ਨਵੀਂ ਦਿੱਲੀ- ਕੋਲਕਾਤਾ ਵਿਚ ਟ੍ਰੇਨੀ ਮਹਿਲਾ ਡਾਕਟਰ ਨਾਲ ਰੇਪ ਮਗਰੋਂ ਕਤਲ ਦੇ ਮਾਮਲੇ ਵਿਚ ਸੁਪਰੀਮ ਕੋਰਟ ਨੇ ਵੱਡਾ ਫ਼ੈਸਲਾ ਲਿਆ ਹੈ। ਸੁਪਰੀਮ ਕੋਰਟ ਨੇ ਸਖ਼ਤ ਰਵੱਈਆ ਅਪਣਾਉਂਦਿਆਂ ਐਲਾਨ ਕੀਤਾ ਹੈ ਕਿ ਡਾਕਟਰਾਂ ਦੀ ਸੁਰੱਖਿਆ ਲਈ ਨੈਸ਼ਨਲ ਟਾਸਕ ਫੋਰਸ ਬਣਾਇਆ ਜਾਵੇਗਾ। ਇਹ ਟਾਸਕ ਫੋਰਸ ਕੋਰਟ ਦੀ ਨਿਗਰਾਨੀ ਵਿਚ ਬਣਾਇਆ ਜਾਵੇਗਾ ਅਤੇ ਇਸ ਵਿਚ ਡਾਕਟਰਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਟਾਕਸ ਫੋਰਸ 3 ਹਫ਼ਤਿਆਂ ਵਿਚ ਅੰਤਰਿਮ ਰਿਪੋਰਟ ਦੇਵੇਗੀ। ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ ਦੀ ਪ੍ਰਧਾਨਗੀ ਵਿਚ ਜਸਟਿਸ ਜੇ. ਬੀ. ਪਾਦਰੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੇ ਇਸ ਮਾਮਲੇ ਵਿਚ ਸੁਣਵਾਈ ਕੀਤੀ। ਕੋਰਟ ਨੇ ਸੀ. ਬੀ. ਆਈ. ਨੂੰ ਵੀਰਵਾਰ ਯਾਨੀ ਕਿ 22 ਅਗਸਤ ਤੱਕ ਸਟੇਟਸ ਰਿਪੋਰਟ ਸੌਂਪਣ ਦਾ ਹੁਕਮ ਦਿੱਤਾ ਹੈ। ਇਸ ਵਿਚ ਇਹ ਦੱਸਿਆ ਜਾਵੇ ਕਿ ਉਸ ਨੇ ਹੁਣ ਤੱਕ ਕੀ ਕਦਮ ਚੁੱਕੇ ਅਤੇ ਜਾਂਚ ਕਿੱਥੇ ਤੱਕ ਪਹੁੰਚੀ। ਕੋਰਟ ਹੁਣ 22 ਅਗਸਤ ਨੂੰ ਮਾਮਲੇ ਦੀ ਅੱਗੇ ਦੀ ਸੁਣਵਾਈ ਕਰੇਗੀ।
ਇਹ ਵੀ ਪੜ੍ਹੋ- ਖੂਨ ਨਾਲ ਲਥਪਥ ਲਾਸ਼ਾਂ; 7 ਸ਼ਰਧਾਲੂਆਂ ਦੀ ਮੌਤ, ਬਾਗੇਸ਼ਵਰ ਧਾਮ ਦੇ ਦਰਸ਼ਨਾਂ ਨੂੰ ਜਾ ਰਹੇ ਸਨ ਲੋਕ
ਸੁਪਰੀਮ ਕੋਰਟ ਨੇ ਮਾਮਲੇ 'ਤੇ ਖ਼ੁਦ ਲਿਆ ਨੋਟਿਸ
ਸੁਪਰੀਮ ਕੋਰਟ ਨੇ ਇਸ ਕੇਸ ਦਾ ਖ਼ੁਦ ਨੋਟਿਸ ਲਿਆ। ਉੱਥੇ ਹੀ ਡਾਕਟਰਾਂ ਦੇ ਵਿਰੋਧ ਪ੍ਰਦਰਸ਼ਨ ਕਾਰਨ ਪੱਛਮੀ ਬੰਗਾਲ ਵਿਚ ਸਿਹਤ ਸੇਵਾਵਾਂ ਠੱਪ ਹੋ ਗਈਆਂ ਹਨ। ਪ੍ਰਦਰਸ਼ਨਕਾਰੀ ਡਾਕਟਰ ਚਾਹੁੰਦੇ ਹਨ ਕਿ ਸੀ. ਬੀ. ਆਈ. ਦੋਸ਼ੀਆਂ ਨੂੰ ਫੜੇ ਅਤੇ ਅਦਾਲਤ ਉਨ੍ਹਾਂ ਨੂੰ ਮੌਤ ਦੀ ਸਜ਼ਾ ਦੇਵੇ। ਓਧਰ ਸੁਪਰੀਮ ਕੋਰਟ ਦੀ ਬੈਂਚ ਮੁਤਾਬਕ ਇਸ ਮਾਮਲੇ 'ਤੇ ਖ਼ੁਦ ਨੋਟਿਸ ਲੈਣਾ ਇਸ ਤੱਥ ਨੂੰ ਵੇਖਦੇ ਹੋਏ ਮਹੱਤਵਪੂਰਨ ਹੈ ਕਿ ਕੱਲਕਤਾ ਹਾਈ ਕੋਰਟ ਨੇ ਪਹਿਲਾਂ ਹੀ ਕਾਰਵਾਈ ਕੀਤੀ ਹੈ ਅਤੇ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪ ਦਿੱਤੀ ਹੈ। ਸੁਪਰੀਮ ਕੋਰਟ ਨੇ ਇਸ ਘਟਨਾ 'ਤੇ ਸਖ਼ਤ ਰਵੱਈਆ ਅਪਣਾਉਂਦੇ ਹੋਏ ਕਿਹਾ ਕਿ ਜ਼ਮੀਨੀ ਪੱਧਰ 'ਤੇ ਚੀਜ਼ਾਂ ਬਦਲਣ ਲਈ ਦੇਸ਼ ਇਕ ਹੋਰ ਰੇਪ ਦੀ ਘਟਨਾ ਦੀ ਉਡੀਕ ਨਹੀਂ ਕਰ ਸਕਦਾ।
ਇਹ ਵੀ ਪੜ੍ਹੋ- ਪਤੀ-ਪਤਨੀ ਨੂੰ ਘਸੀੜਦੀ ਲੈ ਗਈ ਬੱਸ; ਹਾਦਸੇ 'ਚ ਪੈ ਗਏ ਸਦਾ ਲਈ ਵਿਛੋੜੇ, ਭਰਾ ਨੂੰ ਰੱਖੜੀ ਬੰਨ੍ਹਣ ਜਾ ਰਹੀ ਸੀ ਔਰਤ
ਪੀੜਤਾ ਦੀ ਪਛਾਣ ਉਜਾਗਰ ਕਰਨ ਨੂੰ ਲੈ ਕੇ ਚਿੰਤਤ ਹਾਂ: ਚੀਫ਼ ਜਸਟਿਸ
ਚੀਫ਼ ਜਸਟਿਸ ਨੇ ਕਿਹਾ ਕਿ ਅਸੀਂ ਪੀੜਤਾ ਦੀ ਪਛਾਣ ਉਜਾਗਰ ਹੋਣ ਨੂੰ ਲੈ ਕੇ ਚਿੰਤਤ ਹਾਂ। ਪੀੜਤਾ ਦੀ ਫੋਟੋ ਅਤੇ ਪੋਸਟਮਾਰਟਮ ਮਗਰੋਂ ਉਸ ਦੀ ਬਾਡੀ ਵਿਖਾਉਣਾ ਚਿੰਤਾਜਨਕ ਹੈ, ਜਦਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਚੀਫ਼ ਜਸਟਿਸ ਨੇ ਪੱਛਮੀ ਬੰਗਾਲ ਸਰਕਾਰ ਤੋਂ ਪੁੱਛਿਆ ਕਿ ਕੀ ਪ੍ਰਿੰਸੀਪਲ ਨੇ ਕਤਲ ਨੂੰ ਖੁਦਕੁਸ਼ੀ ਦੱਸਿਆ? ਕੀ ਪੀੜਤਾ ਦੇ ਮਾਤਾ-ਪਿਤਾ ਨੂੰ ਦੇਰੀ ਨਾਲ ਸੂਚਨਾ ਦਿੱਤੀ ਹੈ? ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ ਗਿਆ। ਚੀਫ਼ ਜਸਟਿਸ ਨੇ ਇਹ ਵੀ ਕਿਹਾ ਕਿ ਕੀ ਕਤਲ ਤਹਿਤ FIR ਦਰਜ ਹੋਈ ਹੈ? ਪ੍ਰਿੰਸੀਪਲ ਕੀ ਕਰ ਰਹੇ ਸਨ? FIR ਦਰਜ ਕਰਾਉਣ ਵਿਚ ਦੇਰੀ ਕਿਉਂ ਹੋਈ? ਇਹ ਬੇਹੱਦ ਗੰਭੀਰ ਮੁੱਦਾ ਹੈ।
ਇਹ ਵੀ ਪੜ੍ਹੋ- 50 ਸਾਲਾਂ ਤੱਕ ਨਜ਼ਰਅੰਦਾਜ ਕੀਤਾ ਗਿਆ 'ਮੰਕੀਪਾਕਸ' ਹੁਣ ਦੁਨੀਆ ਲਈ ਬਣਿਆ ਖ਼ਤਰੇ ਦੀ ਘੰਟੀ
ਕੀ ਹੈ ਪੂਰਾ ਮਾਮਲਾ
ਪੱਛਮੀ ਬੰਗਾਲ ਸਰਕਾਰ ਵਲੋਂ ਸੰਚਾਲਿਤ ਆਰ. ਜੀ. ਕਰ ਮੈਡੀਕਲ ਹਸਪਤਾਲ ਦੇ ਸੈਮੀਨਾਰ ਹਾਲ ਵਿਚ ਇਕ ਜੂਨੀਅਰ ਡਾਕਟਰ ਦੇ ਰੇਪ ਅਤੇ ਕਤਲ ਨੂੰ ਲੈ ਕੇ ਦੇਸ਼ ਭਰ ਵਿਚ ਵਿਰੋਧ ਪ੍ਰਦਰਸ਼ਨ ਹੋਏ। 9 ਅਗਸਤ ਨੂੰ ਹਸਪਤਾਲ ਦੇਸੈਮੀਨਾਰ ਹਾਲ ਦੇ ਅੰਦਰ ਡਾਕਟਰ ਦੀ ਲਾਸ਼ ਮਿਲੀ ਸੀ, ਜਿਸ 'ਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਨ। ਕੋਲਕਾਤਾ ਪੁਲਸ ਨੇ ਘਟਨਾ ਦੇ ਅਗਲੇ ਦਿਨ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ। 13 ਅਗਸਤ ਨੂੰ ਕਲਕੱਤਾ ਹਾਈ ਕੋਰਟ ਨੇ ਮਾਮਲੇ ਦੀ ਜਾਂਚ ਕੋਲਕਾਤਾ ਪੁਲਸ ਤੋਂ ਸੀ. ਬੀ. ਆਈ ਨੂੰ ਸੌਂਪਣ ਦਾ ਹੁਕਮ ਦਿੱਤਾ ਅਤੇ ਸੀ. ਬੀ. ਆਈ ਨੇ 14 ਅਗਸਤ ਨੂੰ ਜਾਂਚ ਸ਼ੁਰੂ ਕਰ ਦਿੱਤੀ। ਹਾਈ ਕੋਰਟ ਨੇ ਮ੍ਰਿਤਕ ਦੇ ਮਾਪਿਆਂ ਸਮੇਤ ਕਈ ਪਟੀਸ਼ਨਾਂ 'ਤੇ ਸੁਣਵਾਈ ਕਰਦਿਆਂ ਮਾਮਲੇ ਦੀ ਜਾਂਚ ਸੀ. ਬੀ. ਆਈ ਨੂੰ ਸੌਂਪ ਦਿੱਤੀ ਹੈ। ਮ੍ਰਿਤਕ ਦੇ ਮਾਪਿਆਂ ਨੇ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕੀਤੀ ਸੀ। ਸੀ. ਬੀ. ਆਈ. ਨੇ ਸਾਬਕਾ ਪ੍ਰਿੰਸੀਪਲ ਡਾਕਟਰ ਸੰਦੀਪ ਘੋਸ਼ ਤੋਂ 13 ਘੰਟੇ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ ਗਈ। ਅੱਜ ਉਸ ਤੋਂ ਮੁੜ ਪੁੱਛਗਿੱਛ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਹੁਣ ਦੋਸ਼ੀ ਸੰਜੇ ਰਾਏ ਦਾ ਪੋਲੀਗ੍ਰਾਫ ਟੈਸਟ ਵੀ ਕਰਵਾਇਆ ਜਾਵੇਗਾ, ਜਿਸ ਦੀ ਕੋਰਟ ਨੇ ਮਨਜ਼ੂਰੀ ਦੇ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰੀ ਬਾਰਿਸ਼ ਦੇ ਮੱਦੇਨਜ਼ਰ ਸਕੂਲ ਬੰਦ ਕਰਨ ਦੇ ਹੁਕਮ, ਐਡਵਾਈਜ਼ਰੀ ਜਾਰੀ
NEXT STORY