ਨਵੀਂ ਦਿੱਲੀ- ਪੂਰਬੀ ਲੱਦਾਖ ਦੀ ਗਲਵਾਨ ਘਾਟੀ 'ਚ ਭਾਰਤ ਅਤੇ ਚੀਨ ਦੇ ਫੌਜੀਆਂ ਦਰਮਿਆਨ ਹੋਈ ਹਿੰਸਕ ਝੜਪ ਤੋਂ ਬਾਅਦ ਦੋਹਾਂ ਦੇਸ਼ਾਂ ਦਰਮਿਆਨ ਤਣਾਅ ਵਧ ਗਿਆ ਹੈ। ਚੀਨ ਨਾਲ ਲੱਗਦੀ 3500 ਕਿਲੋਮੀਟਰ ਲੰਬੀ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਤਾਇਨਾਤ ਹਥਿਆਰਬੰਦ ਫੋਰਸਾਂ ਨੂੰ ਚੀਨ ਦੇ ਕਿਸੇ ਵੀ ਹਮਲਾਵਰ ਵਤੀਰੇ ਦਾ ਮੂੰਹ ਤੋੜ ਜਵਾਬ ਦੇਣ ਦੀ ਪੂਰੀ ਆਜ਼ਾਦੀ ਦਿੱਤੀ ਗਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਸੀਨੀਅਰ ਫੌਜ ਅਧਿਕਾਰੀਆਂ ਨਾਲ ਲੱਦਾਖ 'ਚ ਹਾਲਾਤ 'ਤੇ ਉੱਚ ਪੱਧਰੀ ਬੈਠਕ ਤੋਂ ਬਾਅਦ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਰੱਖਿਆ ਮੰਤਰੀ ਨਾਲ ਇਸ ਬੈਠਕ 'ਚ ਸੀ.ਡੀ.ਐੱਸ. ਜਨਰਲ ਬਿਪਿਨ ਰਾਵਤ, ਫੌਜ ਮੁਖੀ ਜਨਰਲ ਐੱਮ.ਐੱਮ. ਨਰਵਾਣੇ, ਜਲ ਸੈਨਾ ਮੁਖੀ ਐਡਮਿਰਲ, ਕਰਮਬੀਰ ਸਿੰਘ ਅਤੇ ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਕੇ.ਐੱਸ. ਭਦੌਰੀਆ ਨੇ ਹਿੱਸਾ ਲਿਆ। ਸੂਤਰਾਂ ਨੇ ਦੱਸਿਆ ਕਿ ਸਿੰਘ ਨੇ ਸੀਨੀਅਰ ਫੌਜ ਅਧਿਕਾਰੀਆਂ ਨੂੰ ਜ਼ਮੀਨੀ ਸਰਹੱਦ, ਹਵਾਈ ਖੇਤਰ ਅਤੇ ਰਣਨੀਤਕ ਸਮੁੰਦਰੀ ਮਾਰਗਾਂ 'ਚ ਚੀਨ ਦੀਆਂ ਗਤੀਵਿਧੀਆਂ 'ਤੇ ਸਖਤ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਅਤੇ ਚੀਨੀ ਫੌਜੀਆਂ ਦੀ ਕਿਸੇ ਵੀ ਗੁਸਤਾਖ਼ੀ ਦਾ ਮੂੰਹ ਤੋੜ ਜਵਾਬ ਦੇਣ ਲਈ ਸਖਤ ਰੁਖ ਅਪਣਾਉਣ ਲਈ ਕਿਹਾ ਹੈ।
ਸੂਤਰਾਂ ਨੇ ਦੱਸਿਆ ਕਿ ਹਥਿਆਰਬੰਦ ਫੋਰਸਾਂ ਨੂੰ ਦੋਹਾਂ ਦੇਸ਼ਾਂ ਦਰਮਿਆਨ ਅਸਲ ਕੰਟਰੋਲ ਰੇਖਾ 'ਤੇ ਚੀਨ ਦੀ ਫੌਜ ਦੇ ਕਿਸੇ ਵੀ ਤਰ੍ਹਾਂ ਦੇ ਹਮਲਾਵਰ ਰਵੱਈਏ ਨਾਲ ਨਜਿੱਠਣ ਲਈ ਪੂਰੀ ਆਜ਼ਾਦੀ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਫੌਜ ਅਤੇ ਭਾਰਤੀ ਹਵਾਈ ਫੌਜ ਨੇ ਚੀਨ ਦੀ ਕਿਸੇ ਵੀ ਗੁਸਤਾਖ਼ੀ ਨਾਲ ਪ੍ਰਭਾਵੀ ਤਰੀਕੇ ਨਾਲ ਨਜਿੱਠਣ ਲਈ ਐੱਲ.ਏ.ਸੀ. 'ਤੇ ਆਪਣੀਆਂ ਤਿਆਰੀਆਂ ਨੂੰ ਪਹਿਲਾਂ ਹੀ ਤੇਜ਼ ਕਰ ਦਿੱਤਾ ਹੈ।
ਤਿੰਨਾਂ ਫੌਜਾਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ
ਦੱਸਣਯੋਗ ਹੈ ਕਿ ਸਰਹੱਦ 'ਤੇ ਮਿਗ, ਹਰਕਊਲਿਸ, ਮਿਰਾਜ਼, ਸੁਖੋਈ ਜਹਾਜ਼ ਪਹਿਲਾਂ ਤੋਂ ਹੀ ਐੱਲ.ਏ.ਸੀ. 'ਤੇ ਤਾਇਨਾਤ ਹਨ। ਲਿਹਾਜਾ ਫੌਜ, ਜਲ ਸੈਨਾ ਅਤੇ ਹਵਾਈ ਫੌਜ ਨੂੰ ਅਲਰਟ 'ਤੇ ਰੱਖਿਆ ਗਿਆ ਹੈ। ਸੂਤਰਾਂ ਅਨੁਸਾਰ ਸਰਕਾਰ ਨੇ ਤਿੰਨਾਂ ਫੌਜਾਂ ਨੂੰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਲਈ ਕਿਹਾ ਹੈ। ਇੰਨਾ ਹੀ ਨਹੀਂ ਭਾਰਤੀ ਜਲ ਸੈਨਾ ਨੂੰ ਹਿੰਦ ਮਹਾਸਾਗਰ ਖੇਤਰ 'ਚ ਆਪਣੀ ਸਰਗਰਮੀ ਵਧਾਉਣ ਲਈ ਕਿਹਾ ਗਿਆ ਹੈ।
ਹਿਮਾਚਲ ਪ੍ਰਦੇਸ਼ 'ਚ 3 ਮੰਜ਼ਿਲਾ ਲੱਕੜ ਦੇ ਬਣੇ ਘਰ 'ਚ ਲੱਗੀ ਅੱਗ
NEXT STORY