ਮੁੰਬਈ/ਨਾਗਪੁਰ- ਕੋਝੀਕੋਡ ਹਵਾਈ ਹਾਦਸੇ 'ਚ ਆਪਣੀ ਜਾਨ ਗਵਾਉਣ ਵਾਲੇ ਕੈਪਟਨ ਦੀਪਕ ਸਾਠੇ ਦੀ ਯੋਜਨਾ ਸ਼ਨੀਵਾਰ ਨੂੰ ਮਾਂ ਦੇ 84ਵੇਂ ਜਨਮਦਿਨ 'ਤੇ ਅਚਾਨਕ ਨਾਗਪੁਰ ਪਹੁੰਚ ਕੇ ਉਨ੍ਹਾਂ ਨੂੰ ਸਰਪ੍ਰਾਈਜ਼ ਦੇਣ ਦੀ ਸੀ। ਉਨ੍ਹਾਂ ਨੇ ਆਖਰੀ ਵਾਰ ਮਾਰਚ 'ਤ ਆਪਣੇ ਮਾਤਾ-ਪਿਤਾ ਨਾਲ ਮੁਲਾਕਾਤ ਕੀਤੀ ਸੀ ਪਰ ਫੋਨ ਰਾਹੀਂ ਉਹ ਨਿਯਮਿਤ ਰੂਪ ਨਾਲ ਉਨ੍ਹਾਂ ਦੇ ਸੰਪਰਕ 'ਚ ਰਹਿੰਦੇ ਸਨ। ਉਨ੍ਹਾਂ ਨੇ 2 ਦਿਨ ਪਹਿਲਾਂ ਹੀ ਫੋਨ 'ਤੇ ਗੱਲ ਕੀਤੀ ਸੀ।
ਕੈਪਟਨ ਸਾਠੇ ਆਪਣੀ ਪਤਨੀ ਨਾਲ ਮੁੰਬਈ 'ਚ ਰਹਿੰਦੇ ਸਨ। ਉਨ੍ਹਾਂ ਦੀ ਮਾਂ ਨੀਲਾ ਸਾਠੇ ਆਪਣੇ ਪਤੀ ਅਤੇ ਰਿਟਾਇਰਡ ਕਰਨਲ ਵਸੰਤ ਸਾਠੇ ਨਾਲ ਨਾਗਪੁਰ ਸਥਿਤ ਭਾਰਤ ਕਾਲੋਨੀ 'ਚ ਰਹਿੰਦੀ ਹੈ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਕੈਪਟਨ ਸਾਠੇ ਨੇ ਮਾਂ ਨੂੰ ਕਿਹਾ ਸੀ ਕਿ ਉਹ ਘਰੋਂ ਬਾਹਰ ਨਾ ਨਿਕਲੇ। ਨੀਲਾ ਸਾਠੇ ਨੇ ਕਿਹਾ,''ਉਹ ਕਹਿੰਦਾ ਸੀ ਕਿ ਕੋਰੋਨਾ ਵਾਇਰਸ ਕਾਰਨ ਮੈਂ ਘਰੋਂ ਬਾਹਰ ਨਾ ਨਿਕਲਾਂ। ਉਹ ਕਹਿੰਦਾ ਸੀ ਕਿ ਜੇਕਰ ਮੈਨੂੰ ਕੁਝ ਹੋਇਆ ਤਾਂ ਉਸ ਨੂੰ ਸਭ ਤੋਂ ਜ਼ਿਆਦਾ ਦੁੱਖ ਹੋਵੇਗਾ ਅਤੇ ਅਚਾਨਕ ਇਹ ਹਾਦਸਾ ਹੋ ਗਿਆ। ਭਗਵਾਨ ਦੀ ਇੱਛਾ ਅੱਗੇ ਅਸੀਂ ਕੀ ਕਰ ਸਕਦੇ ਹਾਂ।'' ਕੈਪਟਨ ਦੀਪਕ ਸਾਠੇ 1990 ਦੇ ਦਹਾਕੇ ਦੀ ਸ਼ੁਰੂਆਤ 'ਚ ਇਕ ਹਵਾਈ ਹਾਦਸੇ 'ਚ ਵਾਲ-ਵਾਲ ਬਚੇ ਸਨ।
ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਕੇਰਲ ਦੇ ਕੋਝੀਕੋਡ ਏਅਰਪੋਰਟ 'ਤੇ ਦੁਬਈ ਤੋਂ ਆ ਰਿਹਾ ਏਅਰ ਇੰਡੀਆ ਦਾ ਜਹਾਜ਼ ਸ਼ੁੱਕਰਵਾਰ ਸ਼ਾਮ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਹਾਦਸੇ 'ਚ ਦੋਹਾਂ ਪਾਇਲਟਾਂ ਸਮੇਤ 18 ਲੋਕਾਂ ਦੀ ਜਾਨ ਚੱਲੀ ਗਈ, ਜਦੋਂ ਕਿ 100 ਤੋਂ ਵੱਧ ਯਾਤਰੀ ਜ਼ਖਮੀ ਹੋ ਗਏ। ਜਹਾਜ਼ 'ਚ 190 ਯਾਤਰੀ ਸਵਾਰ ਸਨ।
SBI ਨੇ ਏਟੀਐਮ ਤੋਂ ਸੁਰੱਖਿਅਤ ਨਕਦੀ ਕਢਵਾਉਣ ਲਈ ਕੀਤੀ ਨਵੀਂ ਸੇਵਾ ਦੀ ਸ਼ੁਰੂਆਤ
NEXT STORY