ਨਵੀਂ ਦਿੱਲ਼ੀ-ਪੂਰਾ ਦੇਸ਼ ਇਨ੍ਹਾਂ ਦਿਨਾਂ ਦੌਰਾਨ ਕੋਰੋਨਾਵਾਇਰਸ ਖਿਲਾਫ ਜੰਗ ਲੜ੍ਹ ਰਿਹਾ ਹੈ। ਇਸ ਦੌਰਾਨ ਦੂਰਦਰਸ਼ਨ ਦੇ ਰਾਸ਼ਟਰੀ ਚੈਨਲ ਨੇ 'ਰਾਮ-ਬਾਣ' ਚਲਾ ਦਿੱਤਾ ਹੈ। ਦਰਅਸਲ 33 ਸਾਲਾਂ ਬਾਅਦ 80 ਦੇ ਦਹਾਕੇ ਦੇ ਸਭ ਤੋਂ ਮਸ਼ਹੂਰ ਸੀਰੀਅਲ 'ਰਾਮਾਇਣ' ਦੀ ਟੀ.ਵੀ 'ਤੇ ਵਾਪਸੀ ਹੋ ਰਹੀ ਹੈ, ਜਿਸ ਦਾ ਪ੍ਰਸਾਰਣ 28 ਮਾਰਚ ਭਾਵ ਸ਼ਨੀਵਾਰ (ਕੱਲ) ਸਵੇਰੇ 9 ਵਜੇ ਹੋਵੇਗਾ। ਰਮਾਇਣ ਦਾ ਪਹਿਲਾ ਐਪੀਸੋਡ ਸਵੇਰੇ 9 ਵਜੇ ਤੋਂ 10 ਵਜੇ ਤੱਕ ਅਤੇ ਦੂਜਾ ਰਾਤ 9 ਵਜੇ ਤੋਂ 10 ਵਜੇ ਤੱਕ ਪ੍ਰਸਾਰਿਤ ਕੀਤਾ ਜਾਵੇਗਾ।
ਸੂਚਨਾ ਅਤੇ ਪ੍ਰਸਾਰਣ ਮੰਤਰੀ ਜਾਵੇਡਕਰ ਨੇ ਇਸ ਦੀ ਜਾਣਕਾਰੀ ਦਿੱਤੀ ਅਤੇ ਉੱਥੇ ਹੀ ਦੂਰਦਰਸ਼ਨ ਚੈਨਲ ਨੇ ਵੀ ਟਵੀਟ ਕਰਕੇ ਇਸ ਸਬੰਧੀ ਦੱਸਿਆ। ਇੰਨਾ ਹੀ ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਮਨ ਕੀ ਬਾਤ' ਟਵਿੱਟਰ ਅਕਾਊਂਟ ਤੋਂ ਵੀ ਇਸ ਸਬੰਧੀ ਜਾਣਕਾਰੀ ਨੂੰ ਸ਼ੇਅਰ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਲਿਖਿਆ ਗਿਆ, 'ਹੁਣ ਰਮਾਇਣ ਦੇ ਸੰਗ, ਕਰੋਨਾ ਨਾਲ ਜੰਗ।'
ਦੱਸਣਯੋਗ ਹੈ ਕਿ ਲਾਕਡਾਊਨ ਦੇ ਕਾਰਨ ਲੋਕ 21 ਦਿਨਾਂ ਲਈ ਘਰ ਹਨ। ਇਸ ਲਈ ਲੋਕਾਂ ਲਈ ਦੂਰਦਰਸ਼ਨ ਦੀ ਮੰਗ ਨੂੰ ਦੇਖਦੇ ਹੋਏ ਰਮਾਇਣ ਨੂੰ ਫਿਰ ਤੋਂ ਚਲਾਉਣ ਲਈ ਸੋਚਿਆ ਹੈ। ਇੰਨਾ ਹੀ ਨਹੀਂ ਸਰਕਾਰ ਬੀ.ਆਰ.ਚੋਪੜਾ ਦੇ ਮਸ਼ਹੂਰ ਸੀਰੀਅਲ 'ਮਹਾਭਾਰਤ' ਨੂੰ ਫਿਰ ਤੋਂ ਪ੍ਰਸਾਰਿਤ ਕਰਨ 'ਤੇ ਸੋਚ ਵਿਚਾਰ ਕਰ ਰਹੀ ਹੈ। ਰਾਮਾਨੰਦ ਸਾਗਰ 'ਰਮਾਇਣ' ਦਾ ਪ੍ਰਸਾਰਣ ਸਾਲ 1987 'ਚ ਪਹਿਲੀ ਵਾਰ ਅਤੇ ਬੀ.ਆਰ. ਚੋਪੜਾ ਦੀ 'ਮਹਾਭਾਰਤ' ਦਾ ਪ੍ਰਸਾਰਣ ਸਾਲ 1988 'ਚ ਪਹਿਲੀ ਵਾਰ ਦੂਰਦਰਸ਼ਨ 'ਤੇ ਹੋਇਆ ਸੀ।
80 ਦੇ ਦਹਾਕੇ 'ਚ ਜਦੋਂ ਰਮਾਇਣ ਆਇਆ ਕਰਦਾ ਸੀ ਤਾਂ ਇਸ ਦੇ ਪ੍ਰਸਾਰਣ ਦੇ ਸਮੇਂ ਸਾਰੀਆਂ ਸੜਕਾਂ ਪੂਰੀ ਤਰ੍ਹਾਂ ਨਾਲ ਖਾਲੀ ਹੋ ਜਾਂਦੀਆਂ ਸਨ। ਸੜਕਾਂ ਸੁੰਨਸਾਨ ਹੋ ਜਾਂਦੀਆਂ ਸੀ। ਉਸ ਸਮੇਂ ਦੇ ਦੌਰ 'ਚ ਕੁਝ ਹੀ ਲੋਕਾਂ ਦੇ ਘਰਾਂ 'ਚ ਟੈਲੀਵਿਜ਼ਨ ਹੋਇਆ ਕਰਦੇ ਸੀ ਅਤੇ ਜਿਨ੍ਹਾਂ ਦੇ ਘਰਾਂ 'ਚ ਟੀ.ਵੀ ਨਹੀਂ ਹੁੰਦਾ ਸੀ ਉਹ ਕਿਸੇ ਗੁਆਂਢੀ ਦੇ ਘਰ 'ਚ ਜਾਇਆ ਕਰਦਾ ਸੀ। ਰਮਾਇਣ ਦੇ ਉਹ ਪਲ ਇਕ ਵਾਰ ਫਿਰ ਤੋ ਜੀਵਤ ਹੋਣ ਵਾਲੇ ਹਨ।
ਇਹ ਵੀ ਦੱਸਿਆ ਜਾਂਦਾ ਹੈ ਕਿ ਰਮਾਇਣ 'ਚ ਅਰੁਣ ਗੋਵਿਲ (ਰਾਮ ਦੀ ਭੂਮਿਕਾ) ਅਤੇ ਦੀਪਿਕਾ (ਸੀਤਾ ਦੀ ਭੂਮਿਕਾ) 'ਚ ਸੀ। ਇਨ੍ਹਾਂ ਨੇ ਆਪਣੇ ਕਿਰਦਾਰਾਂ ਨੂੰ ਇੰਨੇ ਸੁਚੱਜੇ ਢੰਗ ਨਾਲ ਨਿਭਾਇਆ ਕਿ ਲੋਕ ਇਨ੍ਹਾਂ ਨੂੰ ਭਗਵਾਨ ਦੀ ਤਰ੍ਹਾਂ ਪੂਜਦੇ ਸਨ।
ਦਿੱਲੀ 'ਚ ਨਹੀਂ ਰਹੇਗਾ ਕੋਈ ਭੁੱਖਾ, ਰੋਜ਼ਾਨਾ 2 ਲੱਖ ਲੋਕਾਂ ਦਾ ਭਰਾਂਗੇ ਢਿੱਡ : ਕੇਜ਼ਰੀਵਾਲ
NEXT STORY