ਸ਼ਿਮਲਾ/ਰਾਮਪੁਰ/ਮਨਾਲੀ, (ਸੰਤੋਸ਼/ਰਮੇਸ਼/ਸੋਨੂੰ)- ਸੂਬੇ ਵਿਚ ਲਗਾਤਾਰ ਜਾਰੀ ਮੀਂਹ ਵਿਚਾਲੇ ਬੱਦਲ ਫਟਣ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਬੁੱਧਵਾਰ ਨੂੰ ਸ਼ਿਮਲਾ ਤੇ ਕੁੱਲੂ ਜ਼ਿਲਿਆਂ ’ਚ 4 ਥਾਵਾਂ ’ਤੇ ਬੱਦਲ ਫਟਣ ਦੀਆਂ ਘਟਨਾਵਾਂ ਵਾਪਰੀਆਂ।
ਇਸ ਦੌਰਾਨ ਪ੍ਰਭਾਵਿਤ ਇਲਾਕਿਆਂ ’ਚ 8 ਪੁਲ ਢਹਿ ਗਏ ਅਤੇ ਇਸ ਕਾਰਨ ਕਈ ਥਾਵਾਂ ਦਾ ਦੂਜੇ ਇਲਾਕਿਆਂ ਨਾਲ ਸੰਪਰਕ ਟੁੱਟ ਗਿਆ।
ਦੂਜੇ ਪਾਸੇ, ਕੁੱਲੂ ਵਿਚ ਬੱਦਲ ਫਟਣ ਕਾਰਨ ਪੌਂਗ ਡੈਮ ਦੇ ਪਾਣੀ ਦਾ ਪੱਧਰ ਵਧਣ ਦਾ ਖਦਸ਼ਾ ਲਗਾਇਆ ਜਾ ਰਿਹਾ ਹੈ। ਅਜਿਹੀ ਸਥਿਤੀ ਵਿਚ ਇੰਦੋਰਾ ਦੇ ਮੰਡ ਖੇਤਰ ਅਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਨੂੰ ਅਲਰਟ ਰਹਿਣ ਦੇ ਹੁਕਮ ਦਿੱਤੇ ਗਏ ਹਨ।
ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ਅਨੁਸਾਰ, ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੱਧ ਸਕਦਾ ਹੈ, ਇਸ ਲਈ ਸਥਾਨਕ ਲੋਕਾਂ ਨੂੰ ਬਿਆਸ ਦਰਿਆ ਦੇ ਕੰਢਿਆਂ ਦੇ ਨੇੜੇ ਨਾ ਜਾਣ ਦੇ ਹੁਕਮ ਦਿੱਤੇ ਗਏ ਹਨ।
ਸ਼੍ਰੀਖੰਡ ਦੇ ਪਾਰਵਤੀ ਬਾਗ ਵਿਚ ਬੱਦਲ ਫਟਣ ਕਾਰਨ 15-20 ਇਲਾਕਿਆਂ ਦਾ ਸੰਪਰਕ ਪੂਰੀ ਤਰ੍ਹਾਂ ਰਾਮਪੁਰ ਸਬ-ਡਿਵੀਜ਼ਨ ਨਾਲ ਕੱਟਿਆ ਗਿਆ। ਬੱਦਲ ਫਟਣ ਤੋਂ ਬਾਅਦ ਗਾਨਵੀ ਖੱਡ ਵਿਚ ਆਏ ਹੜ੍ਹ ਕਾਰਨ 4-5 ਪੰਚਾਇਤਾਂ ਨੂੰ ਜੋੜਨ ਵਾਲਾ ਗਾਨਵੀ ਖੱਡ ’ਤੇ ਬਣਿਆ ਪੁਲ ਵੀ ਤਬਾਹ ਹੋ ਗਿਆ ਹੈ।
ਲਾਹੌਲ ਦੀ ਮਯਾੜ ਘਾਟੀ ਵਿਚ ਬੱਦਲ ਫਟਣ ਕਾਰਨ 3 ਪੁਲ ਰੁੜ੍ਹ ਗਏ ਹਨ। ਕਿਸਾਨਾਂ ਦੀਆਂ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ ਜਦੋਂ ਕਿ ਸੜਕਾਂ ਅਤੇ ਜ਼ਮੀਨਾਂ ਵੀ ਰੁੜ੍ਹ ਗਈਆਂ ਹਨ।
ਇਸ ਦੇ ਨਾਲ ਹੀ ਕੁੱਲੂ ਜ਼ਿਲੇ ਦੇ ਬਠਾਹੜ ਵਿਚ ਬੱਦਲ ਫਟਣ ਕਾਰਨ ਤੀਰਥਨ ਨਦੀ ਦੇ ਪਾਣੀ ਦਾ ਪੱਧਰ ਵਧ ਗਿਆ। ਦੂਜੇ ਪਾਸੇ, ਬਾਗੀਪੁਲ ਵਿਚ ਵੀ ਬੱਦਲ ਫਟਣ ਦੀ ਘਟਨਾ ਵਾਪਰੀ ਅਤੇ ਇਸ ਨਾਲ ਕੁਰਪਨ ਖੱਡ ਵਿਚ ਪਾਣੀ ਭਰ ਗਿਆ। ਇਸ ਦੌਰਾਨ ਟੀਲਾ ਪੁਲ ਤੋਂ ਬਥਾਹਡ ਤੱਕ 3 ਪੁਲ, ਇਕ ਝੌਂਪੜੀ ਅਤੇ 3 ਘਰਾਂ ਵਿਚ ਮਲਬਾ ਅਤੇ 1 ਵਾਹਨ ਨੂੰ ਨੁਕਸਾਨ ਪੁੱਜਾ। ਦੋਗੜਾ ਪੁਲ ਵੀ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਿਆ ਹੈ।
ਕੁੱਲੂ ਦੇ ਡੀ. ਸੀ. ਤੋਰੁਲ ਐੱਸ. ਰਵੀਸ਼ ਨੇ ਦੱਸਿਆ ਕਿ ਬਾਗੀਪੁਲ ਦੇ ਭੀਮਡੁਆਰੀ ਇਲਾਕੇ ਵਿਚ ਬੱਦਲ ਫਟਣ ਦੀ ਸੂਚਨਾ ਮਿਲਦਿਆਂ ਹੀ ਖਤਰੇ ਵਾਲੇ ਇਲਾਕਿਆਂ ਨੂੰ ਖਾਲੀ ਕਰ ਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜ ਦਿੱਤਾ ਗਿਆ। ਤੀਰਥਨ ਘਾਟੀ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜ ਦਿੱਤਾ ਗਿਆ ਹੈ। ਇਨ੍ਹਾਂ ਘਟਨਾਵਾਂ ਵਿਚ ਜਾਨ-ਮਾਲ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
ਮੁੰਬਈ ਵਿਚ 1.46 ਕਰੋੜ ਰੁਪਏ ਦੀ ਡਰੱਗਜ਼ ਜ਼ਬਤ
NEXT STORY