ਕਾਸਗੰਜ, (ਸ.ਹ.)- ਉੱਤਰ ਪ੍ਰਦੇਸ਼ ਦੇ ਕਾਸਗੰਜ ਜ਼ਿਲੇ ’ਚ ਸ਼ਨੀਵਾਰ ਇੱਕ ਵੱਡਾ ਦੁਖਾਂਤ ਵਾਪਰ ਗਿਆ | ਇੱਥੇ ਇੱਕ ਤਲਾਬ ’ਚ ਇਕ ਟਰੈਕਟਰ-ਟਰਾਲੀ ਦੇ ਡਿੱਗਣ ਕਾਰਨ 54 ਵਿਅਕਤੀ ਡੁੱਬ ਗਏ। ਇਸ ਹਾਦਸੇ 'ਚ 24 ਮੌਤਾਂ ਦੀ ਪੁਸ਼ਟੀ ਹੋਈ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਡਰ ਹੈ।
ਦੱਸਿਆ ਜਾਂਦਾ ਹੈ ਕਿ ਟਰੈਕਟਰ-ਟਰਾਲੀ ’ਚ ਸਵਾਰ ਸਾਰੇ ਵਿਅਕਤੀ ਏਟਾ ਦੇ ਜੈਥਰਾ ਦੇ ਰਹਿਣ ਵਾਲੇ ਹਨ। ਸਥਾਨਕ ਲੋਕਾਂ ਮੁਤਾਬਕ ਇਹ ਹਾਦਸਾ ਤੇਜ਼ ਰਫਤਾਰ ਕਾਰਨ ਵਾਪਰਿਆ। ਡਰਾਈਵਰ ਹੱਥੋਂ ਟਰੈਕਟਰ ਬੇਕਾਬੂ ਹੋ ਕੇ ਤਲਾਬ ’ਚ ਜਾ ਡਿੱਗਾ। ਟਰਾਲੀ ’ਚ ਸਵਾਰ ਸਭ ਵਿਅਕਤੀ ਮਾਘੀ ਪੂਰਨਿਮਾ ’ਤੇ ਕਾਸਗੰਜ ਦੇ ਕਾਦਰਗੰਜ ਘਾਟ ’ਤੇ ਗੰਗਾ ’ਚ ਇਸ਼ਨਾਨ ਕਰਨ ਜਾ ਰਹੇ ਸਨ । ਰਿਆਵਗੰਜ-ਪਟਿਆਲਵੀ ਰੋਡ ’ਤੇ ਗਧਾਈ ਪਿੰਡ ਨੇੜੇ ਇਹ ਦੁਖਾਂਤ ਵਾਪਰਿਆ।
ਲੋਕਾਂ ਦੇ ਚੀਕਣ ਦੀ ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਉਥੇ ਪਹੁੰਚ ਗਏ। ਕੁਝ ਦੇਰ ’ਚ ਹੀ ਵੱਡੀ ਗਿਣਤੀ ’ਚ ਲੋਕ ਇਕੱਠੇ ਹੋ ਗਏ। ਵੱਡੇ ਜਾਨੀ ਨੁਕਸਾਨ ਕਾਰਨ ਜੈਥਰਾ ਪਿੰਡ ’ਚ ਸੰਨਾਟਾ ਛਾ ਗਿਆ। ਪਿੰਡ ਦੇ ਲੋਕ ਉਨ੍ਹਾਂ ਵਿਅਕਤੀਆਂ ਦੇ ਘਰਾਂ ’ਚ ਪਹੁੰਚ ਗਏ ਜਿੱਥੇ ਕਿਸੇ ਦੀ ਮੌਤ ਹੋਈ ਹੈ। ਹਸਦੇ-ਵਸਦੇ ਪਿੰਡ ’ਚ ਰੋਣ-ਕੁਰਲਾਉਣ ਦੀਆਂ ਆਵਾਜ਼ਾਂ ਹੀ ਆ ਰਹੀਆਂ ਸਨ।
ਲਾਸ਼ਾਂ ਦਾ ਪੋਸਟਮਾਰਟਮ ਨਹੀਂ ਹੋਇਆ
ਪਰਿਵਾਰਕ ਮੈਂਬਰ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਲਈ ਤਿਆਰ ਨਹੀਂ ਸਨ। ਇਸ ਮਾਮਲੇ ਨੂੰ ਲੈ ਕੇ ਹਸਪਤਾਲ ’ਚ ਵਿਵਾਦ ਖੜ੍ਹਾ ਹੋ ਗਿਆ। ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕਰਨ ਪਿੱਛੋਂ ਪੁਲਸ ਸੁਰੱਖਿਆ ਹੇਠ ਐਂਬੂਲੈਂਸਾਂ ਰਾਹੀਂ ਲਾਸ਼ਾਂ ਨੂੰ ਉਨ੍ਹਾਂ ਦੇ ਪਿੰਡ ਭੇਜ ਦਿੱਤਾ ਗਿਆ।
22 ਦੀ ਪਛਾਣ ਹੋਈ
22 ਲਾਸ਼ਾਂ ਦੀ ਰਾਤ ਤੱਕ ਪਛਾਣ ਹੋਈ ਸੀ। ਇਨ੍ਹਾਂ ’ਚ ਕਾਸਾ ਪਿੰਡ ਦੀ ਸ਼ਕੁੰਤਲਾ ਪਤਨੀ ਵੀਰਪਾਲ, ਸ਼ਿਵਾਨੀ ਪਤਨੀ ਰਾਜੇਸ਼, ਗਾਇਤਰੀ ਪਤਨੀ ਰਜਨੀਸ਼, ਉਮਾ ਦੇਵੀ ਪਤਨੀ ਸ਼ਿਵਮ, ਰਾਮਬੇਤੀ ਪਤਨੀ ਖੁੰਨੂਲਾਲ, ਰਾਮਲਤਾ ਪਤਨੀ ਰਣਵੀਰ, ਸਪਨਾ ਪਤਨੀ ਗੌਰਵ, ਜਵਿਤਾ ਪਤਨੀ ਸੰਦੀਪ, ਕੁਲਦੀਪ ਪੁੱਤਰ ਮੁਕੇਸ਼, ਕਾਰਤਿਕ ਪੁੱਤਰ ਰਾਜੇਸ਼, ਅੰਸ਼ੂਲੀ ਪੁੱਤਰੀ ਰਾਜੇਸ਼. ਦੇਵਾਂਸ਼ੂ ਪੁੱਤਰ ਭੂਰੇ ਅਤੇ ਅਵਨੀਸ਼ ਪੁੱਤਰ ਰਾਜਿੰਦਰ ਸ਼ਾਮਲ ਹਨ।
2 ਬੱਚਿਆਂ ਦੀ ਵੀ ਮੌਤ
ਅਲੀਗੜ੍ਹ ਮੈਡੀਕਲ ਕਾਲਜ ’ਚ ਇਲਾਜ ਦੌਰਾਨ ਦੋ ਬੱਚਿਆਂ ਦੀ ਵੀ ਮੌਤ ਹੋ ਗਈ।
ਮੁਆਵਜ਼ੇ ਦਾ ਐਲਾਨ, 2 ਮੰਤਰੀ ਮੌਕੇ 'ਤੇ ਜਾਣਗੇ
ਸੀ. ਐੱਮ. ਯੋਗੀ ਆਦਿਤਿਆਨਾਥ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਕੈਬਨਿਟ ਮੰਤਰੀ ਲਕਸ਼ਮੀ ਨਾਰਾਇਣ ਚੌਧਰੀ ਅਤੇ ਰਾਜ ਮੰਤਰੀ ਅਨੂਪ ਪ੍ਰਧਾਨ ਵਾਲਮੀਕੀ ਨੂੰ ਤੁਰੰਤ ਮੌਕੇ ’ਤੇ ਪੁੱਜਣ ਲਈ ਕਿਹਾ ਗਿਆ ਹੈ।
'ਮਨ ਕੀ ਬਾਤ' ਪ੍ਰੋਗਰਾਮ ਨੂੰ ਲੈ ਕੇ PM ਮੋਦੀ ਨੇ ਕੀਤਾ ਵੱਡਾ ਐਲਾਨ
NEXT STORY