ਸਥਿਤ ਆਪਣੀ ਰਿਹਾਇਸ਼ ਦੇ ਬਾਥਰੂਮ ’ਚ ਡਿੱਗ ਗਏ, ਜਿੱਥੇ ਉਨ੍ਹਾਂ ਨੂੰ ਇਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ। ਹਸਪਤਾਲ ਪਹੁੰਚਣ ’ਤੇ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਦਿਹਾਂਤ ਹੋ ਚੁੱਕਾ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਏਅਰ ਐਂਬੂਲੈਂਸ ਜ਼ਰੀਏ ਉਨ੍ਹਾਂ ਦੇ ਗ੍ਰਹਿ ਜ਼ਿਲ੍ਹੇ ਬੇਲਗਾਵਨੀ ਲਿਜਾਇਆ ਜਾਵੇਗਾ। ਬਾਅਦ 'ਚ ਮ੍ਰਿਤਕ ਦੇਹ ਨੂੰ ਹੁਕੇਰੀ ਤਾਲੁਕ ’ਚ ਉਮੇਸ਼ ਕੱਟੀ ਦੇ ਜੱਦੀ ਪਿੰਡ ਬੇਲਾਦਬਾਗੇਵਾੜੀ ਲਿਜਾਇਆ ਜਾਵੇਗਾ, ਜਿੱਥੇ ਸ਼ਾਮ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਮੇਸ਼ ਕੱਟੀ ਦੇ ਪਰਿਵਾਰ ’ਚ ਪਤਨੀ, ਇਕ ਪੁੱਤਰ ਅਤੇ ਇਕ ਧੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪਾਰਟੀ ਆਗੂ ਦੇ ਅਚਾਨਕ ਦਿਹਾਂਤ 'ਤੇ ਟਵੀਟ ਕਰਕੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਟਵੀਟ ਕੀਤਾ ਅਤੇ ਲਿਖਿਆ, ''ਉਮੇਸ਼ ਕੱਟੀ ਜੀ ਇਕ ਤਜਰਬੇਕਾਰ ਨੇਤਾ ਸਨ, ਜਿਨ੍ਹਾਂ ਨੇ ਕਰਨਾਟਕ ਦੇ ਵਿਕਾਸ ਵਿਚ ਭਰਪੂਰ ਯੋਗਦਾਨ ਪਾਇਆ। ਮੈਂ ਉਨ੍ਹਾਂ ਦੀ ਮੌਤ ਤੋਂ ਦੁਖੀ ਹਾਂ। ਦੁੱਖ ਦੀ ਇਸ ਘੜੀ ’ਚ ਮੇਰੀ ਹਮਦਰਦੀ ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਨਾਲ ਹੈ।’’
ਜੈਪੁਰ ਦੇ ਸਕੂਲ ’ਚ ਬੱਚਿਆਂ ਨੂੰ ਬੰਧਕ ਬਣਾਇਆ, ਮਾਪੇ ਬੋਲੇ- 40 ਵਿਦਿਆਰਥੀਆਂ ਨੂੰ ਨਹੀਂ ਖਾਣ ਦਿੱਤਾ ਖਾਣਾ
NEXT STORY