ਮੰਡੀ (ਪੁਰਸ਼ੋਤਮ)- ਪਠਾਨਕੋਟ-ਮੰਡੀ ਨੈਸ਼ਨਲ ਹਾਈਵੇ-154 'ਤੇ ਪਧਰ ਦੇ ਨੇੜੇ ਸ਼ਨੀਵਾਰ ਦੇਰ ਰਾਤ ਕੋਟਰੋਪੀ ਪਿੰਡ ਭਾਰੀ ਜ਼ਮੀਨ ਖਿਸਕਣ ਕਾਰਨ ਮਲਬੇ 'ਚ ਦੱਬ ਗਿਆ ਅਤੇ ਐੱਨ. ਐੱਚ. ਦਾ ਲਗਭਗ 200 ਮੀਟਰ ਲੰਬਾ ਜ਼ਮੀਨੀ ਟੁਕੜਾ ਟੁੱਟ ਕੇ ਨਾਲੇ 'ਚ ਰੁੜ੍ਹ ਗਿਆ। ਜ਼ਮੀਨ ਖਿਸਕਣ ਦੀ ਲਪੇਟ 'ਚ ਹਿਮਾਚਲ ਰੋਡ ਟਰਾਂਸਪੋਰਟ ਨਿਗਮ ਦੀਆਂ ਦੋ ਬੱਸਾਂ ਵੀ ਆ ਗਈਆਂ, ਜਿਨ੍ਹਾਂ 'ਚ 46 ਵਿਅਕਤੀਆਂ ਦੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਹਿਮਾਚਲ ਟਰਾਂਸਪੋਰਟ ਨਿਗਮ ਦੀ ਇਕ ਬੱਸ ਚੰਬਾ ਤੋਂ ਮਨਾਲੀ ਵੱਲ ਜਾ ਰਹੀ ਸੀ, ਜਿਸ 'ਚ ਲਗਭਗ 45 ਤੋਂ 50 ਵਿਅਕਤੀ ਸਵਾਰ ਸਨ ਤੇ ਦੂਸਰੀ ਬੱਸ ਮਨਾਲੀ ਤੋਂ ਕੱਟੜ ਵੱਲ ਜਾ ਰਹੀ ਸੀ, ਜਿਸ 'ਚ 8 ਵਿਅਕਤੀ ਸਵਾਰ ਸਨ। ਦੋਵਾਂ ਬੱਸਾਂ ਵਿਚੋਂ 46 ਲਾਸ਼ਾਂ ਨੂੰ ਮੌਕੇ 'ਤੇ ਬਰਾਮਦ ਕਰ ਲਿਆ ਗਿਆ। ਇਹ ਘਟਨਾ ਸ਼ਨੀਵਾਰ ਰਾਤ 12 ਵਜੇ ਦੇ ਲਗਭਗ ਦੱਸੀ ਜਾ ਰਹੀ ਹੈ। ਕੋਟਰੋਪੀ ਪਿੰਡ ਦੇ ਇਕ ਚਸ਼ਮਦੀਦ ਚੋਬੇ ਰਾਮ ਨੇ ਦੱਸਿਆ ਕਿ ਮੌਸਮ ਸਾਫ ਹੋਣ ਦੇ ਬਾਵਜੂਦ ਪਿੰਡ ਦੀ ਪਹਾੜੀ ਤੋਂ ਰਾਤ ਲਗਭਗ ਸਾਢੇ 11 ਵਜੇ ਪੱਥਰ ਡਿੱਗਣੇ ਸ਼ੁਰੂ ਹੋ ਗਏ ਸਨ, ਜਿਸ ਦੇ ਮਗਰੋਂ ਉਨ੍ਹਾਂ ਨੇ ਆਪਣੇ ਗੁਆਂਢੀਆਂ ਨੂੰ ਘਰਾਂ 'ਚੋਂ ਜਗਾ ਕੇ ਬਾਹਰ ਨਿਕਲਣ ਲਈ ਕਿਹਾ। ਜਿਉਂ ਹੀ ਪੰਜ ਪਰਿਵਾਰਾਂ ਦੇ ਲਗਭਗ 20 ਮੈਂਬਰ ਆਪਣੇ ਘਰਾਂ 'ਚੋਂ 200 ਮੀਟਰ ਦੀ ਦੂਰੀ 'ਚ ਜੰਗਲ 'ਚ ਪਹੁੰਚੇ ਤਾਂ ਸਾਹਮਣਿਓਂ ਅਚਾਨਕ ਪਹਾੜੀ ਦਾ ਵੱਡਾ ਹਿੱਸਾ ਟੁੱਟ ਕੇ ਹੇਠਾਂ ਡਿੱਗਣ ਲੱਗਾ, ਜਿਸ ਦੀ ਲਪੇਟ 'ਚ ਪਹਿਲਾਂ ਕੋਟਰੋਪੀ ਪਿੰਡ ਦੇ 5 ਮਕਾਨ ਅਤੇ ਗਊਸ਼ਾਲਾਵਾਂ ਆਈਆਂ ਅਤੇ ਫਿਰ ਦੇਖਦੇ ਹੀ ਦੇਖਦੇ ਪਠਾਨਕੋਟ ਮੰਡੀ ਐੱਨ. ਐੱਚ. ਦਾ ਲਗਭਗ 200 ਮੀਟਰ ਹਿੱਸਾ ਪੁਲ ਸਮੇਤ ਮਲਬੇ ਦੇ ਨਾਲ 500 ਮੀਟਰ ਅੱਗੇ ਤਕ ਰੁੜ੍ਹ ਗਿਆ, ਜਿਸ ਦੀ ਲਪੇਟ 'ਚ ਦੋ ਬੱਸਾਂ ਸਮੇਤ ਅੱਧੀ ਦਰਜਨ ਛੋਟੇ ਵਾਹਨ ਵੀ ਆ ਗਏ।

ਓਧਰ ਦੂਸਰੇ ਪਾਸੇ ਮਲਬੇ ਨਾਲ ਚੰਬਾ-ਮਨਾਲੀ ਬੱਸ ਦਾ ਮਲਬਾ ਨਾਲੇ 'ਚ ਲਗਭਗ 500 ਮੀਟਰ ਦੂਰ ਬਰਾਮਦ ਹੋਇਆ, ਰਾਤ ਲਗਭਗ 2 ਵਜੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਹੋ ਸਕਿਆ। ਸਭ ਤੋਂ ਪਹਿਲਾਂ ਡੀਲੈਕਸ ਬੱਸ ਦੇ ਹੇਠਾਂ ਦੱਬੇ ਲੋਕਾਂ ਦੀ ਭਾਲ ਸ਼ੁਰੂ ਹੋਈ। ਇਸ ਦੇ ਮਗਰੋਂ ਦੇਰ ਰਾਤ ਐੱਨ. ਡੀ. ਆਰ. ਐੱਫ. ਅਤੇ ਫੌਜ ਨੂੰ ਵ ਸੂਚਿਤ ਕੀਤਾ ਗਿਆ।

ਜ਼ਖਮੀਆਂ ਨੂੰ ਕੀਤਾ ਗਿਆ ਆਈ. ਜੀ. ਐੱਮ. ਸੀ. ਰੈਫਰ
ਜ਼ਖਮੀਆਂ ਨੂੰ ਮੰਡੀ ਹਸਪਤਾਲ ਪਹੁੰਚਾਇਆ ਗਿਆ, ਜਿਥੋਂ ਉਨ੍ਹਾਂ ਨੂੰ ਇਲਾਜ ਦੇ ਮਗਰੋਂ ਆਈ. ਜੀ. ਐੱਮ. ਸੀ. ਸ਼ਿਮਲਾ ਰੈਫਰ ਕਰ ਦਿੱਤਾ ਗਿਆ। ਜ਼ਖਮੀਆਂ 'ਚ ਮੰਜੂ ਸ਼ਰਮਾ (20) ਕਰਸੋਗ, ਬਿਊਟੀ ਸ਼ਰਮਾ (18) ਲਾਲਪਾਨੀ ਸ਼ਿਮਲਾ, ਅਨੀਤਾ (23) ਜੋਗਿੰਦਰ ਨਗਰ, ਸੁਚਿੱਤਰਾ (19) ਸ਼ਿਮਲਾ ਤੇ ਸ਼ੁਭਮ (21) ਪਠਾਨਕੋਟ ਸ਼ਾਮਲ ਹਨ। ਮੰਜੂ ਸ਼ਰਮਾ ਦੀਆਂ ਦੋਵੇਂ ਲੱਤਾਂ 'ਤੇ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਕਾਰਨ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਹੈਲਪਲਾਈਨ ਨੰਬਰ ਜਾਰੀ
ਹਾਦਸੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐੈੱਚ. ਆਰ. ਟੀ. ਸੀ. ਵਲੋਂ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਇਨ੍ਹਾਂ ਨੰਬਰਾਂ 'ਤੇ ਸੰਪਰਕ ਕਰ ਕੇ ਹਾਦਸੇ ਨਾਲ ਸਬੰਧਤ ਜਾਣਕਾਰੀ ਲਈ ਜਾ ਸਕਦੀ ਹੈ। ਸੂਬਾ ਟਰਾਂਸਪੋਰਟ ਮੰਤਰੀ ਜੀ. ਐੱਸ. ਬਾਲੀ ਨੇ ਇਹ ਨੰਬਰ ਸੋਸ਼ਲ ਮੀਡੀਆ 'ਚ ਵੀ ਜਾਰੀ ਕੀਤੇ ਹਨ, ਜਿਨ੍ਹਾਂ 'ਚ ਐੱਚ. ਆਰ. ਟੀ. ਸੀ. ਨਾਲ 01905-235538, 94180-01051 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਓਧਰ ਮੰਡੀ ਜ਼ਿਲਾ ਪ੍ਰਸ਼ਾਸਨ ਦੇ ਨੰਬਰ 01905-226201, 202, 203, 204 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਦੀ ਸਹਾਇਤਾ
ਜ਼ਮੀਨ ਖਿਸਕਣ ਕਾਰਨ ਹਾਦਸੇ ਦੀਆਂ ਸ਼ਿਕਾਰ ਹੋਈਆਂ ਟਰਾਂਸਪੋਰਟ ਨਿਗਮ ਦੀਆਂ ਦੋ ਬੱਸਾਂ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਸਰਕਾਰ 5-5 ਲੱਖ ਰੁਪਏ ਸਹਾਇਤਾ ਰਾਸ਼ੀ ਦੇਵੇਗੀ ਅਤੇ ਜ਼ਖਮੀਆਂ ਦੀ ਵੀ ਹਰ ਸੰਭਵ ਮਦਦ ਕਰੇਗੀ। ਇਹ ਗੱਲ ਐਤਵਾਰ ਨੂੰ ਜੋਗਿੰਦਰ ਨਗਰ ਨੇੜੇ ਹੋਏ ਹਾਦਸੇ ਵਾਲੀ ਥਾਂ 'ਤੇ ਜਾਣ ਤੋਂ ਪਹਿਲਾਂ ਦਿੱਲੀ ਤੋਂ ਗਗਲ ਏਅਰਪੋਰਟ ਪਹੁੰਚੇ ਟਰਾਂਸਪੋਰਟ ਮੰਤਰੀ ਜੀ. ਐੱਸ. ਬਾਲੀ ਨੇ ਕਹੀ।
ਮੁੱਖ ਮੰਤਰੀ ਮੌਕੇ 'ਤੇ ਪਹੁੰਚੇ
ਦੁਪਹਿਰ ਬਾਅਦ ਮੁੱਖ ਮੰਤਰੀ ਵੀਰਭੱਦਰ ਸਿੰਘ ਤੇ ਮੰਤਰੀ ਮੰਡਲ ਦੇ ਸਹਿਯੋਗੀ ਕੌਲ ਸਿੰਘ, ਅਨਿਲ ਸ਼ਰਮਾ ਤੇ ਜੀ. ਐੱਸ. ਬਾਲੀ ਵੀ ਪਹੁੰਚੇ, ਜਦਕਿ ਉਨ੍ਹਾਂ ਤੋਂ ਪਹਿਲਾਂ ਸੰਸਦ ਮੈਂਬਰ ਰਾਮ ਸਰੂਪ ਸ਼ਰਮਾ ਅਤੇ ਵਿਰੋਧੀ ਧਿਰ ਦੇ ਆਗੂ ਪ੍ਰੇਮ ਕੁਮਾਰ ਧੂਮਲ ਵੀ ਪਹੁੰਚੇ ਤੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ।
ਪ੍ਰਧਾਨ ਮੰਤਰੀ ਵਲੋਂ ਦੁੱਖ ਦਾ ਪ੍ਰਗਟਾਵਾ
ਪ੍ਰÎਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ਮੀਨ ਖਿਸਕਣ ਕਾਰਨ ਮਾਰੇ ਗਏ ਲੋਕਾਂ ਦੇ ਪਰਿਵਾਰਿਕ ਮੈਂਬਰਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ। ਪ੍ਰਧਾਨ ਮੰਤਰੀ ਨੇ ਆਪਣੇ ਸ਼ੋਕ ਸੰਦੇਸ਼ 'ਚ ਕਿਹਾ ਕਿ ਮੰਡੀ ਜ਼ਿਲੇ 'ਚ ਜ਼ਮੀਨ ਖਿਸਕਣ ਦੀ ਘਟਨਾ 'ਚ ਲੋਕਾਂ ਦੀਆਂ ਮੌਤਾਂ 'ਤੇ ਉਨ੍ਹਾਂ ਨੂੰ ਬਹੁਤ ਦੁੱਖ ਪੁੱਜਾ ਹੈ। ਉਨ੍ਹਾਂ ਨੇ ਪੀੜਤ ਪਰਿਵਾਰਾਂ ਪ੍ਰਤੀ ਦਿਲੀ ਹਮਦਰਦੀ ਪ੍ਰਗਟ ਕਰਦੇ ਹੋਏ ਜ਼ਖਮੀਆਂ ਦੇ ਜਲਦੀ ਤੰਦਰੁਸਤ ਹੋਣ ਦੀ ਕਾਮਨਾ ਕੀਤੀ ਹੈ।
ਉੱਤਰਾਖੰਡ : ਪਿਥੌਰਾਗੜ੍ਹ 'ਚ ਖਿਸਕੀ ਜ਼ਮੀਨ, ਤਿੰਨ ਲੋਕ ਮਲਬੇ 'ਚ ਦੱਬੇ
NEXT STORY