ਪਾਲਘਰ (ਭਾਸ਼ਾ)- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਇਕ ਪਿੰਡ 'ਚ ਇਕ ਗਰਭਵਤੀ ਆਦਿਵਾਸੀ ਔਰਤ ਨੂੰ ਚੰਗੀ ਸੜਕ ਨਾ ਹੋਣ ਕਾਰਨ ‘ਢੋਲੀ’(ਬਾਂਸ ਜਾਂ ਲੱਕੜ ਦੇ ਦੋਵੇਂ ਪਾਸੇ ਕੱਪੜੇ ਨੂੰ ਬੰਨ੍ਹ ਕੇ ਬਣਾਏ ਗਏ ਸਟ੍ਰੈਚਰ) 'ਤੇ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਰਸਤੇ 'ਚ ਹੀ ਉਸ ਨੇ ਸੰਘਣੇ ਜੰਗਲ ਵਿਚ ਇਕ ਬੱਚੇ ਨੂੰ ਜਨਮ ਦਿੱਤਾ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਮੈਡੀਕਲ ਅਧਿਕਾਰੀ ਨੇ ਕਿਹਾ ਕਿ ਜਵਾਹਰ ਤਾਲੁਕਾ ਦੇ ਈਨਾ ਪਿੰਡ ਦੀ ਇਕ 21 ਸਾਲਾ ਔਰਤ ਨੂੰ ਸ਼ਨੀਵਾਰ-ਐਤਵਾਰ ਦੀ ਦਰਮਿਆਨੀ ਰਾਤ ਨੂੰ ਦਰਦ ਸ਼ੁਰੂ ਹੋਈ। ਨਜ਼ਦੀਕੀ ਹਸਪਤਾਲ ਤੱਕ ਪਹੁੰਚਣ ਲਈ ਕੋਈ ਸੜਕ ਸੰਪਰਕ ਨਾ ਹੋਣ ਕਾਰਨ ਪਿੰਡ ਵਾਸੀ ਉਸ ਨੂੰ ਸਵੇਰੇ 3 ਵਜੇ ਦੇ ਕਰੀਬ ਇਕ 'ਢੋਲੀ' ਵਿਚ ਸੰਘਣੇ ਜੰਗਲ 'ਚੋਂ ਲੈ ਗਏ ਅਤੇ 5 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਚ ਕੁਝ ਲੋਕ ਜੰਗਲ ਦੇ ਰਸਤੇ ਔਰਤ ਨੂੰ ਲਿਜਾਂਦੇ ਹੋਏ ਦਿੱਸ ਰਹੇ ਹਨ।
ਮੈਡੀਕਲ ਅਧਿਕਾਰੀ ਨੇ ਦੱਸਿਆ ਕਿ ਔਰਤ ਨੇ ਵਿਚ ਰਸਤੇ 'ਚ ਹੀ ਜੰਗਲ 'ਚ ਇਕ ਬੱਚੇ ਨੂੰ ਜਨਮ ਦਿੱਤਾ। ਐਤਵਾਰ ਤੜਕੇ ਮਾਂ ਅਤੇ ਬੱਚੇ ਨੂੰ ਜਵਾਹਰ ਪਤੰਗਸ਼ਾਹ ਉਪ ਜ਼ਿਲ੍ਹਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਰਾਮਦਾਸ ਮਰਾੜ ਨੇ ਦੱਸਿਆ ਕਿ ਦੋਵੇਂ ਹੁਣ ਠੀਕ ਹਨ। ਪਿੰਡ ਇਕ ਦੂਰ-ਦੁਰਾਡੇ ਖੇਤਰ ਵਿਚ ਸਥਿਤ ਹੈ ਅਤੇ ਉੱਥੇ ਸਹੀ ਸੜਕ ਸੰਪਰਕ ਨਹੀਂ ਹੈ। ਪਿਛਲੇ ਮਹੀਨੇ ਵੀ ਇਕ ਅਜਿਹੀ ਘਟਨਾ ਵਾਪਰੀ ਸੀ ਜਿਸ ਵਿਚ ਇਕ 26 ਸਾਲਾ ਗਰਭਵਤੀ ਆਦਿਵਾਸੀ ਔਰਤ ਨੂੰ ਭਾਰੀ ਮੀਂਹ ਦੇ ਦੌਰਾਨ ਇੱਥੋਂ ਦੇ ਮੋਖੜਾ ਤਾਲੁਕਾ ਦੇ ਇਕ ਪਿੰਡ ਤੋਂ ਇਕ ਅਸਥਾਈ ਸਟ੍ਰੈਚਰ ਵਿਚ ਲਿਜਾਇਆ ਗਿਆ ਸੀ। ਸੜਕ ਨਾ ਹੋਣ ਕਾਰਨ ਹਸਪਤਾਲ ਪਹੁੰਚਣ ਵਿਚ ਦੇਰੀ ਹੋਈ ਜਿਸ ਕਾਰਨ ਉਸ ਦੇ ਜੁੜਵਾਂ ਬੱਚਿਆਂ ਦੀ ਮੌਤ ਹੋ ਗਈ। ਪਾਲਘਰ ਜ਼ਿਲ੍ਹਾ ਪ੍ਰੀਸ਼ਦ ਦੀ ਪ੍ਰਧਾਨ ਵੈਦੇਹੀ ਵਧਾਨ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਦੂਰ-ਦੁਰਾਡੇ ਦੇ ਪਿੰਡਾਂ 'ਚ ਸਹੀ ਸੜਕ ਸੰਪਰਕ ਨਹੀਂ ਹੈ। ਉਨ੍ਹਾਂ ਸਿਹਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਇਸ ਸਬੰਧੀ ਕਦਮ ਚੁੱਕਣ ਅਤੇ ਭਵਿੱਖ ਵਿਚ ਅਜਿਹੀ ਘਟਨਾ ਨਾ ਹੋਵੇ ਇਸ ਦੇ ਪੁਖਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ।
ਬਦਲਾਅ ਦੀ ਕਹਾਣੀ; ਨਕਸਲੀ ਨੇ ਜਿਸ ਸਕੂਲ ਨੂੰ ਉਡਾਇਆ, ਉੱਥੇ ਉਸ ਦੀ ਨੂੰਹ ਸੰਵਾਰ ਰਹੀ ਬੱਚਿਆਂ ਦਾ ਭਵਿੱਖ
NEXT STORY