ਲਖਨਊ/ਪਟਨਾ - ਉਤਰ ਪ੍ਰਦੇਸ਼ ਤੇ ਬਿਹਾਰ ਵਿਚ ਲੋਕ ਸਭਾ ਦੀਆਂ 3 ਸੀਟਾਂ ਲਈ ਹੋਈਆਂ ਉਪ ਚੋਣਾਂ ਵਿਚ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। 2019 ਵਿਚ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਮਿਲੀ ਹਾਰ ਦੇ ਇਹ ਅਰਥ ਕੱਢੇ ਜਾ ਰਹੇ ਹਨ ਕਿ ਮੋਦੀ ਦਾ ਜਾਦੂ ਹੌਲੀ-ਹੌਲੀ ਫਿੱਕਾ ਪੈਣ ਲੱਗਾ ਹੈ।
ਯੂ. ਪੀ. ਦੇ ਗੋਰਖਪੁਰ ਅਤੇ ਫੂਲਪੁਰ ਦੀ ਉਪ ਚੋਣ ਵਿਚ ਸਮਾਜਵਾਦੀ ਪਾਰਟੀ ਦਾ ਝੰਡਾ ਲਹਿਰਾਇਆ ਹੈ। ਬਿਹਾਰ ਦੇ ਅਰਰੀਆ 'ਚ ਰਾਜਦ ਨੇ ਜਿੱਤ ਹਾਸਲ ਕੀਤੀ ਹੈ। ਫੂਲਪੁਰ ਤੋਂ ਸਪਾ ਦੇ ਨਾਗੇਂਦਰ ਸਿੰਘ ਪਟੇਲ ਨੇ ਭਾਜਪਾ ਦੇ ਕੌਸ਼ਲੇਂਦਰ ਸਿੰਘ ਪਟੇਲ ਨੂੰ ਹਰਾ ਕੇ ਵੱਡੀ ਜਿੱਤ ਦਰਜ ਕੀਤੀ। ਨਾਗੇਂਦਰ ਨੇ ਕੌਸ਼ਲੇਂਦਰ ਨੂੰ 59613 ਵੋਟਾਂ ਦੇ ਫਰਕ ਨਾਲ ਹਰਾਇਆ। ਗੋਰਖਪੁਰ ਵਿਖੇ ਵੀ ਸਾਈਕਲ ਚੱਲੀ। ਇਥੋਂ ਸਪਾ ਦੇ ਪ੍ਰਵੀਨ ਨਿਸ਼ਾਦ ਨੇ ਜਿੱਤ ਦਰਜ ਕੀਤੀ। ਨਿਸ਼ਾਦ ਨੇ ਭਾਜਪਾ ਦੇ ਉਪੇਂਦਰ ਨੂੰ ਹਰਾ ਕੇ ਯੋਗੀ ਦੇ ਅਸਤੀਫੇ ਕਾਰਨ ਖਾਲੀ ਹੋਈ ਸੀਟ 'ਤੇ ਕਬਜ਼ਾ ਕੀਤਾ।
ਅਸਲ ਵਿਚ 3 ਦਹਾਕਿਆਂ ਪਿੱਛੋਂ ਗੋ ਰਕਸ਼ਨਾਥ ਪੀਠ ਦਾ ਕੋਈ ਵੀ ਉਮੀਦਵਾਰ ਮੈਦਾਨ ਵਿਚ ਨਹੀਂ ਸੀ। ਭਾਜਪਾ ਨੇ ਇਥੇ ਉਪੇਂਦਰ ਦੱਤ ਸ਼ੁਕਲਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਪਰ ਸਪਾ-ਬਸਪਾ ਅਤੇ ਖੇਤਰੀ ਪਾਰਟੀਆਂ ਦੇ ਗਠਜੋੜ ਕਾਰਨ ਭਾਜਪਾ ਦਾ ਮਜ਼ਬੂਤ ਕਿਲਾ ਢਹਿ ਗਿਆ। ਗੋਰਖਪੁਰ ਅਤੇ ਫੂਲਪੁਰ ਦੋਵਾਂ ਥਾਵਾਂ 'ਤੇ ਕਾਂਗਰਸੀ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ।
ਅਰਰੀਆ ਲੋਕ ਸਭਾ ਹਲਕੇ ਤੋਂ ਰਾਜਦ ਦੇ ਸਰਫਰਾਜ਼ ਆਲਮ ਨੇ ਭਾਜਪਾ ਦੇ ਉਮੀਦਵਾਰ ਪ੍ਰਦੀਪ ਕੁਮਾਰ ਸਿੰਘ ਨੂੰ 61788 ਵੋਟਾਂ ਨਾਲ ਹਰਾਇਆ। ਇਥੇ 11 ਮਾਰਚ ਨੂੰ ਵੋਟਾਂ ਪਈਆਂ ਸਨ।
ਜਹਾਨਾਬਾਦ ਅਸੈਂਬਲੀ ਚੋਣ 'ਚ ਰਾਜਦ ਤੇ ਭਬੂਆ ਤੋਂ ਭਾਜਪਾ ਜਿੱਤੀ
ਬਿਹਾਰ ਦੇ ਜਹਾਨਾਬਾਦ ਅਤੇ ਭਬੂਆ ਅਸੈਂਬਲੀ ਸੀਟਾਂ ਲਈ ਹੋਈਆਂ ਉਪ ਚੋਣਾਂ ਵਿਚ ਜਹਾਨਾਬਾਦ ਤੋਂ ਰਾਜਦ ਦੇ ਉਮੀਦਵਾਰ ਸੁਦਯ ਯਾਦਵ ਨੇ ਲਗਭਗ 35000 ਵੋਟਾਂ ਦੇ ਫਰਕ ਨਾਲ ਚੋਣ ਜਿੱਤੀ ਹੈ। ਭਬੂਆ ਤੋਂ ਭਾਜਪਾ ਦੇ ਉਮੀਦਵਾਰ ਰਿੰਕੀ ਪਾਂਡੇ ਜੇਤੂ ਕਰਾਰ ਦਿੱਤੇ ਗਏ ਹਨ।
ਵਧੇਰੇ ਸਵੈ-ਭਰੋਸੇ ਕਾਰਨ ਹਾਰੇ : ਯੋਗੀ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਹੈ ਕਿ ਅਸੀਂ ਵਧੇਰੇ ਸਵੈ-ਭਰੋਸੇ ਕਾਰਨ ਹਾਰੇ ਹਾਂ। ਅਸੀਂ ਸਪਾ-ਬਸਪਾ ਦੇ ਗਠਜੋੜ ਨੂੰ ਸਮਝਣ ਵਿਚ ਫੇਲ ਰਹੇ। ਬੇਮੇਲ ਸਿਆਸੀ ਸੌਦੇਬਾਜ਼ੀ ਦੇ ਯਤਨਾਂ ਨੂੰ ਲੋਕ ਸਮਝਦੇ ਹਨ। ਦੋਵੇਂ ਚੋਣਾਂ ਸਾਡੇ ਲਈ ਇਕ ਸਬਕ ਹਨ।
ਅਖਿਲੇਸ਼ ਬੋਲੇ
ਸਪਾ ਮੁਖੀ ਅਖਿਲੇਸ਼ ਯਾਦਵ ਨੇ ਗੋਰਖਪੁਰ ਅਤੇ ਫੂਲਪੁਰ ਉਪ ਚੋਣਾਂ ਦੇ ਨਤੀਜਿਆਂ ਨੂੰ ਕੇਂਦਰ ਤੇ ਉੱਤਰ ਪ੍ਰਦੇਸ਼ ਦੀਆਂ ਭਾਜਪਾ ਸਰਕਾਰਾਂ ਵਿਰੁੱਧ ਲੋਕ ਫਤਵਾ ਕਰਾਰ ਦਿੱਤਾ ਹੈ। ਇਸ ਲਈ ਉਨ੍ਹਾਂ ਬਸਪਾ ਨੇਤਾ ਮਾਇਆਵਤੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਹੈ।
ਰਾਹੁਲ ਦਾ ਨਿਸ਼ਾਨਾ
ਰਾਹੁਲ ਗਾਂਧੀ ਨੇ ਟਵੀਟ ਕਰ ਕੇ ਲਿਖਿਆ ਹੈ ਕਿ ਨਤੀਜਿਆਂ ਤੋਂ ਸਪੱਸ਼ਟ ਹੈ ਕਿ ਲੋਕਾਂ ਅੰਦਰ ਭਾਜਪਾ ਪ੍ਰਤੀ ਗੁੱਸਾ ਹੈ। ਇਸੇ ਲਈ ਗੈਰ-ਭਾਜਪਾ ਉਮੀਦਵਾਰਾਂ ਨੂੰ ਵੋਟ ਪਾਈ ਗਈ ਹੈ। ਕਾਂਗਰਸ ਉੱਤਰ ਪ੍ਰਦੇਸ਼ ਵਿਚ ਨਵ-ਨਿਰਮਾਣ ਲਈ ਤਿਆਰ ਹੈ ਪਰ ਇਹ ਅਜੇ ਰਾਤੋ-ਰਾਤ ਨਹੀਂ ਹੋਵੇਗਾ।
ਸ਼ਿਵ ਸੈਨਾ ਦੀ ਸਲਾਹ
ਸ਼ਿਵ ਸੈਨਾ ਦੇ ਬੁਲਾਰੇ ਸੰਜੇ ਰਾਊਤ ਨੇ ਫੂਲਪੁਰ ਤੇ ਗੋਰਖਪੁਰ ਦੀਆਂ ਉਪ ਚੋਣਾਂ ਵਿਚ ਭਾਜਪਾ ਦੇ ਪਛੜਣ 'ਤੇ ਕਿਹਾ ਹੈ ਕਿ ਭਗਵਾਨ ਰਾਮ ਭਾਜਪਾ ਵਿਰੁੱਧ ਹੋ ਗਏ ਹਨ, ਜਿਸ ਕਾਰਨ ਪਾਰਟੀ ਹਾਰੀ ਹੈ। ਭਾਜਪਾ ਨੂੰ ਇਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ।
ਹਾਲੀਵੁੱਡ ਅਦਾਕਾਰ ਨੇ ਕਿਹਾ, 'ਪਾਨ ਮਸਾਲਾ ਵਾਲਿਆਂ ਨੇ ਮੈਨੂੰ ਪਾਗਲ ਬਣਾ ਦਿੱਤਾ'
NEXT STORY