ਨਵੀਂ ਦਿੱਲੀ— ਲੋਕ ਸਭਾ ਚੋਣਾਂ ਦਾ ਅੱਜ 6ਵਾਂ ਗੇੜ ਹੈ। 7 ਰਾਜਾਂ 'ਚ 59 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਇਸ 'ਚ ਦਿੱਲੀ 'ਚ ਸਭ 7 ਸੀਟਾਂ 'ਤੇ ਵੋਟਿੰਗ ਹੈ। ਦਿੱਲੀ 'ਚ ਭਾਜਪਾ, ਆਮ ਆਦਮੀ ਪਾਰਟੀ (ਆਪ) ਤੇ ਕਾਂਗਰਸ 'ਚ ਤਿਕੌਣਾ ਮੁਕਾਬਲਾ ਹੈ। 2014 'ਚ ਦਿੱਲੀ ਦੀਆਂ ਸਭ 7 ਲੋਕ ਸਭਾ ਸੀਟਾਂ 'ਤੇ ਭਾਜਪਾ ਨੇ ਜਿੱਤ ਹਾਸਲ ਕੀਤੀ ਸੀ। ਇਸ ਵਾਰ ਫਿਰ ਤਿੰਨ ਦਲਾਂ 'ਚ ਮੁਕਾਬਲਾ ਹੈ। 23 ਮਈ ਨੂੰ ਪ੍ਰਕਾਸ਼ਤ ਕੀਤੀ ਗਈ ਵੋਟਿੰਗ ਸੂਚੀ ਮੁਤਾਬਕ, ਦਿੱਲੀ 'ਚ 1.43 ਕਰੋੜ ਵੋਟਰ ਹਨ। ਜਿਨ੍ਹਾਂ 'ਚ 78,73,022 ਪੁਰਸ਼ ਤੇ 64,42,762 ਮਹਿਲਾਵਾਂ ਤੇ 669 ਥਰਡ ਜੇਂਡਰ ਹਨ।
ਇਹ ਹਨ ਆਹੋਮ-ਸਾਹਮਣੇ

ਦਿੱਲੀ 'ਚ ਸਭ ਤੋਂ ਹੌਟ ਸੀਟ ਉੱਤਰੀ-ਪੂਰਬੀ ਦਿੱਲੀ ਤੋਂ ਭਾਜਪਾ ਵੱਲੋਂ ਮਨੋਜ ਤਿਵਾੜੀ, ਕਾਂਗਰਸ ਵੱਲੋਂ ਸ਼ੀਲਾ ਦਿਕਸ਼ਤ ਤੇ 'ਆਪ' ਵੱਲੋਂ ਦਿਲੀਪ ਪਾਂਡੇ ਮੈਦਾਨ 'ਚ ਹਨ। 2014 'ਚ ਭਾਜਪਾ ਦੇ ਉਮੀਦਵਾਰ ਮਨੋਜ ਤਿਵਾੜੀ ਇਹ ਸੀਟ ਜਿੱਤੇ ਸਨ।
ਉੱਥੇ ਹੀ, ਚਾਂਦਨੀ ਚੌਕ 'ਚ ਭਾਜਪਾ ਦੇ ਡਾ. ਹਰਸ਼ਵਰਧਨ, ਕਾਂਗਰਸ ਦੇ ਜੇ. ਪੀ. ਅਗਰਵਾਲ ਤੇ ਆਮ ਆਦਮੀ ਪਾਰਟੀ ਦੇ ਪੰਕਜ ਗੁਪਤਾ ਮੈਦਾਨ 'ਚ ਹਨ। ਪਿਛਲੀ ਵਾਰ ਇਹ ਸੀਟ ਭਾਜਪਾ ਦੀ ਝੋਲੀ ਪਈ ਸੀ। ਡਾ. ਹਰਸ਼ਵਰਧਨ ਨੇ ਇਹ ਸੀਟ ਜਿੱਤੀ ਸੀ।
ਹੌਟ ਸੀਟ ਨਵੀਂ ਦਿੱਲੀ ਸੰਸਦੀ ਸੀਟ ਤੋਂ ਭਾਜਪਾ ਦੀ ਮੀਨਾਕਸ਼ੀ ਲੇਖੀ, ਕਾਂਗਰਸ ਵੱਲੋਂ ਅਜੈ ਮਾਕਨ ਤੇ 'ਆਪ' ਵੱਲੋਂ ਬ੍ਰਿਜੇਸ਼ ਗੋਇਲ ਚੋਣ ਲੜ ਰਹੇ ਹਨ। 2014 'ਚ ਮੀਨਾਕਸ਼ੀ ਲੇਖੀ ਨੇ ਇਹ ਸੀਟ ਜਿੱਤੀ ਸੀ।
ਪੂਰਬੀ ਦਿੱਲੀ ਇਸ ਵਾਰ ਕਾਫੀ ਚਰਚਾ 'ਚ ਹੈ। ਇੱਥੋਂ ਭਾਜਪਾ ਨੇ ਗੌਤਮ ਗੰਭੀਰ ਨੂੰ ਮੈਦਾਨ 'ਚ ਉਤਾਰਿਆ ਹੈ। ਪਿਛਲੀ ਵਾਰ ਭਾਜਪਾ ਵੱਲੋਂ ਮਹੇਸ਼ ਗਿਰੀ ਨੇ ਇਹ ਸੀਟ ਜਿੱਤੀ ਸੀ। ਕਾਂਗਰਸ ਨੇ ਇਸ ਸੀਟ ਤੋਂ ਅਰਵਿੰਦਰ ਸਿੰਘ ਲਵਲੀ ਨੂੰ ਖੜ੍ਹਾ ਕੀਤਾ ਹੈ, ਜਦੋਂ ਕਿ 'ਆਪ' ਵੱਲੋਂ ਆਤਿਸ਼ੀ ਮਾਰਲੇਨਾ ਮੈਦਾਨ 'ਚ ਹਨ।

ਉੱਤਰੀ-ਪੱਛਮੀ ਦਿੱਲੀ ਵੀ ਚਰਚਾ 'ਚ ਹੈ। ਇਸ ਵਾਰ ਹੰਸਰਾਜ ਹੰਸ ਇੱਥੋਂ ਚੋਣ ਲੜ ਰਹੇ ਹਨ। ਪਿਛਲੀ ਵਾਰ ਭਾਜਪਾ ਦੀ ਟਿਕਟ 'ਤੇ ਉਦਿਤ ਰਾਜ ਨੇ ਇਹ ਸੀਟ ਜਿੱਤੀ ਸੀ। ਹੰਸਰਾਜ ਦਾ ਮੁਕਾਬਲਾ ਇਸ ਸੀਟ 'ਤੇ ਕਾਂਗਰਸ ਦੇ ਰਾਜੇਸ਼ ਲਿਲੋਠੀਆ ਤੇ 'ਆਪ' ਦੇ ਗੁਗਨ ਸਿੰਘ ਨਾਲ ਹੋਵੇਗਾ।
ਦੱਖਣੀ ਦਿੱਲੀ ਵੀ ਹੌਟ ਸੀਟ ਬਣ ਗਈ ਹੈ। ਕਾਂਗਰਸ ਨੇ ਇੱਥੋਂ ਬਾਕਸਰ ਵਿਜਿੰਦਰ ਸਿੰਘ ਨੂੰ ਖੜ੍ਹੇ ਕੀਤਾ ਹੈ। ਭਾਜਪਾ ਨੇ ਰਮੇਸ਼ ਵਿਧੂੜੀ ਨੂੰ ਉਤਾਰਿਆ ਹੈ ਤੇ ਆਮ ਆਦਮੀ ਪਾਰਟੀ ਨੇ ਰਾਘਵ ਚੱਢਾ ਨੂੰ ਟਿਕਟ ਦਿੱਤੀ ਹੈ। 2014 'ਚ ਲੋਕ ਸਭਾ ਚੋਣਾਂ 'ਚ ਰਮੇਸ਼ ਵਿਧੂੜੀ ਨੇ ਇਹ ਸੀਟ ਜਿੱਤੀ ਸੀ।
ਉੱਥੇ ਹੀ, ਪੱਛਮੀ ਦਿੱਲੀ ਤੋਂ ਭਾਜਪਾ ਦੇ ਪ੍ਰਵੇਸ਼ ਵਰਮਾ, ਕਾਂਗਰਸ ਦੇ ਮਹਾਬਲ ਮਿਸ਼ਰਾ ਤੇ 'ਆਪ' ਵੱਲੋਂ ਬਲਬੀਰ ਸਿੰਘ ਜਾਖੜ ਚੋਣ ਮੈਦਾਨ 'ਚ ਹਨ। ਪੱਛਮੀ ਦਿੱਲੀ ਤੋਂ ਪਿਛਲੀ ਵਾਰ ਭਾਜਪਾ ਦੀ ਟਿਕਟ 'ਤੇ ਪ੍ਰਵੇਸ਼ ਨੇ ਚੋਣ ਜਿੱਤੀ ਸੀ।
ਜੰਮੂ ਕਸ਼ਮੀਰ : ਸ਼ੋਪੀਆਂ ਜ਼ਿਲੇ 'ਚ ਫੌਜ ਨੇ 2 ਅੱਤਵਾਦੀ ਕੀਤੇ ਢੇਰ
NEXT STORY