ਮੁੰਬਈ- ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੰਵਿਧਾਨ ਦੀ ‘ਲਾਲ ਕਿਤਾਬ’ ਦੀ ‘ਸ਼ਹਿਰੀ ਨਕਸਲਵਾਦ’ ਨਾਲ ਤੁਲਨਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤੀ ਜਨਤਾ ਪਾਰਟੀ ਦੀ ਐਤਵਾਰ ਆਲੋਚਨਾ ਕੀਤੀ ਤੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ 2017 ’ਚ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਇਹੀ ‘ਲਾਲ ਕਿਤਾਬ’ ਦਿੱਤੀ ਸੀ।
ਮਹਾਰਾਸ਼ਟਰ ’ਚ 20 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਵਿਰੋਧੀ ਧਿਰ ਮਹਾ ਵਿਕਾਸ ਆਘਾੜੀ (ਐੱਮ. ਵੀ. ਏ.) ਦਾ ਚੋਣ ਮੈਨੀਫੈਸਟੋ ਜਾਰੀ ਕਰਨ ਪਿੱਛੋਂ ਇੱਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਕਿਹਾ ਕਿ ਜਾਤੀ ਮਰਦਮਸ਼ੁਮਾਰੀ ਕਰਵਾਉਣ ਦੀ ਉਨ੍ਹਾਂ ਦੀ ਪਾਰਟੀ ਦੀ ਮੰਗ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਨਹੀਂ ਸਗੋਂ ਇਹ ਸਮਝਣ ਲਈ ਹੈ ਕਿ ਵੱਖ-ਵੱਖ ਭਾਈਚਾਰਿਆਂ ਦੀ ਮੌਜੂਦਾ ਸਥਿਤੀ ਕੀ ਹੈ ਤਾਂ ਜੋ ਉਨ੍ਹਾਂ ਨੂੰ ਹੋਰ ਲਾਭ ਮਿਲ ਸਕਣ।
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕੁਝ ਦਿਨ ਪਹਿਲਾਂ ਦੋਸ਼ ਲਾਇਆ ਸੀ ਕਿ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਆਪਣੇ ਹੱਥ ’ਚ ‘ਲਾਲ ਕਿਤਾਬ’ ਫੜ ਕੇ ‘ਸ਼ਹਿਰੀ ਨਕਸਲੀਆਂ ਤੇ ਅਰਾਜਕਤਾਵਾਦੀਆਂ’ ਦੀ ਹਮਾਇਤ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਰਾਹੁਲ ਗਾਂਧੀ ਆਪਣੀਆਂ ਰੈਲੀਆਂ ’ਚ ਸੰਵਿਧਾਨ ਦੇ ਸੰਖੇਪ ਅੰਕ ਵਾਲੀ ‘ਲਾਲ ਕਿਤਾਬ’ ਵਿਖਾਉਂਦੇ ਰਹੇ ਹਨ। ਖੜਗੇ ਨੇ ਕਿਹਾ ਕਿ ਲਾਲ ਕਿਤਾਬ ਦੀ ਵਰਤੋਂ ਸਿਰਫ ਸੰਦਰਭ ਲਈ ਕੀਤੀ ਗਈ ਹੈ। ਇਹ ਪੂਰਾ ਸੰਵਿਧਾਨ ਨਹੀਂ ਹੈ।
ਪ੍ਰਧਾਨ ਮੰਤਰੀ ਮੋਦੀ ਅਤੇ ਕੋਵਿੰਦ ਦੀ ਫੋਟੋ ਵਿਖਾਉਂਦੇ ਹੋਏ ਉਨ੍ਹਾਂ ਕਿਹਾ ਕਿ ਇਥੋਂ ਤੱਕ ਕਿ ਨਰਿੰਦਰ ਮੋਦੀ ਨੇ ਵੀ 26 ਜੁਲਾਈ 2017 ਨੂੰ ਉਸ ਵੇਲੇ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਇਸੇ ਤਰ੍ਹਾਂ ਦੀ ਕਿਤਾਬ ਦਿੱਤੀ ਸੀ। ਖੜਗੇ ਨੇ ਸੰਵਿਧਾਨ ਦੀ ਲਾਲ ਕਿਤਾਬ ਵਿਖਾਈ ਅਤੇ ਕਿਹਾ ਕਿ ਇਸ ’ਚ ਕੋਰੇ ਪੰਨੇ ਨਹੀਂ ਹਨ ਜਿਵੇਂ ਕਿ ਮੋਦੀ ਤੇ ਭਾਜਪਾ ਵਾਲੇ ਕਹਿ ਰਹੇ ਹਨ। ਪ੍ਰਧਾਨ ਮੰਤਰੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਾਇਮਰੀ ਸਕੂਲ ’ਚ ਮੁੜ ਦਾਖਲਾ ਦੁਆਉਣਾ ਜ਼ਰੂਰੀ ਹੈ।
ਭਾਰਤ ਨੂੰ RSS, ਮੋਦੀ ਤੇ ਅਮਿਤ ਸ਼ਾਹ ਤੋਂ ਖਤਰਾ : ਖੜਗੇ
NEXT STORY